ਆਪੇ ਤਗੜਾ ਹੁੰਦਾ ਰਹੂ ਹੁਣ...
ਪ੍ਰਭਦਿਆਲ ਸਿੰਘ
ਬੀ.ਏ. ਪਾਸ ਕਰਨ ਤੋਂ ਬਾਅਦ ਪਾਲੀ ਆਪਣੇ ਨਾਨਕੇ ਪਿੰਡ ਚਲੀ ਗਈ ਕਿਉਂਕਿ ਉਸ ਨੇ ਆਈਲਟਸ ਦੀ ਤਿਆਰੀ ਕਰਨ ਲਈ ਕਿਸੇ ਕੋਚਿੰਗ ਸੈਂਟਰ ਵਿੱਚ ਲੱਗਣਾ ਸੀ। ਉਸ ਦੇ ਆਪਣੇ ਪਿੰਡ ਤੋਂ ਸ਼ਹਿਰ ਬਹੁਤ ਦੂਰ ਸੀ ਜਿੱਥੇ ਕੋਚਿੰਗ ਸੈਂਟਰ ਖੁੱਲ੍ਹੇ ਹੋਏ ਸਨ। ਨਾਨਕਿਆਂ ਦਾ ਪਿੰਡ ਸ਼ਹਿਰ ਦੇ ਨੇੜੇ ਹੀ ਸੀ, ਮਸਾਂ ਦਸ ਕਿਲੋਮੀਟਰ ’ਤੇ। ਇਸ ਲਈ ਉਸ ਦੇ ਮਾਮਿਆਂ ਨੇ ਪਾਲੀ ਨੂੰ ਆਪਣੇ ਕੋਲ ਬੁਲਾ ਲਿਆ ਸੀ ਅਤੇ ਸ਼ਹਿਰ ਦੇ ਇੱਕ ਕੋਚਿੰਗ ਸੈਂਟਰ ਵਿੱਚ ਪਾਲੀ ਨੂੰ ਪੜ੍ਹਨ ਵੀ ਲਾ ਦਿੱਤਾ ਸੀ। ਪਾਲੀ ਸਵੇਰੇ 8 ਵਜੇ ਵਾਲੀ ਬੱਸ ਚੜ੍ਹ ਕੇ ਸ਼ਹਿਰ ਚਲੀ ਜਾਂਦੀ ਅਤੇ ਪੰਜ ਵਾਲੀ ਬੱਸ ’ਤੇ ਮੁੜ ਆਉਂਦੀ ਸੀ। ਜਦੋਂ ਕਦੇ ਮਾਮੇ ਨੇ ਸ਼ਹਿਰ ਜਾਣਾ ਹੁੰਦਾ ਸੀ ਤਾਂ ਉਹ ਪਾਲੀ ਨੂੰ ਵੀ ਮੋਟਰ ਸਾਈਕਲ ’ਤੇ ਆਪਣੇ ਨਾਲ ਹੀ ਲੈ ਜਾਂਦਾ ਸੀ ਅਤੇ ਕੋਚਿੰਗ ਸੈਂਟਰ ਛੱਡ ਆਉਂਦਾ ਸੀ।
ਪਿੰਡ ਵਿੱਚ ਪਾਲੀ ਨੂੰ ਸਾਰੇ ਉਸ ਦੀ ਮਾਂ ਦੇ ਨਾਂ ਨਾਲ ਹੀ ਜਾਣਦੇ ਸਨ। ਪਰ ਉਹ ਬਹੁਤਾ ਕਿਸੇ ਨੂੰ ਨਹੀਂ ਜਾਣਦੀ ਸੀ। ਉਸ ਲਈ ਤਾਂ ਸਾਰੇ ਮਾਮੇ ਮਾਮੀਆਂ ਹੀ ਸਨ। ਉਸ ਨੂੰ ਪਿੰਡ ਰਹਿੰਦਿਆਂ ਮਹੀਨਾ ਹੋ ਗਿਆ ਸੀ। ਹੁਣ ਉਸ ਨਾਲ ਪਿੰਡੋਂ ਹੀ ਇੱਕ ਹੋਰ ਕੁੜੀ ਸੁਖਜੀਤ, ਜਿਸ ਨੂੰ ਸਾਰੇ ਜੀਤੀ ਕਹਿੰਦੇ ਸਨ, ਕੋਚਿੰਗ ਸੈਂਟਰ ਵਿੱਚ ਲੱਗ ਗਈ ਸੀ। ਹੁਣ ਪਾਲੀ ਨੂੰ ਵੀ ਸਾਥ ਮਿਲ ਗਿਆ ਸੀ। ਪਾਲੀ ਤੇ ਜੀਤੀ ਹੁਣ ਇਕੱਠੀਆਂ ਹੀ ਸੈਂਟਰ ਜਾਂਦੀਆਂ ਸਨ। ਹੌਲੀ ਹੌਲੀ ਦੋਵੇਂ ਚੰਗੀਆਂ ਸਹੇਲੀਆਂ ਵੀ ਬਣ ਗਈਆਂ।
‘‘ਚੰਗਾ ਹੋਇਆ ਹੁਣ ਤੇਰਾ ਸਾਥ ਮਿਲ ਗਿਆ। ਬੰਦੇ ਨੂੰ ਕੋਈ ਦਿਲ ਦੀ ਗੱਲ ਕਰਨ ਲਈ ਕਿਸੇ ਦਾ ਸਾਥ ਤਾਂ ਚਾਹੀਦਾ ਹੀ ਹੁੰਦੈ।’’ ਪਾਲੀ ਨੇ ਜੀਤੀ ਨੂੰ ਕਿਹਾ। ‘‘ਕਿਹੜੀਆਂ ਗੱਲਾਂ ਲੁਕੋ ਕੇ ਰੱਖੀਆਂ ਨੇ ਦਿਲ ’ਚ ਜਿਹੜੀਆਂ ਤੂੰ ਕਰਨੀਆਂ ਨੇ।’’ ਜੀਤੀ ਨੇ ਪਾਲੀ ਨੂੰ ਛੇੜਦਿਆਂ ਕਿਹਾ।
