ਹਾਸ਼ਮ ਯਾਰ ਸੱਜਣ ਦੇ ਕਾਰਨ ਅਸਾਂ ਪੀਤਾ ਜ਼ਹਿਰ ਪਿਆਲਾ...
ਹਰਮਨਪ੍ਰੀਤ ਸਿੰਘ
ਸੱਯਦ ਮੁਹੰਮਦ ਹਾਸ਼ਮ ਸ਼ਾਹ ਨੂੰ ਜ਼ਿਆਦਾਤਰ ਹਾਸ਼ਮ ਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਹਾਸ਼ਮ ਸ਼ਾਹ ਦਾ ਜਨਮ 18ਵੀਂ ਸਦੀ ’ਚ ਹੋਇਆ। ਉਸ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਮਸ਼ਹੂਰ ਪਿੰਡ ਜਗਦੇਉ ਕਲਾਂ ਵਿਖੇ ਹੋਇਆ। ਉਹ ਅਰਬ ਦੇ ਕੁਰੈਸ਼ ਕਬੀਲੇ ਨਾਲ ਸਬੰਧਿਤ ਸੀ। ਹਾਸ਼ਮ ਸ਼ਾਹ ਦੇ ਪਿਤਾ ਦਾ ਨਾਂ ਹਾਜੀ ਮੁਹੰਮਦ ਸ਼ਰੀਫ ਸੀ ਅਤੇ ਉਹ ਉਸ ਸਮੇਂ ਦੇ ਹਜ਼ਰਤ ਬਖ਼ਤ ਜਮਾਲ ਨੌਸ਼ਾਹੀ ਕਾਦਰੀ ਦੇ ਮੁਰੀਦ ਸਨ। ਹਾਸ਼ਮ ਸ਼ਾਹ ਨੇ ਆਪਣੇ ਪਿਤਾ ਹਾਜੀ ਮੁਹੰਮਦ ਸ਼ਰੀਫ ਨੂੰ ਹੀ ਆਪਣਾ ਮੁਰਸ਼ਦ ਮੰਨਿਆ ਅਤੇ ਮੁੱਢਲੀ ਸਿੱਖਿਆ ਵਿਦਵਾਨ ਪਿਤਾ ਦੀ ਸਰਪ੍ਰਸਤੀ ਹੇਠ ਬਚਪਨ ਵਿੱਚ ਹੀ ਸ਼ੁਰੂ ਹੋ ਗਈ ਸੀ। ਹਾਸ਼ਮ ਸ਼ਾਹ ਨੇ ਅਰਬੀ, ਫ਼;ਰਸੀ, ਹਿਕਸਤ, ਸੰਸਕ੍ਰਿਤ ਦੇ ਨਾਲ ਨਾਲ ਪੰਜਾਬੀ ਵਿੱਚ ਵੀ ਮੁਹਾਰਤ ਹਾਸਿਲ ਕੀਤੀ। ਉਹ ਵੈਦਗੀ ਅਤੇ ਜੋਤਿਸ਼ ਦਾ ਗਿਆਨ ਵੀ ਰੱਖਦਾ ਸੀ। ਹਾਸ਼ਮ ਸ਼ਾਹ ਨੇ ਕਾਵਿ ਰਚਨਾ ਵਿਚ ਕਿੱਸੇ ਸੱਸੀ ਪੁੰਨੂੰ, ਸੋਹਣੀ ਮਹੀਂਵਾਲ, ਸ਼ੀਰੀਂ ਫ਼ਰਹਾਦ, ਹੀਰ-ਰਾਂਝਾ ਅਤੇ ਦੋਹੜੇ, ਸੀਹਰਫ਼ੀਆਂ, ਡਿਓਢਾਂ ਆਦਿ ਦੀ ਰਚਨਾ ਕੀਤੀ।
ਹਾਸ਼ਮ ਸ਼ਾਹ ਦੀ ਪ੍ਰਸਿੱਧ ਅਤੇ ਸੰਪੂਰਨ ਰਚਨਾ ‘ਸੱਸੀ ਪੁੰਨੂੰ’ ਨੂੰ ਮੰਨਿਆ ਜਾਂਦਾ ਹੈ। ਉਸ ਦਾ ਸਭ ਤੋਂ ਵੱਧ ਪ੍ਰਸਿੱਧੀ ਪਾਉਣ ਵਾਲਾ ਕਿੱਸਾ ਵੀ ਇਹ ਹੀ ਹੈ। ਉਸ ਨੇ 124 ਬੰਦਾਂ ਵਿੱਚ ਸੱਸੀ ਪੁੰਨੂੰ ਦੀ ਪ੍ਰੀਤ ਕਹਾਣੀ ਬਾਕਮਾਲ ਢੰਗ ਨਾਲ ਬਿਆਨ ਕੀਤੀ ਹੈ। ਉਹ ਇੱਕ ਬੰਦ ਵਿੱਚ ਸੱਸੀ ਪੁੰਨੂੰ ਬਾਰੇ ਦਿਲ ਟੁੰਬਵੀਆਂ ਸਤਰਾਂ ’ਚ ਆਖਦਾ ਹੈ:
ਉਡਿਆ ਰੂਹ ਸੱਸੀ ਦਾ ਤਨ ਥੀਂ, ਫੇਰ ਪੁੰਨੂੰ ਵਲ ਧਾਇਆ।
ਮਹਿਮਲ ਮਸਤ ਬੇਹੋਸ਼ ਪੁੰਨੂੰ ਨੂੰ, ਸੁਫਨੇ ਆਣ ਜਗਾਇਆ।
‘ਲੈ ਹੁਣ ਯਾਰ ਅਸਾਂ ਸੰਗ ਤੇਰੇ, ਕੌਲ ਕਰਾਰ ਨਿਭਾਇਆ।
ਹਾਸ਼ਮ ਰਹੀ ਸੱਸੀ ਵਿਚ ਥਲ ਦੇ, ਮੈਂ ਰੁਖ਼ਸਤ ਲੈ ਆਇਆ’।
ਹਾਸ਼ਮ ਸ਼ਾਹ ਨੇ ਸੋਹਣੀ-ਮਹੀਂਵਾਲ ਦੀ ਪ੍ਰੀਤ ਕਹਾਣੀ ਨੂੰ ਸੰਪੂਰਨ ਕਿੱਸੇ ਦੇ ਰੂਪ ਵਿੱਚ ਖ਼ੂਬਸੂਰਤੀ ਨਾਲ ਰਚਿਆ। ਉਹ ਰੱਬ ਨੂੰ ਦੁਆ ਕਰਦਿਆਂ ਬਿਆਨਦਾ ਹੈ:
ਰੱਬਾ! ਕੂਕ ਪੁਕਾਰ ਸੋਹਣੀ ਦੀ ਨਦੀਓਂ ਪਾਰ ਸੁਣਾਵੀਂ।
ਮਹੀਂਵਾਲ ਉਡੀਕੇ ਮੈਨੂੰ, ਉਸ ਦੀ ਆਸ ਪੁਜਾਵੀਂ।
ਜਿਤ ਵਲ ਯਾਰ ਸੋਹਣੀ ਦੀ ਮੱਯਤ, ਤਾਂਘ ਉਤੇ ਵਲਿ ਲਾਵੀਂ।
