ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੌਸਮ ਠੀਕ ਹੋਣ ਕਾਰਨ ਘਰੋਂ ਵੋਟ ਪਾਉਣ ਨਿਕਲੇ ਵੋਟਰ

05:00 AM Jun 20, 2025 IST
featuredImage featuredImage
ਲੁਧਿਆਣਾ ਵਿੱਚ ਜ਼ਿਮਨੀ ਚੋਣ ਦੌਰਾਨ ਪੋਲਿੰਗ ਬੂਥ ਦੇ ਬਾਹਰ ਮਾਰਚ ਕਰਦੀ ਹੋਈ ਪੁਲੀਸ।

ਗਗਨਦੀਪ ਅਰੋੜਾ
ਲੁਧਿਆਣਾ, 19 ਜੂਨ
ਵਿਧਾਨ ਸਭਾ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਵੇਲੇ ਅੱਜ ਠੀਕ ਮੌਸਮ ਹੋਣ ਕਾਰਨ ਲੋਕ ਵੋਟ ਪਾਉਣ ਲਈ ਘਰੋਂ ਬਾਹਰ ਨਿਕਲੇ।
ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਵੋਟਾਂ ਪੈਂਦੀਆਂ ਰਹੀਆਂ। ਸਿਰਫ਼ ਇੱਕ ਦੋ ਥਾਵਾਂ ਨੂੰ ਛੱਡ ਕਿਸੇ ਪਾਸੇ ਬਹਿਸ ਵੀ ਨਹੀਂ ਹੋਈ। ਮਾਲਵਾ ਸਕੂਲ ਦੇ ਬਾਹਰ ਸਵੇਰੇ ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਤੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਸਮਰਥਕਾਂ ਦੌਰਾਨ ਬਹਿਸ ਹੋਈ। ਇਥੇ ਮਮਤਾ ਆਸ਼ੂ ਗੇਟ ’ਤੇ ਖੜ੍ਹੇ ਹੋ ਕੇ ਵੋਟਾਂ ਪਵਾ ਰਹੀ ਸੀ, ਜਿਸ ’ਤੇ ਉਨ੍ਹਾਂ ਨੇ ਇਤਰਾਜ਼ ਕੀਤਾ।
ਬਾਅਦ ਵਿੱਚ ਕੁੱਝ ਤਲਖੀ ਮਮਤਾ ਆਸ਼ੂ ਦੀ ‘ਆਪ’ ਉਮੀਦਵਾਰ ਨਾਲ ਵੀ ਹੋਈ। ਜਾਣਕਾਰੀ ਮਿਲਣ ਮਗਰੋਂ ਕਈ ਥਾਣਿਆਂ ਦੇ ਸੀਨੀਅਰ ਪੁਲੀਸ ਅਧਿਕਾਰੀ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਸਮਝਾ ਕੇ ਮਾਮਲਾ ਸੁਲਝਾਇਆ। ਪਹਿਲੇ ਦੋ ਘੰਟਿਆਂ ਵਿੱਚ ਭਾਵ ਸਵੇਰੇ 9 ਵਜੇ ਤੱਕ ਸਿਰਫ਼ 8.50 ਫ਼ੀਸਦ, ਮਗਰੋਂ 11 ਵਜੇ ਤੱਕ 21.51 ਫ਼ੀਸਦ ਵੋਟਾਂ ਪਈਆਂ। ਦੁਪਹਿਰ 1 ਵਜੇ ਤੱਕ 33.42 ਫ਼ੀਸਦ, ਤਿੰਨ ਵਜੇ ਤੱਕ 41.04 ਫ਼ੀਸਦ ਵੋਟਾਂ ਪਈਆਂ। ਇਸ ਤੋਂ ਬਾਅਦ ਸ਼ਾਮ ਪੰਜ ਵਜੇ ਤੱਕ ਸਿਰਫ਼ 49.07 ਫ਼ੀਸਦ ਤੱਕ ਵੋਟਾਂ ਪਈਆਂ। ਇਸ ਹਲਕੇ ਵਿੱਚ ਕਾਫ਼ੀ ਸਨਅਤਕਾਰ ਰਹਿੰਦੇ ਹਨ, ਜੋ ਹਮੇਸ਼ਾ ਹੀ ਵੋਟਾਂ ਵੇਲੇ ਛੁੱਟੀ ਮਨਾਉਣ ਚਲੇ ਜਾਂਦੇ ਸਨ। ਇਸ ਵਾਰ ਸਨਅਤਕਾਰਾਂ ਨੇ ਪੋਲਿੰਗ ਬੂਥਾਂ ਦੇ ਬਾਹਰ ਕਤਾਰਾਂ ਵਿੱਚ ਲੱਗ ਕੇ ਵੋਟਾਂ ਪਾਈਆਂ।