‘‘ਤੈਨੂੰ ਤਾਂ ਹਰੇਕ ਗੱਲ ’ਚ ਮਜ਼ਾਕ ਸੁੱਝਦੈ।’’ ਪਾਲੀ ਕੁਝ ਸਮੇਂ ਵਿੱਚ ਹੀ ਜੀਤੀ ਦਾ ਸੁਭਾਅ ਜਾਣ ਗਈ ਸੀ। ਉਸ ਨੇ ਹੋਰ ਕੋਈ ਗੱਲ ਛੇੜਨਾ ਠੀਕ ਨਾ ਸਮਝਿਆ।
ਅਸਲ ’ਚ ਕਈ ਦਿਨਾਂ ਤੋਂ ਪਾਲੀ ਦੇ ਮਨ ਵਿੱਚ ਇੱਕ ਗੁੰਝਲ ਚੱਲ ਰਹੀ ਸੀ ਜਿਸ ਦਾ ਕੋਈ ਹੱਲ ਨਹੀਂ ਸੀ ਲੱਭ ਰਿਹਾ। ਨਾਨਕੇ ਪਿੰਡ ਰਹਿੰਦਿਆਂ ਉਸ ਨੂੰ ਉਦੋਂ ਇੱਕ ਮਹੀਨਾ ਹੀ ਹੋਇਆ ਸੀ ਜਦੋਂ ਉਹ ਬੱਸ ਦੀ ਉਡੀਕ ਵਿੱਚ ਅੱਡੇ ’ਤੇ ਖੜ੍ਹੀ ਹੁੰਦੀ ਸੀ ਤਾਂ ਤਕਰੀਬਨ ਹਰ ਰੋਜ਼ ਹੀ ਇੱਕ ਨੌਜਵਾਨ ਨੂੰ ਦੇਖਦੀ। ਦਰਮਿਆਨੇ ਕੱਦ ਦਾ ਗੋਰਾ ਜਿਹਾ ਮੁੰਡਾ ਸੀ, ਸਿਰ ’ਤੇ ਪਰਨਾ ਬੰਨ੍ਹਿਆ ਹੁੰਦਾ ਸੀ, ਸੋਹਣਾ ਸਰਦਾਰ ਮੁੰਡਾ ਸੀ। ਅੱਖਾਂ ਵਿੱਚ ਕੁਝ ਅਜਿਹਾ ਅਹਿਸਾਸ ਸੀ ਜਿਵੇਂ ਜ਼ਿੰਦਗੀ ਵਿੱਚ ਕੋਈ ਆਸ ਹੀ ਨਾ ਰਹੀ ਹੋਵੇ, ਜਾਂ ਸਾਰੀਆਂ ਆਸਾਂ ਪੂਰੀਆਂ ਹੋ ਚੁੱਕੀਆਂ ਹੋਣ। ਪਾਲੀ ਨੂੰ ਉਹ ਪਿੰਡ ਦੀ ਨਿਆਈਂ ਵਾਲੇ ਖੇਤ ਵਿੱਚ ਕੰਮ ਕਰਦਾ ਦਿਸਦਾ ਸੀ। ਕਦੇ ਟਰੈਕਟਰ ਲੈ ਕੇ ਖੇਤ ਜਾ ਰਿਹਾ ਹੁੰਦਾ, ਕਦੇ ਖੇਤੋਂ ਰੇਹੜੇ ’ਤੇ ਪਸ਼ੂਆਂ ਲਈ ਪੱਠੇ ਲੈ ਕੇ ਮੁੜ ਰਿਹਾ ਹੁੰਦਾ ਅਤੇ ਕਦੇ ਮੋਟਰ ਸਾਈਕਲ ’ਤੇ ਖੇਤਾਂ ਨੂੰ ਗੇੜਾ ਮਾਰਨ ਜਾ ਰਿਹਾ ਹੁੰਦਾ।
ਜਦੋਂ ਉਹ ਪਾਲੀ ਦੇ ਨੇੜਿਓਂ ਲੰਘਦਾ ਤਾਂ ਇੱਕ ਨਜ਼ਰ ਪਾਲੀ ਵੱਲ ਜ਼ਰੂਰ ਵੇਖਦਾ ਸੀ। ਪਾਲੀ ਨੂੰ ਵੀ ਉਹ ਚੰਗਾ ਲੱਗਣ ਲੱਗ ਪਿਆ ਸੀ। ਦੋਵਾਂ ਦੀਆਂ ਨਜ਼ਰਾਂ ਇੱਕ ਛਿਣ ਲਈ ਮਿਲ ਜਾਂਦੀਆਂ ਤੇ ਫਿਰ ਚੌਗਿਰਦੇ ਵਿੱਚ ਖਿਲਰ ਜਾਦੀਆਂ ਸਨ। ਅੱਡੇ ਉੱਤੇ ਪਿੰਡ ਦੇ ਲੋਕਾਂ ਦੀ ਗਹਿਮਾ ਗਹਿਮੀ ਹੋਣ ਕਰਕੇ ਕਦੇ ਵੀ ਦੋਵਾਂ ਵਿੱਚ ਕੋਈ ਬੋਲ ਸਾਂਝਾ ਨਹੀਂ ਹੋਇਆ ਸੀ। ਪਾਲੀ ਜਿੰਨੀ ਦੇਰ ਬੱਸ ਦੀ ਉਡੀਕ ਕਰਦੀ ਸੀ ਓਨੀ ਦੇਰ ਉਸ ਨੂੰ ਇੱਕ ਹੋਰ ਵੀ ਉਡੀਕ ਬਣੀ ਰਹਿੰਦੀ ਸੀ ਕਿ ਉਸ ਨੌਜਵਾਨ ਦੀ ਝਲਕ ਵੀ ਮਿਲ ਜਾਵੇ। ਤਕਰੀਬਨ ਰੋਜ਼ ਵਾਂਗੂੰ ਹੀ ਉਹ ਪਾਲੀ ਨੂੰ ਦਿਸ ਪੈਂਦਾ ਸੀ। ਉਸ ਤੋਂ ਬਾਅਦ ਪਾਲੀ ਦਿਨ ਵਿੱਚ ਕਈ ਵਾਰ ਉਸ ਨੂੰ ਆਪਣੇ ਖ਼ਿਆਲਾਂ ਵਿੱਚ ਵੇਖਦੀ ਸੀ।
