ਬੇਦੀ ਵੱਲੋਂ ਕੈਨੇਡਾ ਦੇ ਐਮਪੀਪੀ ਦੀਪਕ ਆਨੰਦ ਨਾਲ ਮੁਲਾਕਾਤ
ਐਸਏਐਸ ਨਗਰ (ਮੁਹਾਲੀ): ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਮੁਹਾਲੀ ਦੇ ਵਸਨੀਕ ਅਤੇ ਮਿਸੀਸਾਗਾ ਮਾਲਟਨ (ਕੈਨੇਡਾ) ਤੋਂ ਐਮਪੀਪੀ ਦੀਪਕ ਆਨੰਦ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੇ ਨੌਜਵਾਨਾਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕੀਤੀ। ਸ੍ਰੀ ਆਨੰਦ ਨੇ ਆਪਣੇ ਦਫ਼ਤਰ ਵਿੱਚ ਪਹੁੰਚਣ ’ਤੇ ਡਿਪਟੀ ਮੇਅਰ ਕੁਲਜੀਤ ਬੇਦੀ ਦਾ ਸਵਾਗਤ ਕੀਤਾ। ਸ੍ਰੀ ਬੇਦੀ ਨੇ ਦੱਸਿਆ ਕਿ ਉਨ੍ਹਾਂ ਨੇ ਦੀਪਕ ਆਨੰਦ ਨਾਲ ਪੰਜਾਬ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਆ ਰਹੀਆਂ ਦਿੱਕਤਾਂ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕੈਨੇਡਾ ਦੇ ਨਵੇਂ ਨਿਯਮਾਂ ਕਾਰਨ ਜਿੱਥੇ ਪੰਜਾਬ ਦੇ ਨੌਜਵਾਨਾਂ ਦਾ ਕੈਨੇਡਾ ਵੱਲ ਰੁਝਾਨ ਘਟਿਆ ਹੈ, ਉੱਥੇ ਕੈਨੇਡਾ ਵਿੱਚ ਪਹੁੰਚ ਚੁੱਕੇ ਨੌਜਵਾਨ ਵਿੱਤੀ ਸੰਕਟ ਵਿੱਚ ਫਸਦੇ ਜਾ ਰਹੇ ਹਨ। ਉਨ੍ਹਾਂ ਨੇ ਸ੍ਰੀ ਆਨੰਦ ਤੋਂ ਮੰਗ ਕੀਤੀ ਕਿ ਉਹ ਨਿੱਜੀ ਦਖ਼ਲ ਦੇ ਕੇ ਕੈਨੇਡਾ ਸਰਕਾਰ ਕੋਲ ਪੰਜਾਬ ਦੇ ਨੌਜਵਾਨਾਂ ਦੇ ਹੱਕ ਵਿੱਚ ਆਵਾਜ਼ ਚੁੱਕਣ। ਸ੍ਰੀ ਆਨੰਦ ਨੇ ਡਿਪਟੀ ਮੇਅਰ ਕੁਲਜੀਤ ਬੇਦੀ ਨੂੰ ਭਰੋਸਾ ਦਿੱਤਾ ਕਿ ਉਹ ਪੰਜਾਬੀਆਂ ਦੀਆਂ ਭਾਵਨਾਵਾਂ ਬਾਰੇ ਜਲਦੀ ਹੀ ਕੈਨੇਡਾ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ। -ਪੱਤਰ ਪ੍ਰੇਰਕ