ਕਾਲਾ ਸੰਘਿਆ ਡਰੇਨ ਦੇ ਸੁੰਦਰੀਕਰਨ ਦਾ ਕੰਮ ਤੇਜ਼
ਪੱਤਰ ਪੇ੍ਰਕ
ਜਲੰਧਰ, 27 ਅਗਸਤ
ਸ਼ਹਿਰ ਵਿੱਚੋਂ ਲੰਘਦੀ ਕਾਲਾ ਸੰਘਿਆ ਡਰੇਨ ਦੇ ਸੁੰਦਰੀਕਰਨ ਦੇ 34.60 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾਜੈਕਟ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਸ ਦੇ ਮੁਕੰਮਲ ਹੋਣ ਨਾਲ ਇਸ ਖੇਤਰ ਵਿੱਚ ਹਵਾ ਤੇ ਪਾਣੀ ਦੇ ਪ੍ਰਦੂਸ਼ਣ ਤੋਂ ਨਿਜਾਤ ਮਿਲਣ ਸਦਕਾ ਡਰੇਨ ਦੇ ਕੰਢੇ ਵੱਸਦੀ ਆਬਾਦੀ ਨੂੰ ਵੱਡੀ ਰਾਹਤ ਮਿਲੇਗੀ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਜਲੰਧਰ ਸਮਾਰਟ ਸਿਟੀ ਤਹਿਤ ਇਹ ਪ੍ਰਾਜੈਕਟ ਮਾਨਸਾ ਡਰੇਨੇਜ-ਕਮ-ਮਾਈਨਿੰਗ ਤੇ ਜੀਓਲੋਜੀ ਵਿਭਾਗ ਵੱਲੋਂ ਡਿਪੋਜ਼ਿਟ ਕਾਰਜ ਵਜੋਂ ਨੇਪਰੇ ਚਾੜ੍ਹਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਇਸ ਪ੍ਰਾਜੈਕਟ ਤਹਿਤ ਡਰੇਨ ਦੇ ਸ਼ਹਿਰ ਵਿੱਚੋਂ ਲੰਘਦੇ 13 ਕਿਲੋਮੀਟਰ ਹਿੱਸੇ ਦੀ ਅੰਦਰੂਨੀ ਸਫਾਈ ਅਤੇ ਇਸ ਦੇ ਦੋਵੇਂ ਪਾਸੇ ਕਿਨਾਰਿਆਂ ’ਤੇ ‘ਸਟੋਨ ਪਿਚਿੰਗ’ ਰਾਹੀਂ ਸਾਈਡਾਂ ਨੂੰ ਪੱਕਾ ਕੀਤਾ ਜਾ ਰਿਹਾ ਹੈ। ਡਾ. ਅਗਰਵਾਲ ਨੇ ਦੱਸਿਆ ਕਿ ਪ੍ਰਾਜੈਕਟ ਤਹਿਤ ਕਰੀਬ 80 ਫੀਸਦੀ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ ਅਤੇ ਪ੍ਰਾਜੈਕਟ ਦੇ ਪੂਰਾ ਹੋਣ ਉਪਰੰਤ ਕਾਲਾ ਸੰਘਿਆ ਡਰੇਨ ਵਿੱਚ ਬਿਸਤ ਦੁਆਬ ਨਹਿਰ ਵਿੱਚੋਂ ਸਾਫ਼ ਪਾਣੀ ਛੱਡਿਆ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਡਰੇਨ ਦੇ ਨਾਲ-ਨਾਲ ਗ੍ਰੀਨ ਏਰੀਆ ਵੀ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਹਰਿਆਵਲ ਵਿੱਚ ਵਾਧਾ ਕੀਤਾ ਜਾ ਸਕੇ। ਡਰੇਨੇਜ-ਕਮ-ਮਾਈਨਿੰਗ ਤੇ ਜੀਓਲੋਜੀ ਵਿਭਾਗ ਦੇ ਐਸ.ਡੀ.ਓ. ਸਤਿਗੁਰ ਸਿੰਘ ਨੇ ਦੱਸਿਆ ਕਿ ਕਾਲਾ ਸੰਘਿਆ ਡਰੇਨ ਦੇ ਸੁੰਦਰੀਕਰਨ ਦਾ ਕੰਮ ਜਲਦ ਮੁਕੰਮਲ ਕਰ ਲਿਆ ਜਾਵੇਗਾ।