For the best experience, open
https://m.punjabitribuneonline.com
on your mobile browser.
Advertisement

ਸੁੰਦਰ ਮੁੰਦਰੀਏ ਹੋ...

08:51 AM Jan 13, 2024 IST
ਸੁੰਦਰ ਮੁੰਦਰੀਏ ਹੋ
Advertisement

ਜਗਜੀਤ ਸਿੰਘ ਲੋਹਟਬੱਦੀ

Advertisement

ਚੜ੍ਹਦੇ ਵਰ੍ਹੇ ਪੰਜਾਬੀਆਂ ਦਾ ਰੰਗਲਾ ਤਿਓਹਾਰ ਲੋਹੜੀ ਦਸਤਕ ਦਿੰਦਾ ਹੈ। ਹੱਟੀਆਂ ਭੱਠੀਆਂ ’ਤੇ ਸੁੰਦਰ ਮੁੰਦਰੀਏ-ਹੋ...ਦੀਆਂ ਹੇਕਾਂ ਗੂੰਜਦੀਆਂ ਹਨ। ਬਸੰਤ ਦੀ ਆਮਦ ਵੀ ਮਿੱਠਾ ਜਿਹਾ ਸੁਨੇਹਾ ਦਿੰਦੀ ਹੈ। ਨਾਲ ਹੀ ਚੇਤਿਆਂ ’ਚ ਉੱਭਰਦਾ ਹੈ ਨਾਬਰੀ ਦਾ ਪ੍ਰਤੀਕ-ਦੁੱਲਾ ਭੱਟੀ। ਬਾਰ ਦੀ ਮਿੱਟੀ ਦਾ ਪੁੱਤ ਅਣਖ ਅਤੇ ਸਵੈ-ਮਾਣ ਦਾ ਝੰਡਾ ਬਰਦਾਰ। ਆਜ਼ਾਦ ਫਿਜ਼ਾ ਵਿੱਚ ਸਾਹ ਲੈਣ ਵਾਲਾ ਚੋਬਰ।
ਪੰਜਾਬ ਦੀ ਕਿਸਾਨੀ ’ਤੇ ਗਾਲਬ ਸਰਕਾਰੀ ਤੰਤਰ ਖ਼ਿਲਾਫ਼ ਬਗ਼ਾਵਤ ਦੀ ਗੁੜ੍ਹਤੀ ਦੁੱਲੇ ਨੇ ਹੀ ਦਿੱਤੀ ਸੀ। ਡਰ ਮੁੱਕ ਗਿਆ ਤੇ ਝਾਕਾ ਖੁੱਲ੍ਹ ਗਿਆ। ਪੰਜਾਬ ਦੇ ਚਾਰ ਮਸ਼ਹੂਰ ਲੋਕ ਨਾਇਕਾਂ ਜੱਗਾ ਡਾਕੂ, ਜਿਉਣਾ ਮੌੜ ਅਤੇ ਸੁੱਚੇ ਸੂਰਮੇ ਵਿੱਚੋਂ ਦੁੱਲਾ ਭੱਟੀ ਸਭ ਤੋਂ ਪਹਿਲਾਂ ਹੋਇਆ। ਪੌਣੇ ਪੰਜ ਸਦੀਆਂ ਤੋਂ ਸਮੇਂ ਦੀ ਹਿੱਕ ’ਤੇ ਉਸ ਦਾ ਨਾਂ ਉੱਕਰਿਆ ਹੋਇਆ ਹੈ। ਲਹਿੰਦੇ ਪੰਜਾਬ ਦਾ ਨਾਮੀ ਸਾਹਿਤਕਾਰ ਇਲਿਆਸ ਘੁੰਮਣ ਦੁੱਲੇ ਨੂੰ ਉਦਰੇਵੇਂ ਨਾਲ ਯਾਦ ਕਰਦਾ ਹੈ: “ਦੁੱਲਾ ਭੱਟੀ ਪੰਜਾਬੀਆਂ ਦੀ ਅਣਖ ਦਾ ਰੂਪ ਸਰੂਪ ਏ। ਉਹ ਸਾਨੂੰ ਸਾਡੇ ਅਸਲੇ ਦੀ ਦੱਸ ਪਾਉਂਦਾ ਏ...ਸਾਡੀ ਪਛਾਣ ਕਰਾਉਂਦਾ ਏ...ਉਹ ਸਿੰਙਾਣ ਜਿਹਨੂੰ ਅਸੀਂ ਭੁਲਾ ਬੈਠੇ ਸਾਂ।” ਜਾਂਬਾਜ਼ ਯੋਧੇ ਹਮੇਸ਼ਾਂ ਲੋਕ ਮਨਾਂ ਵਿੱਚ ਵੱਸਦੇ ਹਨ, ਚਾਹੇ ਉਹ ਜੈਮਲ ਫ਼ੱਤਾ ਹੋਵੇ, ਰਾਏ ਅਹਿਮਦ ਖਰਲ ਹੋਵੇ ਜਾਂ ਫਿਰ ਦੁੱਲਾ!
