BBMB ਪਾਣੀ ਵਿਵਾਦ : ਪੰਜਾਬ ਸਰਕਾਰ ਦੀ ਚਿੱਠੀ ਨੇ ਰੋਕੇ ਰਾਹ!
ਚਰਨਜੀਤ ਭੁੱਲਰ
ਚੰਡੀਗੜ੍ਹ, 8 ਮਈ
ਪੰਜਾਬ ਸਰਕਾਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ (ਸੁਰੱਖਿਆ) ਨੂੰ ਅੱਜ ਪੱਤਰ ਭੇਜ ਕੇ ਕਿਹਾ ਹੈ ਕਿ ਓਨਾ ਸਮਾਂ ਕੋਈ ਵੀ ਕਦਮ ਨਾ ਚੁੱਕਿਆ ਜਾਵੇ ਜਿੰਨਾ ਚਿਰ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਵਿੱਚ 2 ਮਈ ਨੂੰ ਹੋਈ ਮੀਟਿੰਗ ਦੇ ਮਿੰਟਸ ਪੰਜਾਬ ਦੇ ਜਲ ਸਰੋਤ ਵਿਭਾਗ ਨੂੰ ਮੁਹੱਈਆ ਨਹੀਂ ਕਰਾ ਦਿੱਤੇ ਜਾਂਦੇ। ਦੱਸਣਯੋਗ ਹੈ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੇਅਰਮੈਨ ਮਨੋਜ ਤ੍ਰਿਪਾਠੀ ਅੱਜ ਚੁੱਪ ਚੁਪੀਤੇ ਨੰਗਲ ਡੈਮ ਪੁੱਜੇ ਸਨ ਜਿਨ੍ਹਾਂ ਨੂੰ ਪੰਜਾਬ ਪੁਲੀਸ ਨੇ ਨੰਗਲ ਡੈਮ ਦੇ ਅੰਦਰ ਦਾਖਲ ਹੋਣ ਤੋਂ ਰੋਕ ਦਿੱਤਾ ਸੀ।
ਪੰਜਾਬ ਪੁਲੀਸ ਨੇ ਡੈਮ ਦੇ ਆਸ ਪਾਸ ਦੇ ਖੇਤਰ ਨੂੰ ਸੀਲ ਕੀਤਾ ਹੋਇਆ ਹੈ। ਅਜਿਹੀਆਂ ਅਫ਼ਵਾਹਾਂ ਸਨ ਕਿ ਚੇਅਰਮੈਨ ਨੂੰ ਬੰਧਕ ਬਣਾ ਲਿਆ ਗਿਆ ਹੈ, ਪਰ ਇਸ ਤਰ੍ਹਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ। ਪਤਾ ਲੱਗਿਆ ਹੈ ਕਿ ਚੇਅਰਮੈਨ ਸਤਲੁਜ ਸਦਨ ਨਾਮ ਦੇ ਗੈੱਸਟ ਹਾਊਸ ਵਿੱਚ ਬੈਠੇ ਹਨ।
ਮੁੱਖ ਇੰਜੀਨੀਅਰ (ਨਹਿਰਾਂ) ਨੇ ਅੱਜ ਬੀਬੀਐੱਮਬੀ ਦੇ ਡਾਇਰੈਕਟਰ (ਸੁਰੱਖਿਆ) ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਕੇਂਦਰੀ ਗ੍ਰਹਿ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ 2 ਮਈ ਦੀ ਮੀਟਿੰਗ ਦੇ ਮਿੰਟਸ ਦਿੱਤੇ ਜਾਣ ਤਾਂ ਜੋ ਹਾਈਕੋਰਟ ਦੇ ਫ਼ੈਸਲੇ ਨੂੰ ਲਾਗੂ ਕੀਤਾ ਜਾ ਸਕੇ। ਚੇਤੇ ਰਹੇ ਕਿ ਹਾਈਕੋਰਟ ਨੇ 6 ਮਈ ਨੂੰ ਸੁਣਾਏ ਫ਼ੈਸਲੇ ਵਿੱਚ ਕਿਹਾ ਸੀ ਕਿ ਦਿੱਲੀ ਵਿੱਚ ਹੋਈ ਕੇਂਦਰੀ ਗ੍ਰਹਿ ਸਕੱਤਰ ਦੀ ਅਗਵਾਈ ਵਾਲੀ ਮੀਟਿੰਗ ਦੇ ਫ਼ੈਸਲੇ ਨੂੰ ਅਮਲ ਵਿੱਚ ਲਿਆਂਦਾ ਜਾਵੇ। ਕੇਂਦਰੀ ਗ੍ਰਹਿ ਸਕੱਤਰ ਨੇ ਪੰਜਾਬ ਸਰਕਾਰ ਨੂੰ ਹਰਿਆਣਾ ਨੂੰ 4500 ਕਿਊਸਿਕ ਵਾਧੂ ਪਾਣੀ ਛੱਡਣ ਦੀ ਸਲਾਹ ਦਿੱਤੀ ਸੀ।
ਜਾਣਕਾਰੀ ਅਨੁਸਾਰ ਬੀਬੀਐੱਮਬੀ ਕੋਲ ਅਜਿਹੇ ਕੋਈ ਮਿੰਟਸ ਨਹੀਂ ਹਨ। ਮਿੰਟਸ ਨਾ ਹੋਣ ਦਾ ਨੁਕਤਾ ਪੰਜਾਬ ਸਰਕਾਰ ਨੂੰ ਫ਼ਿਲਹਾਲ ਰਾਹਤ ਦੇਣ ਵਾਲਾ ਹੈ। ਪੰਜਾਬ ਸਰਕਾਰ ਨੇ ਕਿਹਾ ਕਿ ਜਿੰਨਾ ਚਿਰ ਮਿੰਟਸ ਨਹੀਂ ਦਿੱਤੇ ਜਾਂਦੇ, ਉਦੋਂ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ। ਇਸ ਦਾ ਮਤਲਬ ਹੈ ਕਿ ਪੱਤਰ ਨੇ ਭਾਖੜਾ ਡੈਮ ਤੋਂ ਹਰਿਆਣਾ ਨੂੰ ਵਾਧੂ ਪਾਣੀ ਛੱਡਣ ਦਾ ਇੱਕ ਵਾਰ ਰਾਹ ਰੋਕ ਦਿੱਤਾ ਹੈ।