ਵਿਦਿਆਰਥੀ ਆਗੂ ਦੀ ਕੁੱਟਮਾਰ: ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਆਹਮੋ-ਸਾਹਮਣੇ
ਪੱਤਰ ਪ੍ਰੇਰਕ
ਮਾਨਸਾ, 17 ਜੁਲਾਈ
ਵਿਦਿਆਰਥੀ ਆਗੂ ਸੁਖਮਨਪਾਲ ਸਿੰਘ ਦੀ ਸਕੇ ਸਬੰਧੀਆਂ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਹੁਣ ਕਿਸਾਨ ਅਤੇ ਮਜ਼ਦੂਰ ਜਥੇਬੰਦੀ ਆਹਮੋ-ਸਾਹਮਣੇ ਹੋ ਗਈਆਂ ਹਨ। ਇਸ ਮਾਮਲੇ ’ਚ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਅੱਜ ਥਾਣਾ ਸਦਰ ਮਾਨਸਾ ਦਾ ਘਿਰਾਓ ਕਰਦਿਆਂ ਮੰਗ ਕੀਤੀ ਕਿ ਪਿੰਡ ਕੋਟਲੀ ਕਲਾਂ ਦੇ ਦਲਿਤ ਮਜ਼ਦੂਰ ’ਤੇ ਗੱਡੀ ਚੜ੍ਹਾਉਣ ਵਾਲੇ ਸੁਖਮਨਪਾਲ ਸਿੰਘ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਵੱਲੋਂ ਇਸ ਮਾਮਲੇ ਨੂੰ ਗ਼ਲਤ ਦੱਸਦਿਆਂ ਵਿਦਿਆਰਥੀ ਆਗੂ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਸਾਜ਼ਿਸ਼ ਕਰਾਰ ਦਿੱਤਾ ਹੈ।
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਅੱਜ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਥਾਣਾ ਮੁਖੀ ਨੇ ਕਸੂਰਵਾਰ ਨੂੰ ਜਲਦੀ ਗ੍ਰਿਫ਼ਤਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ’ਚ ਦਾਖ਼ਲ ਦਲਿਤ ਮਜ਼ਦੂਰ ਦੇ ਐਕਸਰੇਅ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਜਾਵੇਗਾ। ਕਾਮਰੇਡ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਅੰਦੋਲਨ ਤੇਜ਼ ਕੀਤਾ ਜਾਵੇਗਾ।
ਉਧਰ, ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਤਾਮਕੋਟ ਨੇ ਇਸ ਮਾਮਲੇ ’ਚ ਕੀਤੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀ ਆਗੂ ਸੁਖਮਨਪਾਲ ਸਿੰਘ ਦੀ ਕੁੱਟਮਾਰ ਕਰਨ ਵਾਲੇ ਦੇ ਬੰਦਿਆਂ ਵੱਲੋਂ ਆਪਣੇ ਹੀ ਸੀਰੀ ਦੇ ਪੈਰ ’ਤੇ ਗੱਡੀ ਚੜ੍ਹਾ ਕੇ ਉਸ ਤੋਂ ਕਥਿਤ ਝੂਠਾ ਬਿਆਨ ਦਿਵਾ ਕੇ ਸੁਖਮਨਪਾਲ ਦੇ ਇਨਸਾਫ਼ ਲਈ ਚੱਲ ਰਹੇ ਸੰਘਰਸ਼ ਨੂੰ ਢਹਿ-ਢੇਰੀ ਕਰਨ ਦੀ ਸਾਜ਼ਿਸ਼ ਰਚੀ ਹੈ।