ਹਾਸ਼ਮ ਖ਼ਾਕ ਰਹੇ ਕੇਹੀ ਤਪਦੀ, ਮੁਇਆਂ ਨੂੰ ਫੇਰ ਮਿਲਾਵੀਂ।
ਜੇਕਰ ਸ਼ੀਰੀਂ ਫ਼ਰਹਾਦ ਦੇ ਕਿੱਸੇ ਦੀ ਗੱਲ ਕਰੀਏ ਤਾਂ ਹਾਸ਼ਮ ਸ਼ਾਹ ਨੇ ਆਪਣੀ ਕਲਮ ਨਾਲ ਇਸ ਕਿੱਸੇ ਨੂੰ ਵੀ ਬਹੁਤ ਖ਼ੂਬਸੂਰਤੀ ਨਾਲ ਰਚਿਆ ਹੈ। ਇਸ ਕਿੱਸੇ ਨੂੰ ਪੜ੍ਹਿਆ-ਸੁਣਦਿਆਂ ਇਉਂ ਜਾਪਦਾ ਹੈ ਜਿਵੇਂ ਸ਼ੀਰੀਂ ਫ਼ਰਹਾਦ ਦੇ ਨਾਲ-ਨਾਲ ਹਾਸ਼ਮ ਸ਼ਾਹ ਵੀ ਇਰਦ-ਗਿਰਦ ਹੀ ਹੋਵੇ। ਸ਼ੀਰੀਂ ਫ਼ਰਹਾਦ ਦੇ ਕਿੱਸੇ ਦੇ ਇੱਕ ਬੰਦ ’ਚ ਉਹ ਆਖਦਾ ਹੈ:
ਮਿਲ ਮਿਲ ਕਰਨ ਤਰੀਫ਼ ਹੁਸਨ ਦੀ, ਮਿਰਗ ਮੁਰਗ ਵਿਚ ਝੱਲਾਂ।
ਸ਼ੀਰੀਂ ਹੁਸਨ ਜਗਤ ਵਿਚ ਰੌਸ਼ਨ, ਦੇਸ ਬਿਦੇਸੀਂ ਗੱਲਾਂ।
ਕਹੁ ਫ਼ਰਹਾਦ ਵਲੋਂ ਗੱਲ ਕੀਕੁਰ, ਬਣਿਆ ਇਸ਼ਕ ਮੁਜੇਰਾ।
ਹੁਣ ਉਹ ਵੇਖ, ਗਲੀ ਇਸ ਹਾਸ਼ਮ, ਫੇਰ ਕਰੇਸਾਂ ਫੇਰਾ।
ਉਸ ਨੇ ਹੀਰ ਰਾਂਝੇ ਦੀ ਮੁਹੱਬਤ ਦੀ ਦਾਸਤਾਨ ਨੂੰ ਆਪਣੀ ਕਲਮ ਨਾਲ ਕਾਵਿ ਰੂਪ ’ਚ ਰਚਿਆ। ਇਉਂ ਜਾਪਦਾ ਹੈ, ਹਾਸ਼ਮ ਸ਼ਾਹ ਉਸ ਸਮੇਂ ਕਿਸੇ ਹਵਾ ਦੇ ਬੁੱਲੇ, ਚੰਨ ਦੀ ਚਾਨਣੀ ਜਾਂ ਧਰਤੀ ’ਤੇ ਪੈਂਦੀ ਸੂਰਜ ਦੀ ਕੋਸੀ-ਕੋਸੀ ਧੁੱਪ ਵਾਂਗੂੰ ਹੀਰ ਰਾਂਝੇ ਦੇ ਇਰਦ-ਗਿਰਦ ਹੀ ਰਿਹਾ ਹੋਵੇ। ਉਹ ਲਿਖਦਾ ਹੈ:
ਅਲਫ਼ ਆਖਿਆ ਹੀਰ ਨੂੰ ਦੱਸ ਹੀਰੇ!