ਪਾਲੀ ਨੂੰ ਪਿੰਡ ਰਹਿੰਦਿਆਂ ਤਕਰੀਬਨ ਤਿੰਨ ਮਹੀਨੇ ਵਾਂਗ ਹੋ ਚੁੱਕੇ ਸਨ। ਹੁਣ ਉਸ ਦੀ ਤਿਆਰੀ ਵੀ ਕਾਫ਼ੀ ਵਧੀਆ ਹੋ ਚੁੱਕੀ ਸੀ ਤੇ ਅਗਲੇ ਮਹੀਨੇ ਉਸ ਨੇ ਪੇਪਰ ਵੀ ਦੇਣਾ ਸੀ। ਬੱਸ ਅੱਡੇ ਵੱਲ ਤੁਰੀ ਜਾਂਦੀ ਪਾਲੀ ਸੋਚ ਰਹੀ ਸੀ ਕਿ ਉਸ ਮੁੰਡੇ ਨੇ ਪਾਲੀ ਨਾਲ ਕਦੇ ਵੀ ਕੋਈ ਗੱਲ ਕਿਉਂ ਨਹੀਂ ਕੀਤੀ। ਅੱਜਕੱਲ੍ਹ ਤਾਂ ਮੁੰਡੇ ਕੁਝ ਹੀ ਦਿਨਾਂ ਵਿੱਚ ਗੱਲ ਤੋਰ ਹੀ ਲੈਂਦੇ ਹਨ, ਪਰ ਉਸ ਵੱਲੋਂ ਕੋਈ ਵੀ ਪਹਿਲ ਨਹੀਂ ਹੋ ਰਹੀ ਸੀ। ਇੰਨੇ ਨੂੰ ਗਲੀ ਵਿੱਚ ਪਾਲੀ ਕੋਲੋਂ ਇੱਕ ਪੰਦਰਾਂ ਕੁ ਸਾਲਾਂ ਦਾ ਮੁੰਡਾ ਸਾਈਕਲ ’ਤੇ ਜਾਂਦਾ ਜਾਂਦਾ ਅਚਾਨਕ ਰੋੜੇ ਤੋਂ ਥਿੜਕ ਕੇ ਡਿੱਗ ਪਿਆ। ਪਾਲੀ ਨੇ ਉਸ ਦੇ ਸਾਈਕਲ ਨੂੰ ਚੁੱਕਦਿਆਂ ਪੁੱਛਿਆ, ‘‘ਸੱਟ ਤਾਂ ਨੀ ਲੱਗੀ ਤੇਰੇ?’’ ‘‘ਨਹੀਂ ਨਹੀਂ ਦੀਦੀ, ਠੀਕ ਹੈ।’’ ਉਸ ਨੇ ਕੱਪੜੇ ਝਾੜਦਿਆਂ ਜਵਾਬ ਦਿੱਤਾ। ਪਾਲੀ ਨੇ ਉਸ ਨੂੰ ਸਮਝਾਉਂਦਿਆਂ ਕਿਹਾ, ‘‘ਏਨੀ ਕਾਹਲੀ ਕਿੱਥੇ ਜਾ ਰਿਹਾ ਸੀ? ਸਾਈਕਲ ਹੌਲੀ ਚਲਾਇਆ ਕਰ, ਸੱਟ ਲੱਗ ਜਾਣੀ ਸੀ।’’ ‘‘ਮੈਂ ਕਿਹੜਾ ਕੋਈ ਤੇਜ਼ ਜਾ ਰਿਹਾ ਸੀ, ਉਹ ਤਾਂ ਰੋੜੇ ਤੋਂ ਟਾਇਰ ਬੁੜ੍ਹਕ ਗਿਆ ਸੀ।’’ ਮੁੰਡੇ ਨੇ ਗੱਲ ’ਤੇ ਪਰਦਾ ਪਾਇਆ। ‘‘ਮੈਂ ਤਾਂ ਸਾਡੇ ਨਿਆਈਂ ਵਾਲੇ ਖੇਤ ਚੱਲਿਆ ਸੀ, ਮੇਰੇ ਡੈਡੀ ਨੂੰ ਮੰਮੀ ਨੇ ਘਰੇ ਸੱਦਿਆ, ਘਰ ਆਇਆ ਕੋਈ।’’ ‘‘ਚੱਲ ਆਜਾ ਮੇਰੇ ਨਾਲ ਹੀ ਚੱਲ ਤੁਰਦਾ ਤੁਰਦਾ।’’ ਪਾਲੀ ਨੇ ਉਸ ਨੂੰ ਆਪਣੇ ਨਾਲ ਹੀ ਤੋਰ ਲਿਆ।