ਤਖ਼ਤ ਲਾਹੌਰ ਨੂੰ ਭਾਜੜਾਂ ਪਾਉਣ ਵਾਲੇ ਇਸ ਸਿਰਲੱਥ ਸੂਰਮੇ ਦਾ ਜਨਮ ਰਾਵੀ ਅਤੇ ਚਨਾਬ ਦੇ ਵਿਚਕਾਰਲੇ ਇਲਾਕੇ ਸਾਂਦਲਬਾਰ ਵਿੱਚ 1547 ਈਸਵੀ (ਕੁੱਝ ਵਿਦਵਾਨਾਂ ਅਨੁਸਾਰ 1569 ਈਸਵੀ) ਵਿੱਚ ਪਿਤਾ ਫ਼ਰੀਦ ਭੱਟੀ ਅਤੇ ਮਾਤਾ ਲੱਧੀ ਦੇ ਘਰ ਹੋਇਆ। ਮਨੌਤ ਹੈ ਕਿ ਤਕਰੀਬਨ ਸੱਤ ਸੌ ਸਾਲ ਪਹਿਲਾਂ ਜੈਸਲਮੇਰ (ਰਾਜਸਥਾਨ) ਤੋਂ ਇੱਕ ਰਾਜਪੂਤ ਕਬੀਲਾ ਸਾਂਦਲਬਾਰ ਦੇ ਗਿਰਦ ਝਨਾਂ ਦੇ ਕੰਢੇ ਆ ਵੱਸਿਆ। ਇਲਾਕੇ ਦੇ ਮੋਹਤਬਰ ਸੇਰੂ ਹਜ਼ਰਾਂ ਦੀ ਇਜਾਜ਼ਤ ਨਾਲ ਭੱਟੀਆਂ ਦਾ ਇਸ ਖੇਤਰ ਵਿੱਚ ਪੱਕਾ ਠਿਕਾਣਾ ਬਣ ਗਿਆ। ਦਰਿਆ ਦੇ ਕੰਢੇ ਬਦਰ ਵਿਖੇ ਦੁੱਲੇ ਦਾ ਜਨਮ ਹੋਇਆ। ਥੋੜ੍ਹੇ ਚਿਰਾਂ ਬਾਅਦ ਇਹ ਪਿੰਡ ਝਨਾਂ ਬੁਰਦ ਹੋ ਗਿਆ ਤੇ ਇਹ ਪਰਿਵਾਰ ਰੋਹੀ ਵਾਲਾ ਖੂਹ ’ਤੇ ਆ ਵਸੇ, ਜਿਸ ਨੂੰ ਅੱਜਕੱਲ੍ਹ ਪਿੰਡ ਚੂਚਕ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਕ ਰਵਾਇਤ ਦੱਸਦੀ ਹੈ ਕਿ ਜਦੋਂ ਦੁੱਲੇ ਦਾ ਜਨਮ ਹੋਇਆ, ਉਸ ਸਮੇਂ ਲੱਧੀ ਬੇੜੀ ਰਾਹੀਂ ਦਰਿਆ ਪਾਰ ਕਰ ਰਹੀ ਸੀ। ਤਲਵਾਰ ਨੂੰ ਝਨਾਂ ਦੇ ਪਾਣੀ ਵਿੱਚ ਡੋਬ ਕੇ ਦੁੱਲੇ ਨੂੰ ਗੁੜ੍ਹਤੀ ਦਿੱਤੀ ਗਈ।
ਅਕਬਰ ਬਾਦਸ਼ਾਹ ਦਿੱਲੀ ਦਾ ਤਖ਼ਤਦਾਰ ਸੀ ਅਤੇ ਦੁੱਲੇ ਦਾ ਦਾਦਾ ਸਾਂਦਲ ਭੱਟੀ ਬਾਰ ਦਾ ਖ਼ੁਦ ਮੁਖ਼ਤਿਆਰ, ਜਿਸ ਨੂੰ ਕਿਸਾਨ ਖ਼ੁਸ਼ੀ ਨਾਲ ਮਾਲੀਆ ਦਿੰਦੇ ਸਨ, ਪਰ ਅਕਬਰ ਨੇ ਫ਼ਸਲ ’ਤੇ ਲਗਾਨ ਦੀ ਦਰ ਮੁਕੱਰਰ ਕਰ ਦਿੱਤੀ, ਜਿਸ ਨੂੰ ‘ਜ਼ਬਤੀ’ ਕਿਹਾ ਗਿਆ। ਜ਼ਿਮੀਂਦਾਰ ਅਤੇ ਨੰਬਰਦਾਰ ਨੂੰ ਲਗਾਨ ਦੀ ਵਸੂਲੀ ਕਰ ਕੇ ਦਰਬਾਰ ਵਿੱਚ ਜਮ੍ਹਾਂ ਕਰਾਉਣ ਦਾ ਹੁਕਮ ਚਾੜ੍ਹ ਦਿੱਤਾ। ਅਣਖੀਲੇ ਸਾਂਦਲ ਭੱਟੀ ਅਤੇ ਫ਼ਰੀਦ ਭੱਟੀ ਨੇ ਇਨ੍ਹਾਂ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਦਿੱਲੀ, ਲਾਹੌਰ, ਪੇਸ਼ਾਵਰ ਅਤੇ ਕਾਬਲ ਜਾਣ ਦਾ ਰਸਤਾ ਭੱਟੀਆਂ ਵਿੱਚੋਂ ਲੰਘਦਾ ਸੀ। ਦੋਹਾਂ ਨੂੰ ਹੁਕਮ ਅਦੂਲੀ ਤੋਂ ਵਰਜਿਆ ਗਿਆ ਅਤੇ ਲਾਲਚ ਦਿੱਤੇ ਗਏ, ਪਰ ਸੂਰਮੇ ਕਦੋਂ ਡੋਲਣ ਵਾਲੇ ਸਨ। ਅੰਤ ਦੋਹਾਂ ਨੂੰ ਗ੍ਰਿਫ਼ਤਾਰ ਕਰ ਕੇ ਲਾਹੌਰ ਲਿਆਂਦਾ ਗਿਆ ਅਤੇ ਸਿਰ ਕਲਮ ਕਰ ਕੇ ਧੜਾਂ ਅੰਦਰ ਫੂਸ ਭਰ ਕੇ ਕਿਲ੍ਹੇ ਦੀ ਕੰਧ ’ਤੇ ਟੰਗ ਦਿੱਤਾ।
ਦੁੱਲੇ ਦਾ ਜਨਮ ਆਪਣੇ ਪਿਤਾ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਹੋਇਆ। ਸੰਯੋਗਵੱਸ ਅਕਬਰ ਦੇ ਘਰ ਵੀ ਪੁੱਤਰ ਨੇ ਜਨਮ ਲਿਆ। ਨਾਂ ‘ਸ਼ੇਖ਼ੂ’ ਰੱਖਿਆ ਗਿਆ ਜੋ ਮਗਰੋਂ ਜਹਾਂਗੀਰ ਬਾਦਸ਼ਾਹ ਬਣਿਆ। ਅਕਬਰ ਨੇ ਨਜ਼ੂਮੀਆਂ ਤੋਂ ਸ਼ੇਖ਼ੂ ਨੂੰ ਬਲਵਾਨ, ਸੂਰਬੀਰ ਬਣਾਉਣ ਦੇ ਉਪਾਅ ਪੁੱਛੇ। ਉਨ੍ਹਾਂ ਕਿਸੇ ਸਿਹਤਮੰਦ ਰਾਜਪੂਤ ਔਰਤ ਦਾ ਦੁੱਧ ਚੁੰਘਾਉਣ ਦੀ ਦੱਸ ਪਾਈ, ਜਿਸ ਨੇ ਸ਼ੇਖ਼ੂ ਦੇ ਜਨਮ ਸਮੇਂ ਹੀ ਬੱਚਾ ਜਨਮਿਆ ਹੋਵੇ। ਗੁਣਾ ਲੱਧੀ ’ਤੇ ਪਿਆ। ਸ਼ਾਹੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ। ਦੁੱਲਾ ਅਤੇ ਸ਼ੇਖ਼ੂ ਇਕੱਠੇ ਪਲਣ ਲੱਗੇ। ਘੋੜ ਸਵਾਰੀ, ਨੇਜ਼ਾਬਾਜ਼ੀ, ਤੀਰ ਅੰਦਾਜ਼ੀ ਦੀ ਸਿੱਖਿਆ ਦਿੱਤੀ ਗਈ, ਪਰ ਦੁੱਲਾ ਹਰ ਖੇਤਰ ਵਿੱਚ ਸ਼ੇਖ਼ੂ ਨੂੰ ਮਾਤ ਪਾਉਂਦਾ ਸੀ। ਸ਼ਾਹੀ ਪਾਲਣ ਪੋਸ਼ਣ ਅਤੇ ਖੁੱਲ੍ਹਾ ਖਾਣ ਪੀਣ ਵਾਲੇ ਦੁੱਲੇ ਦੀਆਂ ਰਗਾਂ ਵਿੱਚ ਵਿਦਰੋਹੀ ਖੂਨ ਸੀ। ਮਸੀਤ ਪੜ੍ਹਨ ਗਏ ਨੇ ਮੌਲਵੀ ਕੁੱਟ ਸੁੱਟਿਆ।
ਦੁੱਲੇ ਦਾ ਪਹਿਲਾ ਹਥਿਆਰ ਗੁਲੇਲ ਸੀ, ਜਿਸ ਨਾਲ ਉਹ ਪਾਣੀ ਭਰਨ ਆਈਆਂ ਔਰਤਾਂ ਦੇ ਘੜੇ ਭੰਨ ਦਿੰਦਾ ਸੀ। ਲੱਧੀ ਕੋਲ ਨਿੱਤ ਉਲਾਂਭੇ ਆਉਂਦੇ, ਪਰ ਦੁੱਲਾ ਤਾਂ ਅਮੋੜ ਸੀ। ਕਹਿੰਦੇ ਨੇ ਇੱਕ ਦਿਨ ਦੁਖੀ ਹੋਈ ਨੰਦੀ ਮਰਾਸਣ ਨੇ ਮਿਹਣਾ ਮਾਰਿਆ:
ਏਥੇ ਜ਼ੋਰ ਦਿਖਾਂਵਦਾ ਔਰਤਾਂ ਨੂੰ
ਤੈਨੂੰ ਰਤੀ ਹਯਾ ਨਾ ਆਂਵਦਾ ਏ
ਤੇਰੇ ਬਾਪ ਦਾਦੇ ਦੀਆਂ ਸ਼ਾਹ ਅਕਬਰ
ਖੱਲਾਂ ਪੁੱਠੀਆਂ ਚਾ ਲਹਾਂਵਦਾ ਏ...(ਕਿਸ਼ਨ ਸਿੰਘ)
ਦੁੱਲੇ ਦੇ ਦਿਲ ’ਤੇ ਡੂੰਘੀ ਸੱਟ ਵੱਜੀ। ਮਾਤਾ ਲੱਧੀ ਨੇ ਹੁਣ ਤੱਕ ਉਸ ਤੋਂ ਲੁਕਾ ਕੇ ਰੱਖੀ ਸਚਾਈ ਤੇ ਉਸ ਦੇ ਪਿਓ-ਦਾਦੇ ਦੀ ਹੋਣੀ ਉਸ ਨੂੰ ਕਹਿ ਸੁਣਾਈ। ਦੁੱਲੇ ਦਾ ਖੂਨ ਖੌਲ ਉੱਠਿਆ। ਵਾਰ ਦੁੱਲੇ ਭੱਟੀ ਵਿੱਚ ਇਸ ਦਾ ਵਰਨਣ ਹੈ:
ਦੁੱਲਾ ਮੁੱਖ ਤੋਂ ਬੋਲਦਾ ਮਾਤਾ ਨੂੰ ਕਰੇ ਟਕੋਰ
ਮੇਰਾ ਦੁੱਲਾ ਨਾਂ ਨ ਰੱਖਦੀਉਂ, ਰੱਖਦੀਉਂ ਕੁੱਝ ਹੋਰ
ਚਾਰ ਚੱਕ ਮੈਂ ਭੱਟੀ ਨੇ ਖਾਵਣੇ, ਦੇਣੇ ਸ਼ੱਕਰ ਵਾਂਗੂ ਭੋਰ
ਮਾਰਾਂ ਅਕਬਰ ਵਾਲੀਆਂ ਡਾਲ਼ੀਆਂ,
ਤਦ ਜਾਣੀ ਦੁੱਲਾ ਰਾਠੌਰ।
ਦੁੱਲੇ ਦੀ ਬਗ਼ਾਵਤ ਜਾਗ ਉੱਠੀ। ਅਕਬਰ ਨੂੰ ਲਗਾਨ ਦੇਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਹਥਿਆਰ ਇਕੱਠੇ ਕੀਤੇ, ਸਾਥੀਆਂ ਦੀ ਢਾਣੀ ਬਣਾਈ। ਜੰਗਲਾਂ ਨੂੰ ਛੁਪਣਗਾਹਾਂ ਬਣਾਇਆ ਤੇ ਨਗਾਰੇ ’ਤੇ ਚੋਟ ਲਾ ਬਾਦਸ਼ਾਹ ਨਾਲ ਜੰਗ ਦਾ ਐਲਾਨ ਕਰ ਦਿੱਤਾ। ਪਹਿਲਾ ਹੱਲਾ ਆਪਣੇ ਨਾਨਕੇ ਪਿੰਡ ਚਦੇੜਾਂ ਵਿੱਚ ਚੁਗੱਤਿਆਂ ਦੇ ਕਰਿੰਦਿਆਂ ਨੂੰ ਹੱਥ ਪਾ ਕੇ ਕੀਤਾ। ਮਾਲ ਡੰਗਰ ਘੋੜੇ ਲੁੱਟ ਕੇ ਗ਼ਰੀਬਾਂ ਵਿੱਚ ਵੰਡ ਦਿੱਤੇ। ਫਿਰ ਚੱਲ ਸੋ ਚੱਲ। ਵਪਾਰੀ ਅਲੀ ਸੌਦਾਗਰ ਪੰਜ ਸੌ ਘੋੜੇ ਲੈ ਕੇ ਸੁਲਤਾਨ ਨੂੰ ਦੇਣ ਕੰਧਾਰ ਤੋਂ ਲਾਹੌਰ ਜਾ ਰਿਹਾ ਸੀ। ਦੁੱਲੇ ਨੇ ਉਸ ਦੇ ਸਾਰੇ ਘੋੜੇ ਤਬੇਲੇ ਵਿੱਚੋਂ ਕੱਢ ਆਪਣੇ ਲੜਾਕੂ ਯੋਧਿਆਂ ਨੂੰ ਸੌਂਪ ਦਿੱਤੇ। ਅਗਲਾ ਨਿਸ਼ਾਨਾ ਮੇਧਾ ਖੱਤਰੀ ਬਣਿਆ, ਜੋ ਬਲਖ਼ ਬੁਖਾਰੇ ਤੋਂ ਮਾਲ ਖੱਚਰਾਂ ’ਤੇ ਲੱਦ ਸ਼ਾਹੀ ਮਹਿਲਾਂ ਨੂੰ ਜਾ ਰਿਹਾ ਸੀ। ਬਾਪ ਦੀ ਮੌਤ ਮਗਰੋਂ ਜਿਹੜਾ ਲਗਾਨ ਲਾਹੌਰ ਦਰਬਾਰ ਜਾਣਾ ਸ਼ੁਰੂ ਹੋਇਆ ਸੀ, ਉਹ ਵੀ ਬੰਦ ਕਰ ਦਿੱਤਾ। ਹੁਣ ਸਿੱਧੀ ਟੱਕਰ ਸਲਤਨਤ ਨਾਲ ਸੀ।
ਪੰਜਾਬ ਦੇ ਲੋਕ-ਇਤਿਹਾਸਕਾਰ ਦੁੱਲੇ ਦੀ ਬਗ਼ਾਵਤ ਨੂੰ ਬਾਰ ਦੇ ਕਿਸਾਨਾਂ ਦੇ ਰੋਹ ਵਜੋਂ ਦੇਖਦੇ ਹਨ। ਡਾ. ਈਸ਼ਵਰ ਦਿਆਲ ਗੌੜ ਦੀਆਂ ਨਜ਼ਰਾਂ ਵਿੱਚ: “ਦੁੱਲਾ ਮੱਧਯੁਗੀ ਪੰਜਾਬ ਵਿੱਚ ਕਿਸਾਨੀ ਵਿਦਰੋਹ ਦਾ ਜਨਮ ਦਾਤਾ ਸੀ। ਉਸ ਦੇ ਤਾਨਾਸ਼ਾਹੀ ਵਿਰੋਧੀ, ਵਿਦਰੋਹੀ ਸੁਭਾਅ ਨੇ ਰਿਸ਼ਤੇਦਾਰਾਂ ਦੀ ਮੌਤ ਦਾ ਬਦਲਾ ਲੈਣ ਦੇ ਸਾਧਨ ਵਜੋਂ ਨਹੀਂ, ਸਗੋਂ ਕੁਰਬਾਨੀਆਂ ਦੇ ਵਿਸ਼ਾਲ ਅਰਥਾਂ ਵਿੱਚ ਕਿਸਾਨੀ ਜਮਾਤੀ ਯੁੱਧ ਵਜੋਂ ਲਿਆ।” ਲਗਭਗ ਡੇਢ ਸਦੀ ਬਾਅਦ ਬਾਬਾ ਬੰਦਾ ਬਹਾਦਰ ਨੇ ਖ਼ਾਲਸਈ ਝੰਡੇ ਹੇਠ ਕਿਸਾਨਾਂ ਨੂੰ ਜ਼ੁਲਮ ਜਬਰ ਤੋਂ ਨਿਜਾਤ ਦਿਵਾਉਣ ਦਾ ਰਾਹ ਚੁਣਿਆ। 1907 ਦੇ ‘ਪਗੜੀ ਸੰਭਾਲ ਜੱਟਾ’ ਲਹਿਰ ਵਿੱਚ ਵੀ ਅਜੀਤ ਸਿੰਘ ਨੇ ਕਿਸਾਨੀ ਨੂੰ ਹਕੂਮਤ ਦੇ ਨਾਬਰੀ ਰਾਹ ਤੋਰ ਕੇ ਜਬਰੀ ਵਸੂਲੀਆਂ ਨੂੰ ਵੰਗਾਰਿਆ।
ਦੁੱਲੇ ਦੀ ਵਿਦਰੋਹੀ ਸੁਰ ਨੂੰ ਦਬਾਉਣ ਲਈ ਅਕਬਰ ਨੇ ਆਪਣੇ ਸਿਪਾਹਸਲਾਰ ਨੂੰ ਵੱਡੀ ਫ਼ੌਜ ਦੇ ਕੇ ਭੇਜਿਆ, ਪਰ ਦੁੱਲਾ ਤਾਂ ਹੋਰ ਹੀ ਮਿੱਟੀ ਦਾ ਬਣਿਆ ਹੋਇਆ ਸੀ। ਉਸ ਨੇ ਗੁਰੀਲਾ ਯੁੱਧ ਵਿੱਚ ਮਿਰਜ਼ਾ ਨਿਜ਼ਾਮੁਦੀਨ ਨੂੰ ਕਾਬੂ ਕਰ ਲਿਆ। ਅੰਤ ਅਕਬਰ ਦੀਆਂ ਫ਼ੌਜਾਂ ਨੇ ਧੋਖੇ ਨਾਲ ਦਾਅ ਖੇਡ ਕੇ ਦੁੱਲੇ ਨੂੰ ਬੰਦੀ ਬਣਾ ਲਾਹੌਰ ਦਰਬਾਰ ਲਿਆਂਦਾ। ਹੁਕਮਰਾਨਾਂ ਨੇ ਸਜ਼ਾਏ-ਮੌਤ ਸੁਣਾਈ ਅਤੇ ਮੁਹੱਲਾ ਨਖ਼ਾਸ ਚੌਕ, ਜਿਸ ਨੂੰ ਲੰਡਾ ਬਾਜ਼ਾਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਵਿੱਚ ਫਾਂਸੀ ਦੇ ਦਿੱਤੀ। ਇਸ ਤਰ੍ਹਾਂ ਇਹ ਸਵੈਮਾਣੀ ਤੇ ਅਣਖੀ ਯੋਧਾ 26 ਮਾਰਚ 1599 ਨੂੰ ਸ਼ਹਾਦਤ ਦਾ ਜਾਮ ਪੀ ਗਿਆ। ਅੱਜ ਵੀ ਮਿਆਣੀ ਸਾਹਿਬ ਕਬਰਿਸਤਾਨ ਲਾਹੌਰ ਵਿੱਚ ਲੋਕਾਈ ਉਸ ਦੀ ਯਾਦ ਨੂੰ ਸਿੱਜਦਾ ਕਰਦੀ ਹੈ।