ਤੇਰੇ ਨਾਲ ਰਾਂਝੇ ਕਿਹਾ ਸਾਕ ਹੈ ਜੀ।
ਹੀਰ ਆਖਿਆ, ‘ਸਾਕ ਨ ਆਸ਼ਕਾਂ ਦੇ,
ਮੇਰਾ ਦੀਨ ਈਮਾਨ ਇਹ ਚਾਕ ਹੈ ਜੀ।
ਝੂਠ ਬੋਲਣੇ ਥੀਂ ਕੁਝ ਨਫ਼ਾ ਨਾਹੀਂ,
ਹੋਇ ਜਾਵਣਾ ਅੰਤ ਨੂੰ ਖ਼ਾਕ ਹੈ ਜੀ।
ਹਾਸ਼ਮ ਆਖਿਆ ਹੀਰ ਨੇ ਰੱਬ ਜਾਣੇ,
ਮੇਰਾ ਖੇੜਿਆਂ ਥੋਂ ਪੱਲਾ ਪਾਕ ਹੈ ਜੀ।
ਹਾਸ਼ਮ ਸ਼ਾਹ ਨੇ ਆਪਣੀ ਕਾਵਿ ਉਡਾਰੀ ਭਰਦਿਆਂ ‘ਦੋਹੜੇ’ ਲਿਖੇ। ਦੋਹੜੇ ਦੋਤੁਕਾ ਪਦ ਰੂਪੀ ਹੁੰਦੇ ਹਨ। ਦੋਹੜੇ ਦੀਆਂ ਸਾਰੀਆਂ ਤੁਕਾਂ ਆਪਸ ਵਿੱਚ ਤੁਕਾਂਤ ਮੇਲਦੀਆਂ ਹਨ ਅਤੇ ਦੋਹੜੇ ਦੇ ਹਰ ਪਦ ’ਚ ਦੋ ਸ਼ਿਅਰ ਹੁੰਦੇ ਹਨ। ਹਾਸ਼ਮ ਸ਼ਾਹ ਦੇ ਦੋਹੜੇ ਦਾ ਇੱਕ ਨਮੂਨਾ:
ਇਸ਼ਕ ਅਸਾਂ ਨਾਲ ਐਸੀ ਕੀਤੀ, ਜਿਉਂ ਰੁੱਖਾਂ ਨਾਲ ਪਾਲਾ।
ਧਿਰ ਧਿਰ ਹੋਏ ਗ਼ੁਨਾਹੀ ਕਮਲੇ, ਮੈਨੂੰ ਮਿਲਦਾ ਦੇਸ-ਨਿਕਾਲਾ। ਇਨ ਬਿਰਹੋਂ ਛਲੀਏ ਵਲ ਲੀਤਾ, ਮੈਂ ਜਾਣਾਂ ਇਸ਼ਕ ਸੁਖਾਲਾ। ਹਾਸ਼ਮ ਯਾਰ ਸੱਜਣ ਦੇ ਕਾਰਨ, ਅਸਾਂ ਪੀਤਾ ਜ਼ਹਿਰ ਪਿਆਲਾ।
ਆਪਣੇ ਖ਼ਿਆਲਾਂ ਨੂੰ ਪੇਸ਼ ਕਰਦਿਆਂ ਹਾਸ਼ਮ ਸ਼ਾਹ ਨੇ ਸੀਹਰਫ਼ੀਆਂ ਰਾਹੀਂ ਵੀ ਕਾਵਿ ਰਚਨਾ ਕੀਤੀ। ਫ਼ਾਰਸੀ ਭਾਸ਼ਾ ਦੇ ਹਰਫ਼ਾਂ ਨੂੰ ਜਿਵੇਂ ‘ਅਲਫ’ ਤੋਂ ਲੈ ਕੇ ‘ਯੇ’ ਤੱਕ ਨੂੰ ਕਾਵਿ ਰੂਪ ’ਚ ਢਾਲ ਸੀਹਰਫ਼ੀਆਂ ਵਿੱਚ ਉਹ ਕਹਿੰਦਾ ਹੈ:
ਦਾਲ ਦੁਖ ਨੂੰ ਦੂਰ ਹਟਾਵਣਾ ਈ,
ਤਾਂ ਤੂੰ ਸੁਖ ਜਹਾਨ ਦਾ ਫੋਲ ਨਾਹੀਂ।
ਸੁਖ ਪਾਉਣਾ ਈ ਤਾਂ ਤੂੰ ਮੀਟ ਅੱਖੀਂ,
ਸੁਖ ਕਿਸੇ ਦਾ ਵੇਖ ਕੇ ਡੋਲ ਨਾਹੀਂ।
ਅਸਾਂ ਵੇਖਿਆ ਸੁਖ ਜਹਾਨ ਵਾਲਾ,
ਇਹ ਦੁਖ ਈ, ਏਸ ਨੂੰ ਫੋਲ ਨਾਹੀਂ।
‘ਹਾਸ਼ਮ ਸ਼ਾਹ’ ਮੀਆਂ ਇਹੋ ਫ਼ਾਇਦਾ ਈ,
ਕੋਈ ਲੱਖ ਆਖੇ ਮੂੰਹੋਂ ਬੋਲ ਨਾਹੀਂ।
ਡਿਓਢਾਂ ਕਾਵਿ ਰੂਪ ਵਿੱਚ ਵੀ ਹਾਸ਼ਮ ਸ਼ਾਹ ਦੀ ਬੇਮਿਸਾਲ ਰਚਨਾ ਹੈ। ਉਸ ਨੇ ਆਪਣੇ ਮਨੋਭਾਵਾਂ ਨੂੰ ਪ੍ਰਗਟਾਉਂਦਿਆਂ ਸੱਤ ਡਿਓਢਾਂ ਦੀ ਰਚਨਾ ਕੀਤੀ ਹੈ। ਉਹ ਲਿਖਦਾ ਹੈ:
ਕਾਮਲ ਸ਼ੌਕ ਮਾਹੀ ਦਾ ਮੈਨੂੰ, ਨਿੱਤ ਰਹੇ ਜਿਗਰ ਵਿਚ ਵਸਦਾ, ਲੂੰ ਲੂੰ ਰਸਦਾ।
ਰਾਂਝਣ ਬੇਪਰਵਾਹੀ ਕਰਦਾ, ਕੋਈ ਗੁਨਾਹ ਨਾ ਦਸਦਾ,
ਉਠ ਉਠ ਨਸਦਾ।
ਜਿਉਂ ਜਿਉਂ ਹਾਲ ਸੁਣਾਵਾਂ ਰੋਵਾਂ, ਦੇਖ ਤੱਤੀ ਵਲ ਹਸਦਾ, ਜ਼ਰਾ ਨਾ ਖਸਦਾ।
ਹਾਸ਼ਮ ਕੰਮ ਨਹੀਂ ਹਰ ਕਸ ਦਾ, ਆਸ਼ਕ ਹੋਣ ਦਰਸ ਦਾ,
ਬਿਰਹੋਂ ਰਸ ਦਾ।
ਹਾਸ਼ਮ ਸ਼ਾਹ ਨੇ ਕਿੱਸਾ ਕਾਵਿ-ਧਾਰਾ ਵਿੱਚ ਅਪਣੀ ਵੱਖਰੀ ਪਛਾਣ ਬਣਾਈ। ਇਸ ਦੇ ਨਾਲ ਹੀ ਸੂਫ਼ੀ ਕਾਵਿ ਰਾਹੀਂ ਵੀ ਉਸ ਨੇ ਆਪਣੀ ਕਲਮ ਦਾ ਲੋਹਾ ਮਨਵਾਇਆ। ਹਾਸ਼ਮ ਸ਼ਾਹ ਨੇ ਆਪਣੀ ਗੱਲ ਲੋਕਾਈ ਅੱਗੇ ਬਹੁਤ ਹੀ ਸੰਖੇਪ ਅਤੇ ਸੰਜਮ ਨਾਲ ਕਾਵਿ ਰੂਪ ’ਚ ਪੇਸ਼ ਕੀਤੀ।
ਸੰਪਰਕ: 98550-10005