Advertisement

ਐਕਟਿਵਾ ’ਤੇ ਘੁੰਮਦੇ ਰਹੇ ਆਸ਼ੂ
ਕਾਂਗਰਸੀ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਅੱਜ ਐਕਟਿਵਾ ’ਤੇ ਸਵਾਰ ਹੋ ਕੇ, ਹਲਕੇ ਦੀਆਂ ਗਲੀਆਂ ਵਿੱਚ ਜਾ ਕੇ ਬੂਥਾਂ ਦਾ ਨਿਰੀਖਣ ਕਰਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਦਾ ਕਈ ਥਾਵਾਂ ’ਤੇ ਸਮਰਥਕਾਂ ਨੇ ਸਵਾਗਤ ਕੀਤਾ। ਇੰਨਾ ਹੀ ਨਹੀਂ, ਆਸ਼ੂ ਨੇ ‘ਆਪ’, ਭਾਜਪਾ ਅਤੇ ਅਕਾਲੀ ਦਲ ਦੇ ਬੂਥਾਂ ’ਤੇ ਵੀ ਜਾ ਕੇ ਲੋਕਾਂ ਨਾਲ ਮੁਲਾਕਾਤ ਕੀਤੀ। ਉਧਰ, ਆਪਣੀ ਸਾਦਗੀ ਲਈ ਜਾਣੇ ਜਾਂਦੇ ‘ਆਪ’ ਉਮੀਦਵਾਰ ਸੰਜੀਵ ਅਰੋੜਾ ਵੀ ਹਰ ਬੂਥ ’ਤੇ ਆਪਣੇ ਸਮਰਥਕਾਂ ਨੂੰ ਮਿਲੇ ਅਤੇ ਉਹ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਰਹੇ।

ਬੂਥ ਨੰਬਰ 107 ’ਤੇ ਮਸ਼ੀਨ ਡੇਢ ਘੰਟਾ ਦੇਰੀ ਨਾਲ ਚੱਲੀ
ਮਾਡਲ ਟਾਊਨ ਦੇ ਆਰਐੱਸ ਮਾਡਲ ਸਕੂਲ ਵਿੱਚ ਸਵੇਰੇ ਵੋਟਾਂ ਦੇਰ ਨਾਲ ਪੈਣੀਆਂ ਸ਼ੁਰੂ ਹੋਈਆਂ। ਸਕੂਲ ਵਿੱਚ ਵੋਟ ਪਾਉਣ ਆਏ ਲੋਕਾਂ ਨੂੰ ਉੱਥੇ ਹੀ ਇੰਤਜ਼ਾਰ ਕਰਨਾ ਪਿਆ। ਬੂਥ ਨੰਬਰ 107 ’ਤੇ ਈਵੀਐੱਮ ਕੰਮ ਨਹੀਂ ਕਰ ਰਹੀ ਸੀ। ਇਸ ਕਾਰਨ ਡੇਢ ਘੰਟੇ ਲੋਕਾਂ ਨੂੰ ਉੱਥੇ ਹੀ ਇੰਤਜ਼ਾਰ ਕਰਨਾ ਪਿਆ। ਮਗਰੋਂ ਤਕਨੀਕੀ ਸਟਾਫ਼ ਨੂੰ ਬੁਲਾਇਆ ਗਿਆ ਅਤੇ ਮੁਰੰਮਤ ਮਗਰੋਂ ਮਸ਼ੀਨ ਚਾਲੂ ਕੀਤੀ ਗਈ। ਇਸ ਤੋਂ ਬਾਅਦ ਵੋਟਿੰਗ ਸ਼ੁਰੂ ਹੋਈ।

Advertisement

ਲੁਧਿਆਣਾ ਜ਼ਿਮਨੀ ਚੋਣ ਦੌਰਾਨ ਵੋਟ ਪਾਉਣ ਮਗਰੋਂ ਉਂਗਲ ’ਤੇ ਲੱਗਿਆ ਨਿਸ਼ਾਨ ਦਿਖਾਉਂਦੇ ਹੋਏ ਓਸਵਾਲ ਪਰਿਵਾਰ ਦੇ ਮੈਂਬਰ। -ਫੋਟੋਆਂ: ਹਿਮਾਂਸ਼ੂ ਮਹਾਜਨ

ਕਈ ਬੂਥਾਂ ਬਾਹਰ ਜਾਅਲੀ ਵੋਟਾਂ ਪੈਣ ਦਾ ਰੌਲਾ ਵੀ ਪਿਆ। ਸਰਾਭਾ ਨਗਰ ਵਿੱਚ ਵੋਟਿੰਗ ਦੌਰਾਨ ਵੋਟ ਪਾਉਣ ਆਏ ਵਿਅਕਤੀ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਆਪਣੀ ਵੋਟ ਸਲਿਪ ਦਿਖਾਈ ਤਾਂ ਤਾਂ ਪੋਲਿੰਗ ਅਫਸਰ ਨੇ ਕਿਹਾ ਕਿ ਉਸ ਦੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਦੇ ਬੂਥ ਨੰਬਰ 112 ’ਤੇ ਪਹੁੰਚੇ ਰਾਕੇਸ਼ ਮਹਿਰਾ ਨੇ ਦੋਸ਼ ਲਗਾਇਆ ਕਿ ਜਦੋਂ ਉਸ ਨੇ ਆਪਣੀ ਵੋਟ ਸਲਿਪ ਦਿਖਾਈ ਤਾਂ ਪੋਲਿੰਗ ਅਫਸਰ ਨੇ ਕਿਹਾ ਕਿ ਉਸ ਦੀ ਵੋਟ ਪਹਿਲਾਂ ਹੀ ਪਾਈ ਜਾ ਚੁੱਕੀ ਹੈ। ਉਹ ਇਸ ਗੱਲ ’ਤੇ ਹੈਰਾਨ ਰਹਿ ਗਿਆ।

Advertisement