ਤੁਰਦੇ ਤੁਰਦੇ ਦੋਵੇਂ ਅੱਡੇ ’ਤੇ ਪਹੁੰਚ ਗਏ ਤੇ ਪਾਲੀ ਬੱਸ ਦੀ ਉਡੀਕ ਵਿੱਚ ਖੜ੍ਹ ਗਈ। ਮੁੰਡੇ ਨੇ ਸੜਕ ’ਤੇ ਖੜ੍ਹ ਕੇ ਹੀ ਖੇਤਾਂ ਵਿੱਚ ਕੰਮ ਕਰਦੇ ਆਪਣੇ ਡੈਡੀ ਨੂੰ ਆਵਾਜ਼ ਮਾਰੀ, ‘‘ਡੈਡੀ! ਘਰ ਆਜਾ, ਮੰਮੀ ਨੇ ਸੱਦਿਆ ਤੈਨੂੰ, ਘਰ ਕੋਈ ਆਇਆ ਹੋਇਆ।’’ ‘‘ਚੰਗਾ ਤੂੰ ਚੱਲ। ਮੈਂ ਆ ਗਿਆ ਬੱਸ।’’ ਅੱਗੋਂ ਜਵਾਬ ਮਿਲਿਆ। ਪਾਲੀ ਨੇ ਮੁੜ ਕੇ ਦੇਖਿਆ ਇਹ ਤਾਂ ਉਹੀ ਨੌਜਵਾਨ ਸੀ। ਪਾਲੀ ਦੇ ਜਿਵੇਂ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ‘‘ਇਹ ਉਸ ਮੁੰਡੇ ਦਾ ਡੈਡੀ ਹੈ?’’ ਪਾਲੀ ਦੇ ਪੈਰ ਥਿੜਕਣ ਲੱਗੇ, ਦਿਲ ਧੱਕ ਧੱਕ ਵੱਜਣ ਲੱਗਾ। ਉਹ ਜਿਸ ਮੁੰਡੇ ਨੂੰ ਦਿਲੀ ਦਿਲ ਪਸੰਦ ਕਰ ਰਹੀ ਸੀ ਉਹ ਤਾਂ ਉਸ ਮੁੰਡੇ ਦਾ ਡੈਡੀ ਹੈ, ਪਰ ਇਹ ਕਿਵੇਂ ਹੋ ਸਕਦਾ ਹੈ, ਉਸ ਦੀ ਉਮਰ ਇੰਨੀ ਨਹੀਂ ਲੱਗਦੀ ਸੀ ਕਿ ਉਸ ਦਾ ਐਨਾ ਵੱਡਾ ਮੁੰਡਾ ਹੋਵੇ। ਪਾਲੀ ਦੇ ਦਿਮਾਗ਼ ਵਿੱਚ ਕਿੰਨੇ ਹੀ ਸਵਾਲ ਝੁਰਮਟ ਪਾ ਰਹੇ ਸਨ। ‘ਕਿਤੇ ਮੈਨੂੰ ਕੋਈ ਭੁਲੇਖਾ ਤਾਂ ਨਹੀਂ ਲੱਗਿਆ।’ ਪਾਲੀ ਨੇ ਸੋਚਿਆ। ਪਰ ਹੋਰ ਤਾਂ ਕੋਈ ਉੱਥੇ ਹੈ ਹੀ ਨਹੀਂ ਸੀ ਜਿਸ ਨੂੰ ਮੁੰਡੇ ਨੇ ਆਵਾਜ਼ ਮਾਰੀ ਹੋਵੇ।
ਬੱਸ ਆ ਕੇ ਖੜ੍ਹ ਗਈ। ਕਾਹਲੀ ਨਾਲ ਤੁਰੀ ਆਉਂਦੀ ਜੀਤੀ ਨੇ ਬੱਸ ਵਿੱਚ ਚੜ੍ਹਨ ਲੱਗਿਆਂ ਬੁੱਤ ਬਣੀ ਖੜ੍ਹੀ ਪਾਲੀ ਨੂੰ ਆਵਾਜ਼ ਮਾਰੀ, ‘‘ਆਜਾ ਹੁਣ, ਜਾਣਾ ਨੀ?’’ ਪਾਲੀ ਇਕਦਮ ਸੁਚੇਤ ਹੋਈ ਤੇ ਬੱਸ ਵਿੱਚ ਚੜ੍ਹ ਗਈ।
ਪਾਲੀ ਸਾਰਾ ਦਿਨ ਖ਼ਿਆਲਾਂ ਦੀ ਉਲਝਣ ਤਾਣੀ ਵਿੱਚ ਫਸੀ ਰਹੀ। ਕਲਾਸ ਵਿੱਚ ਉਹਦਾ ਮਨ ਨਾ ਲੱਗਿਆ ਅਤੇ ਉਹ ਕਲਾਸ ਅੱਧ ਵਿਚਕਾਰ ਹੀ ਛੱਡ ਕੇ ਬਾਹਰ ਆ ਗਈ। ਉਸ ਨੇ ਜੀਤੀ ਨੂੰ ਕਿਹਾ, ‘‘ਮੇਰੀ ਤਬੀਅਤ ਠੀਕ ਨਹੀਂ, ਮੈਂ ਘਰ ਜਾ ਰਹੀ ਹਾਂ, ਤੂੰ ਆਪੇ ਆਜੀਂ।’’ ਉਸ ਨੇ ਦੁਪਹਿਰ ਵਾਲੀ ਬੱਸ ਫੜੀ ਤੇ ਪਿੰਡ ਮੁੜ ਆਈ। ਵਾਰੀ ਵਾਰੀ ਉਸ ਨੂੰ ਇਹੀ ਖ਼ਿਆਲ ਆ ਰਿਹਾ ਸੀ ਕਿ ਕਿਤੇ ਉਸ ਨੂੰ ਕੋਈ ਭੁਲੇਖਾ ਤਾਂ ਨਹੀਂ ਲੱਗ ਰਿਹਾ। ਉਹ ਕਿਸੇ ਨੂੰ ਕੁਝ ਪੁੱਛ ਵੀ ਨਹੀਂ ਸਕਦੀ ਸੀ। ਸੋਚਾਂ ਸੋਚਦੇ ਹੋਏ ਹੀ ਰਾਤ ਲੰਘ ਗਈ। ਅਗਲੇ ਦਿਨ ਉਸ ਦਾ ਸ਼ਹਿਰ ਜਾਣ ਦਾ ਦਿਲ ਨਾ ਕੀਤਾ ਅਤੇ ਉਹ ਘਰ ਵਿੱਚ ਹੀ ਰਹੀ। ਜੀਤੀ ਤੋਂ ਬਿਨਾ ਹੋਰ ਕੋਈ ਉਸ ਦੇ ਦਿਮਾਗ਼ ਵਿੱਚ ਨਹੀਂ ਆ ਰਿਹਾ ਸੀ ਜਿਸ ਤੋਂ ਇਸ ਬਾਰੇ ਕੋਈ ਜਾਣਕਾਰੀ ਲਈ ਜਾ ਸਕਦੀ ਹੋਵੇ, ਪਰ ਜੀਤੀ ਸੁਭਾਅ ਦੀ ਚੰਚਲ ਸੀ। ਉਸ ਨੇ ਗੱਲ ਨੂੰ ਹਾਸੇ ਵਿੱਚ ਪਾ ਦੇਣਾ ਸੀ ਜਾਂ ਉਸ ਨੇ ਕੋਈ ਹੋਰ ਹੀ ਮਤਲਬ ਕੱਢ ਮਾਰਨਾ ਸੀ।
ਪਰ ਪਾਲੀ ਕੋਲ ਜੀਤੀ ਨਾਲ ਗੱਲ ਕਰਨ ਤੋਂ ਬਿਨਾ ਹੋਰ ਕੋਈ ਚਾਰਾ ਵੀ ਨਹੀਂ ਸੀ। ਅਗਲੇ ਦਿਨ ਜਦੋਂ ਪਾਲੀ ਤੇ ਜੀਤੀ ਦੀ ਕਲਾਸ ਦੀ ਬਰੇਕ ਹੋਈ ਤਾਂ ਉਸ ਨੇ ਜੀਤੀ ਨੂੰ ਕਿਹਾ, ‘‘ਕੰਟੀਨ ਵਿੱਚ ਚੱਲ ਕੇ ਚਾਹ ਪੀਂਦੇ ਹਾਂ, ਨਾਲੇ ਤੇਰੇ ਨਾਲ ਕੋਈ ਗੱਲ ਕਰਨੀ ਹੈ।’’ ‘‘ਓਏ ਹੋਏ, ਮੇਰੇ ਨਾਲ ਅੱਜ ਕਿਹੜਾ ਦਿਲ ਦਾ ਭੇਤ ਖੋਲਣਾ ਤੂੰ?’’ ਜੀਤੀ ਨੇ ਮੱਛਰਦਿਆਂ ਆਖਿਆ। ਪਾਲੀ ਨੇ ਉਸ ਦੇ ਮੋਢੇ ’ਤੇ ਧੱਫਾ ਮਾਰਦਿਆਂ ਕਿਹਾ, ‘‘ਜੇ ਚੱਜ ਨਾਲ ਗੱਲ ਸੁਣੇਂਗੀ ਤਾਂ ਹੀ ਕੋਈ ਗੱਲ ਕਰੂੰ, ਜੇ ਮਖੌਲ ਹੀ ਕਰਨਾ ਫੇਰ ਰਹਿਣਦੇ।’’ ਜੀਤੀ ਕੁਝ ਗੰਭੀਰ ਹੋ ਕੇ ਪਾਲੀ ਨਾਲ ਤੁਰ ਪਈ। ਦੋਵੇਂ ਕੰਟੀਨ ਵਿੱਚ ਇੱਕ ਨੁੱਕਰ ਵਿੱਚ ਕੁਰਸੀਆਂ ’ਤੇ ਬੈਠ ਗਈਆਂ। ਕੰਟੀਨ ਵਿੱਚ ਕੰਮ ਕਰਨ ਵਾਲਾ ਛੋਟੂ ਉਨ੍ਹਾਂ ਨੂੰ ਦੋ ਕੱਪ ਚਾਹ ਫੜਾ ਗਿਆ।
‘‘ਦੱਸ ਵੀ ਹੁਣ ਕੀ ਗੱਲ ਕਰਨੀ ਸੀ?’’ ਜੀਤੀ ਤੋਂ ਸਬਰ ਨਹੀਂ ਹੋ ਰਿਹਾ ਸੀ। ‘‘ਜੀਤੀ! ਆਪਣੇ ਪਿੰਡ ਦੇ ਅੱਡੇ ਦੇ ਨਾਲ ਜਿਹੜਾ ਨਿਆਈਂ ਵਾਲਾ ਖੇਤ ਹੈ। ਉੱਥੇ ਇੱਕ ਮੁੰਡਾ ਹੁੰਦੈ ਨਾ।’’ ਪਾਲੀ ਨੇ ਗੱਲ ਤੋਰੀ। ‘‘ਕਿਹੜਾ ਮੁੰਡਾ?’’ ਜੀਤੀ ਨੇ ਪੁੱਛਿਆ। ‘‘ਨੀ ਜਿਹੜਾ ਰੋਜ਼ ਉੱਥੇ ਕੋਈ ਨਾ ਕੋਈ ਕੰਮ ਕਰਦਾ ਹੁੰਦੈ, ਕਈ ਵਾਰ ਟਰੈਕਟਰ ਲੈ ਕੇ ਆਉਂਦਾ ਵੀ ਮਿਲਿਆ ਆਪਾਂ ਨੂੰ।’’ ਉਸ ਨੇ ਹੋਰ ਵਿਸਥਾਰ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ। ‘‘ਅੱਛਾ ਉਹੋ, ਚਾਚੀ ਬੀਰੋ ਕਾ ਗੁਰਪ੍ਰੀਤ, ਹਾਂ, ਹੁੰਦੈ ਓਥੈ, ਕੀ ਗੱਲ... ਨੀ ਕਿਤੇ ਤੈਨੂੰ ਪਸੰਦ ਤਾਂ ਨੀ ਆ ਗਿਆ ਉਹ?’’ ਜੀਤੀ ਨੇ ਫਿਰ ਆਪਣਾ ਅੰਦਾਜ਼ ਫੜ ਲਿਆ। ਪਾਲੀ ਦੀ ਜਿਵੇਂ ਚੋਰੀ ਫੜੀ ਗਈ ਹੋਵੇ। ‘‘ਐਵੇਂ ਨਾ ਭਕਾਈ ਮਾਰਿਆ ਕਰ, ਤਾਂ ਹੀ ਤੇਰੇ ਨਾਲ ਕੋਈ ਗੱਲ ਕਰਨ ਦਾ ਜੀਅ ਨੀ ਕਰਦਾ।’’ ਪਾਲੀ ਨੇ ਉਪਰੋਂ ਉਪਰੋਂ ਗੁੱਸਾ ਦਿਖਾਇਆ। ਜੀਤੀ ਨੇ ਉਸ ਨੂੰ ਮਨਾਉਂਦਿਆਂ ਕਿਹਾ, ‘‘ਚੱਲ ਗੁੱਸਾ ਨਾ ਕਰ, ਦੱਸ ਕੀ ਗੱਲ ਐ?’’
‘‘ਗੱਲ ਤਾਂ ਕੋਈ ਨੀ। ਉਹ ਮੁੰਡਾ ਵਿਆਹਿਆ ਤਾਂ ਲੱਗਦਾ ਨੀ, ਉਮਰ ਵੀ ਜ਼ਿਆਦਾ ਨੀ। ਪਰ ਕੱਲ੍ਹ ਇੱਕ ਕਿੱਡਾ ਵੱਡਾ ਮੁੰਡਾ ਉਹਨੂੰ ਡੈਡੀ ਕਹਿ ਰਿਹਾ ਸੀ। ਮੈਨੂੰ ਗੱਲ ਦੀ ਕੁਝ ਸਮਝ ਨੀ ਆਈ। ਮੈਂ ਤਾਂ, ਤੈਨੂੰ ਤਾਂ ਪੁੱਛਿਐ।’’ ਉਸ ਨੇ ਜੀਤੀ ਤੋਂ ਆਪਣੇ ਦਿਲ ਦਾ ਭੇਤ ਲੁਕਾ ਕੇ ਹੀ ਰੱਖਿਆ ਸੀ।
‘‘ਓ ਅੱਛਾ। ਤੈਨੂੰ ਦੱਸਦੀ ਆਂ ਸਾਰੀ ਗੱਲ। ਹੋਇਆ ਤਾਂ ਧੱਕਾ ਹੀ ਆ ਵਿਚਾਰੇ ਨਾਲ। ਪਰ ਕੀਤਾ ਕੀ ਜਾ ਸਕਦਾ।’’ ਜੀਤੀ ਨੇ ਗੁੰਝਲ ਖੋਲ੍ਹਣੀ ਸ਼ੁਰੂ ਕੀਤੀ। ‘‘ਚਾਚੀ ਬੀਰੋ ਦਾ ਘਰਵਾਲਾ ਤਾਂ ਕਈ ਸਾਲ ਪਹਿਲਾਂ ਹੀ ਰੱਬ ਨੂੰ ਪਿਆਰਾ ਹੋ ਗਿਆ ਸੀ। ਇੱਕ ਕੁੜੀ ਸੀ ਉਨ੍ਹਾਂ ਦੀ ਤੇ ਇੱਕ ਮੁੰਡਾ। ਕੁੜੀ ਦਾ ਤਾਂ ਪਿਉ ਦੇ ਜਿਉਂਦੇ ਜੀਅ ਹੀ ਵਿਆਹ ਹੋ ਗਿਆ ਸੀ। ਪਰ ਮੁੰਡਾ ਉਦੋਂ ਕੁਆਰਾ ਹੀ ਸੀ। ਵੀਹ ਕਿੱਲੇ ਜ਼ਮੀਨ ਸੀ ਉਨ੍ਹਾਂ ਕੋਲ, ਚੰਗਾ ਘਰ ਸੀ, ਟਰੈਕਟਰ ਸੀ। ਮਤਲਬ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਸੀ। ਪਤੀ ਦੇ ਤੁਰ ਜਾਣ ਤੋਂ ਬਾਅਦ ਚਾਚੀ ਬੀਰੋ ਨੇ ਮੁੰਡੇ ਦਾ ਵਿਆਹ ਕਰ ਲਿਆ। ਅਗਲੇ ਸਾਲ ਹੀ ਉਨ੍ਹਾਂ ਦੇ ਘਰ ਕਾਕਾ ਹੋ ਗਿਆ। ਦੋ ਤਿੰਨ ਸਾਲ ਹੀ ਸੁੱਖ ਨਾਲ ਟੱਪੇ ਸੀ ਕਿ ਰੱਬ ਦਾ ਭਾਣਾ ਵਰਤ ਗਿਆ।’’ ਜੀਤੀ ਦੇ ਬੋਲਾਂ ਵਿੱਚ ਉਦਾਸੀ ਆ ਗਈ। ‘‘ਕਿਉਂ? ਕੀ ਗੱਲ ਹੋ ਗਈ ਸੀ?’’ ਪਾਲੀ ਨੇ ਉਤਸੁਕਤਾ ਨਾਲ ਪੁੱਛਿਆ। ‘‘ਚਾਚੀ ਬੀਰੋ ਦੇ ਮੁੰਡੇ ਨੂੰ ਮੋਟਰ ਤੋਂ ਕਰੰਟ ਲੱਗ ਗਿਆ ਸੀ ਤੇ ਉਹ ਪੂਰਾ ਹੋ ਗਿਆ।’’ ‘‘ਹਾਏ!’’ ਪਾਲੀ ਦੇ ਮੂੰਹੋਂ ਹੈਰਾਨੀ ਤੇ ਦੁੱਖ ਦਾ ਭਾਵ ਨਿਕਲਿਆ। ਜੀਤੀ ਨੇ ਗੱਲ ਜਾਰੀ ਰੱਖੀ, ‘‘ਨੀ ਹੋਰ ਕੀ। ਸਾਰੇ ਪਿੰਡ ’ਚ ਸੋਗ ਛਾ ਗਿਆ ਸੀ। ਬਾਹਲਾ ਮਾੜਾ ਹੋ ਗਿਆ ਚਾਚੀ ਬੀਰੋ ਨਾਲ ਤੇ ਉਹਦੀ ਜਵਾਨ ਨੂੰਹ ਨਾਲ। ਚਾਚੀ ਬੀਰੋ ਦਾ ਪੋਤਾ ਵੀ ਬਹੁਤ ਛੋਟਾ ਸੀ। ਵਿਚਾਰਿਆਂ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ।’’
‘‘ਸੱਚੀਂ ਰੱਬ ਵੀ ਕਦੇ ਕਦੇ ਕਿਸੇ ਨਾਲ ਅਨਿਆਂ ਹੀ ਕਰ ਜਾਂਦੈ।’’ ਪਾਲੀ ਨੇ ਦੁੱਖ ਵਿੱਚ ਸ਼ਰੀਕ ਹੁੰਦਿਆਂ ਆਖਿਆ।
‘‘ਚਾਚੀ ਬੀਰੋ ਦੀ ਨੂੰਹ ਦੇ ਪੇਕਿਆਂ ਨੇ ਤਾਂ ਭੋਗ ’ਤੇ ਹੀ ਆਖ ਦਿੱਤਾ ਕਿ ਉਹ ਆਪਣੀ ਜਵਾਨ ਧੀ ਦੀ ਜ਼ਿੰਦਗੀ ਰੁਲਣ ਨਹੀਂ ਦੇਣਗੇ ਅਤੇ ਉਹਦਾ ਕਿਤੇ ਹੋਰ ਵਿਆਹ ਕਰਨਗੇ। ਚਾਚੀ ਬੀਰੋ ਨੇ ਬੜੇ ਤਰਲੇ ਮਿੰਨਤਾਂ ਕੀਤੀਆਂ ਕਿ ਉਹ ਨੂੰਹ-ਸੱਸ ਆਪਣੇ ਜਵਾਕ ਦੇ ਸਹਾਰੇ ਦਿਨ ਕੱਟ ਲੈਣਗੀਆਂ ਪਰ ਉਹਦੀ ਕੋਈ ਪੇਸ਼ ਨੀ ਸੀ ਜਾ ਰਹੀ। ਉਹਦੀ ਨੂੰਹ ਦੇ ਨਾਲ ਪੋਤਰਾ ਵੀ ਤੁਰ ਜਾਂਦਾ ਤਾਂ ਜ਼ਮੀਨ ਜਾਇਦਾਦ ਕਿਹੜੇ ਕੰਮ ਸੀ?’’
‘‘ਤਾਂ ਉਹ ਮੁੰਡਾ ਜਿਹੜਾ ਸਾਈਕਲ ਲਈ ਫਿਰਦਾ ਸੀ, ਚੌਦਾਂ ਪੰਦਰਾਂ ਸਾਲਾਂ ਦਾ, ਉਹ ਬੀਰੋ ਦਾ ਪੋਤਰਾ ਹੋਣੈ।’’ ਪਾਲੀ ਨੂੰ ਕੁਝ ਕੁਝ ਗੁੰਝਲ ਸੁਲਝਦੀ ਲੱਗੀ।
‘‘ਦਿਲਪ੍ਰੀਤ ਨਾਂ ਹੈ ਉਹਦਾ।’’ ਜੀਤੀ ਨੇ ਦੱਸਿਆ। ਪਾਲੀ ਆਪਣੀ ਉਲਝਣ ਪੂਰੀ ਸੁਲਝਾਉਣਾ ਚਾਹੁੰਦੀ ਸੀ। ‘‘ਫੇਰ ਉਹ ਡੈਡੀ ਕੀਹਨੂੰ ਕਹਿ ਰਿਹਾ ਸੀ।’’ ਪਾਲੀ ਨੇ ਪੁਛਿਆ।
‘‘ਚਾਚੀ ਬੀਰੋ ਦੀ ਕੁੜੀ ਦੇ ਦੋ ਮੁੰਡੇ ਨੇ, ਵੱਡਾ ਕੁਲਦੀਪ ਉਦੋਂ 18 ਕੁ ਸਾਲਾਂ ਦਾ ਸੀ ਤੇ ਨਿੱਕਾ ਗੁਰਪ੍ਰੀਤ 15 ਕੁ ਦਾ ਹੋਣੈ। ਚਾਚੀ ਬੀਰੋ ਤੇ ਉਹਦੀ ਧੀ ਨੇ ਕੁਲਦੀਪ ਦਾ ਵਿਆਹ ਆਪਣੀ ਨੂੰਹ ਨਾਲ ਕਰ ਕੇ ਜ਼ਮੀਨ ਜਾਇਦਾਦ ਦਾ ਵਾਰਿਸ ਬਣਾਉਣ ਦੀ ਸੋਚ ਸੋਚੀ।’’ ਜੀਤੀ ਨੇ ਅੱਗੇ ਦੱਸਿਆ।