ਲੋਹੜੀ ਤੇ ਦੁੱਲਾ ਅਨਿਖੱੜਵਾਂ ਅੰਗ ਹਨ। ਉਨ੍ਹੀਂ ਦਿਨੀਂ ਕਿਸੇ ਨੂੰ ਕੁੱਝ ਦਾਨ ਕਰਨ ਨੂੰ ਲੋੜ੍ਹੀ (ਲੋਹੜੀ) ਕਹਿੰਦੇ ਸਨ। ਲਾਹੌਰ ਵੱਸਦੇ ਪੰਜਾਬੀ ਕਹਾਣੀਕਾਰ ਨੈਨ ਸੁੱਖ (ਅਸਲ ਨਾਂ ਖਾਲਿਦ ਪਰਵੇਜ਼) ਦੇ ਸ਼ਬਦ: “ਲਹੌਰ ਵਿੱਚ ਜਿੱਥੇ ਦੁੱਲਾ ਤੇ ਅਖੌਤੀ ਅਛੂਤ ਕੁੜੀ ਭੈਣ-ਭਰਾ ਬਣੇ, ਓਸ ਥਾਂ ਦਾਰਾ ਸਿਕੋਹ ਦੀ ਸੂਬੇਦਾਰੀ ਵਿੱਚ ਤਕੀਆ ਵਾਲਮੀਕੀਆਂ ਬਣਿਆ, ਜਿਹਦੇ ਵਿੱਚ ਇੱਕ ਅਖਾੜਾ ਘੁੰਮਿਆ। ਜਿਹੜਾ ਪਹਿਲਵਾਨ ਕਿਸੇ ਮੁਸਲਮਾਨ, ਹਿੰਦੂ ਤੇ ਸਿੱਖ ਰਈਸ ਦੇ ਪੁੱਤਰ ਨੂੰ ਹਰਾਉਂਦਾ, ਉਹਨੂੰ ਵਾਲਮੀਕੀ, ਦੁੱਲਾ ਕਹਿੰਦੇ। ਪੋਹ ਦੀ ਤੀਹ, ਜਿਹੜੇ ਦਿਨ ਦੁੱਲੇ ਆਪਣੀ ਅਛੂਤ ਭੈਣ ਰੋਟੀ ਖਵਾਈ, ਓਹ ਲੋੜ੍ਹੀ (ਲੋਹੜੀ) ਦਾ ਦਿਹਾੜ (ਤਿਓਹਾਰ) ਬਣਿਆ। ਲੋੜ੍ਹੀ (ਲੋਹੜੀ) ਰਾਤ ਨੂੰ ਮੰਗ ਕੇ ਮਨਾਉਂਦੇ। ਜਿਹੜਾ ਲਹੌਰੋਂ ਨਿਕਲ ਕੇ ਮਾਝੇ ਤੇ ਦੁਆਬੇ ਤਾਈਂ ਪਸਰ ਗਿਆ:
ਆਵੋ ਨੀਂ ਆਵੋ ਲੋੜ੍ਹੀ ਆਈ
ਗਾਵੋ ਨੀਂ ਗਾਵੋ ਲੋੜ੍ਹੀ ਆਈ
ਅਸੀਂ ਜੇ ਭੈਣਾਂ ਓਹਦੀਆਂ
ਦੁੱਲਾ ਸਾਡਾ ਭਾਈ...।’’
ਦੁੱਲਾ ਗ਼ਰੀਬਾਂ ਦਾ ਮਸੀਹਾ ਸੀ। ਲੋਕ ਮੱਤ ਹੈ ਕਿ ਸੁੰਦਰੀ ਤੇ ਮੁੰਦਰੀ ਦੋ ਜੌੜੀਆਂ ਭੈਣਾਂ, ਕੂੜੇ ਡੂਮ ਦੀਆਂ ਧੀਆਂ ਭੱਟੀਆਂ ਇਲਾਕੇ ਦੀਆਂ ਰਹਿਣ ਵਾਲੀਆਂ ਸਨ। ਜੰਮਦੀਆਂ ਦੀ ਮਾਂ ਮਰ ਗਈ, ਚਾਚੀ ਨੇ ਪਾਲਿਆ। ਉਨ੍ਹਾਂ ਦੇ ਹੁਸਨ ਦੀ ਤਾਰੀਫ਼ ਕਿਲ੍ਹਾ ਸ਼ੇਖ਼ੂਪੁਰਾ ਦੇ ਕੋਤਵਾਲ ਤੱਕ ਅੱਪੜ ਗਈ। ਦਰੋਗੇ ਨੂੰ ਹੁਕਮ ਦੇ ਕੇ ਧੱਕੇ ਨਾਲ ਚੁਕਵਾ ਲਿਆ, ਪਰ ਦੁੱਲੇ ਨੇ ਉਨ੍ਹਾਂ ਨੂੰ ਸਹੀ ਸਲਾਮਤ ਘਰ ਵਾਪਸ ਕਰਵਾਇਆ। ਸੁੰਦਰੀ ਮੁੰਦਰੀ ਦੀ ਮੰਗਣੀ ਹੋ ਚੁੱਕੀ ਸੀ, ਪਰ ਗ਼ਰੀਬ ਪਿਓ ਵੱਲੋਂ ਵਿਆਹ ਵਿੱਚ ਦੇਰੀ ਹੋ ਰਹੀ ਸੀ। ਦੁੱਲੇ ਤਾਈਂ ਪਹੁੰਚ ਕੀਤੀ। ਡਰ ਦੇ ਮਾਹੌਲ ਵਿੱਚ ਕੁੜੀਆਂ ਦੇ ਸਹੁਰੇ ਕਹਿਣ ਲੱਗੇ ਕਿ ਉਹ ਰਾਤ ਦੇ ਸਮੇਂ ਹੀ ਵਿਆਹੁਣ ਆ ਸਕਦੇ ਹਨ। ਪਿੰਡ ਤੋਂ ਬਾਹਰ ਜੰਗਲ ਵਿੱਚ ਲੱਕੜੀਆਂ ਇਕੱਠੀਆਂ ਕਰ ਕੇ ਅੱਗ ਬਾਲੀ ਗਈ। ਦੁੱਲੇ ਨੇ ਆਲੇ ਦੁਆਲੇ ਦੇ ਪਿੰਡਾਂ ਤੋਂ ਦਾਨ ਇਕੱਠਾ ਕੀਤਾ। ਪਿੰਡ ਵਿੱਚ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਸਨ ਜਾਂ ਨਵੇਂ ਬਾਲਾਂ ਨੇ ਜਨਮ ਲਿਆ ਸੀ, ਉਨ੍ਹਾਂ ਨੇ ਆਪਣੇ ਵੱਲੋਂ ਕੁੱਝ ਦਾਣੇ ਅਤੇ ਗੁੜ ਸ਼ੱਕਰ ਦੇ ਰੂਪ ਵਿੱਚ ਦਾਨ ਦਿੱਤਾ। ਦੁੱਲੇ ਕੋਲ ਦਾਨ ਦੇਣ ਲਈ ਸਿਰਫ਼ ਇੱਕ ਲੱਪ ਸ਼ੱਕਰ ਦੀ ਹੀ ਸੀ। ਕੁੜੀਆਂ ਦੀ ਡੋਲੀ ਤੋਰ ਦਿੱਤੀ।
ਡੂਮਾਂ ਦੀ ਫ਼ਰਿਆਦ ਦੁੱਲੇ ਦੀ ਅਣਖ ਦਾ ਸਵਾਲ ਸੀ। ਲੋਹੜੀ ਦੇ ਤਿਓਹਾਰ ਦੀ ਸ਼ੁਰੂਆਤ ਸਾਡੇ ਸੱਭਿਆਚਾਰ ਦਾ ਅਨੂਠਾ ਹਿੱਸਾ ਬਣ ਗਈ, ਜਿੱਥੇ ਪੰਜਾਬ ਦੇ ਇਸ ਅਣਖੀਲੇ ਸਪੂਤ ਨੂੰ ਹਰ ਸਾਹ ਨਾਲ ਯਾਦ ਕੀਤਾ ਜਾਂਦੈ:
ਸੁੰਦਰ ਮੁੰਦਰੀਏ- ਹੋ
ਤੇਰਾ ਕੌਣ ਵਿਚਾਰਾ-ਹੋ
ਦੁੱਲਾ ਭੱਟੀ ਵਾਲਾ -ਹੋ
ਦੁੱਲੇ ਧੀ ਵਿਆਹੀ-ਹੋ
ਸੇਰ ਸ਼ੱਕਰ ਪਾਈ -ਹੋ...
ਸੰਪਰਕ: 89684-33500

Advertisement
Author Image

joginder kumar

View all posts

Advertisement
Advertisement
×