‘‘ਹਾਏ! ਆਪਣੀ ਮਾਮੀ ਨਾਲ ਹੀ ਵਿਆਹ! ਹਾਏ ਨੀ।’’ ਜੀਤੀ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ।
‘‘ਹੋਰ ਫੇਰ ਕਰਦੇ ਵੀ ਕੀ?’’ ਜੀਤੀ ਨੇ ਸਵਾਲ ਕਰਦਿਆਂ ਅਗਲੀ ਗੱਲ ਦੱਸੀ, ‘‘ਪਰ ਉਹ ਮੁੰਡਾ ਤਾਂ ਰਾਜ਼ੀ ਨੀ ਹੋਇਆ। ਉਹ ਜਵਾਨ ਸੀ ਤੇ ਉੁਹਨੂੰ ਪੂਰੀ ਸਮਝ ਵੀ ਸੀ। ਉਹ ਆਪਣੀ ਮਾਮੀ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੋਇਆ ਤੇ ਘਰੋਂ ਭੱਜ ਕੇ ਆਪਣੀ ਭੂਆ ਕੋਲ ਚਲਾ ਗਿਆ।’’
ਪਾਲੀ ਨੂੰ ਗੁੰਝਲ ਸੁਲਝ ਗਈ ਜਾਪੀ, ‘‘ਅੱਛਾ ਫੇਰ ਮਾਮੀ ਨਾਲ ਛੋਟੇ ਮੁੰਡੇ ਦਾ ਵਿਆਹ ਕਰ ਦਿੱਤਾ। ਹਾਏ!’’ ਪਾਲੀ ਨੇ ਗੰਢ ਖੋਲ੍ਹ ਹੀ ਲਈ।
‘‘ਉਹਨੂੰ ਵਿਚਾਰੇ ਨੂੰ ਤਾਂ ਪਤਾ ਹੀ ਨੀ ਸੀ। ਉਹਨੂੰ ਤਾਂ ਬੱਸ ਏਨਾ ਹੀ ਦੱਸਿਆ ਸੀ ਕਿ ਹੁਣ ਉਹ ਆਪਣੀ ਨਾਨੀ ਕੋਲ ਜਾ ਕੇ ਰਹੇ।’’ ਜੀਤੀ ਨੇ ਗੱਲ ਨਬਿੇੜ ਦਿੱਤੀ।
‘‘ਇਸ ਸਮਾਜ ਵਿੱਚ ਜਾਇਦਾਦ ਦਾ ਦਾਨਵ ਦਿਲਾਂ ਦੀਆਂ ਸੱਧਰਾਂ ਨੂੰ ਮਿੱਧ ਹੀ ਦਿੰਦਾ ਹੈ, ਫੇਰ ਇਹਦੇ ਸਾਹਮਣੇ ਭਾਵੇਂ ਕੁੜੀ ਹੋਵੇ ਭਾਵੇਂ ਮੁੰਡਾ ਕੋਈ ਫ਼ਰਕ ਨਹੀਂ ਪੈਂਦਾ।’’ ਪਾਲੀ ਨੇ ਕਿਹਾ।
ਸ਼ਾਮ ਦੀ ਬੱਸ ’ਤੇ ਜਦੋਂ ਪਾਲੀ ਤੇ ਜੀਤੀ ਪਿੰਡ ਦੇ ਅੱਡੇ ’ਤੇ ਉਤਰੀਆਂ ਤਾਂ ਪਾਲੀ ਦਾ ਮਾਮਾ ਪੱਠਿਆਂ ਦਾ ਰੇੜਾ ਲਿਆ ਰਿਹਾ ਸੀ। ਉਸ ਨੇ ਅੱਜ ਨਵੇਂ ਵਹਿੜਕੇ ਨੂੰ ਰੇਹੜੇ ਵਿੱਚ ਜੋਤਿਆ ਸੀ। ਉਹ ਹੌਲੀ ਹੌਲੀ ਰੇਹੜੇ ਨੂੰ ਖਿੱਚ ਰਿਹਾ ਸੀ। ਕੋਲੋਂ ਲੰਘੇ ਸਰਪੰਚ ਨਰੰਜਨ ਸਿੰਘ ਨੇ ਕਿਹਾ, ‘‘ਬਈ ਕੂਲੇ ਜਿਹੇ ਵਹਿੜਕੇ ਨੂੰ ਹੀ ਲਾ ਲਿਆ ਕੰਮ ’ਤੇ?’’ ‘‘ਸਰਪੰਚ ਸਾਬ੍ਹ! ਜ਼ਿੰਮੇਵਾਰੀ ਪਾ ਦਿੱਤੀ ਹੈ ਇਹਦੇ ’ਤੇ, ਆਪੇ ਤਗੜਾ ਹੁੰਦਾ ਰਹੂ ਹੁਣ।’’ ਪਾਲੀ ਦੇ ਮਾਮੇ ਨੇ ਜਵਾਬ ਦਿੱਤਾ। ਪਾਲੀ ਨੇ ਦੇਖਿਆ ਗੁਰਪ੍ਰੀਤ ਮੋਟਰਸਾਈਕਲ ’ਤੇ ਲੰਘ ਰਿਹਾ ਸੀ ਅਤੇ ਉਹਦੇ ਪਿੱਛੇ ਦਿਲਪ੍ਰੀਤ ਬੈਠਾ ਸੀ।
ਸੰਪਰਕ: 94638-65060