ਬਾਊ ਪ੍ਰੀਤਮ ਸਿੰਘ
ਸਰਬਜੀਤ ਕੌਰ
ਪ੍ਰੀਤਮ ਸਿੰਘ ਪੰਜਾਬ ਦੇ ਇੱਕ ਪਿੰਡ ਸਰਹਾਲੀ ਵਿੱਚ ਜਨਮਿਆ ਸੀ। ਉਹ ਅਜੇ ਛੋਟਾ ਹੀ ਸੀ ਕਿ ਉਸ ਦੀ ਮਾਤਾ ਪ੍ਰਲੋਕ ਸਿਧਾਰ ਗਈ। ਪ੍ਰੀਤਮ ਸਿੰਘ ਤੇ ਉਸ ਦੇ ਛੋਟੇ ਭਰਾ ਦਾ ਪਾਲਣ-ਪੋਸ਼ਣ ਉਨ੍ਹਾਂ ਦੇ ਬਾਪੂ ਨੇ ਹੀ ਕੀਤਾ। ਉਸ ਨੇ ਕਦੇ ਦੂਜੇ ਵਿਆਹ ਬਾਰੇ ਸੋਚਿਆ ਵੀ ਨਹੀਂ ਸੀ।
ਪ੍ਰੀਤਮ ਸਿੰਘ ਦੇ ਬਾਪੂ ਨੇ ਘਰ ਵਿੱਚ ਇੱਕ ਬਾਂਦਰ ਰੱਖਿਆ ਹੋਇਆ ਸੀ। ਉਹ ਬਹੁਤ ਨਖਰੇ ਕਰਦਾ ਤੇ ਰੋਜ਼ ਸਵੇਰੇ-ਸਵੇਰੇ ਦੋਵਾਂ ਭਰਾਵਾਂ ਨੂੰ ਜਗਾਉਂਦਾ ਸੀ। ਪ੍ਰੀਤਮ ਸਿੰਘ ਨੂੰ ਜਦੋਂ ਕਦੇ ਬਾਂਦਰ ’ਤੇ ਗੁੱਸਾ ਚੜ੍ਹਦਾ ਤਾਂ ਉਹ ਆਪਣੇ ਬਾਪੂ ਨੂੰ ਕਹਿੰਦਾ, ‘‘ਬਾਪੂ ਜੀ, ਲੋਕ ਤਾਂ ਕਹਿੰਦੇ ਨੇ ਸਵੇਰੇ-ਸਵੇਰੇ ਬਾਂਦਰ ਦੇ ਮੱਥੇ ਲੱਗਣਾ ਨਹਿਸ਼ ਹੁੰਦਾ ਹੈ ਪਰ ਸਾਨੂੰ ਤਾਂ ਸੁੱਤਿਆਂ ਨੂੰ ਇਹੋ ਜਗਾਉਂਦਾ ਹੈ।” ਬਾਪੂ ਜੀ ਹੱਸ ਕੇ ਜਵਾਬ ਦਿੰਦੇ, ‘‘ਇਹ ਧਰਤੀ ਤਾਂ ਸਾਰੇ ਪਸ਼ੂ ਪੰਛੀਆਂ ਦੀ ਸਾਂਝੀ ਹੈ। ਇਹ ਸਾਰੀ ਖਲਕਤ ਰੱਬ ਦੀ ਬਣਾਈ ਹੋਈ ਹੈ।’’
ਪ੍ਰੀਤਮ ਸਿੰਘ ਦੇ ਬਾਪੂ ਨੇ ਦੋਵਾਂ ਪੁੱਤਰਾਂ ਨੂੰ ਲਾਗਲੇ ਪਿੰਡ ਕੈਰੋਂ ਦੇ ਸਕੂਲ ਵਿੱਚ ਪੜ੍ਹਨ ਲਾ ਦਿੱਤਾ। ਮਾਸਟਰ ਜੀ ਜਦੋਂ ਵੀ ਰੇਲਗੱਡੀ ਦੇ ਮੁਸਾਫ਼ਰਾਂ ਨੂੰ ਪਾਣੀ ਪਿਆਉਣ ਦੀ ਡਿਊਟੀ ਦੋਵਾਂ ਭਰਾਵਾਂ ਦੀ ਲਗਾਉਂਦੇ ਤਾਂ ਉਹ ਬਹੁਤ ਪ੍ਰੇਮ ਨਾਲ ਨਿਭਾਉਂਦੇ। ਜਦ ਕਦੇ ਗੁਰਪੁਰਬ ਮਨਾਇਆ ਜਾਂਦਾ ਤਾਂ ਪ੍ਰੀਤਮ ਸਿੰਘ ਗਤਕਾ ਖੇਡ ਕੇ ਪੂਰੇ ਜੌਹਰ ਵਿਖਾਉਂਦਾ। ਪ੍ਰੀਤਮ ਸਿੰਘ ਉੱਚਾ ਲੰਮਾ ਗੱਭਰੂ ਹੋ ਗਿਆ ਸੀ।
ਪ੍ਰੀਤਮ ਸਿੰਘ ਨੇ ਦਸਵੀਂ ਪਾਸ ਕਰ ਲਈ ਤੇ ਫ਼ੌਜ ਵਿੱਚ ‘ਬਾਊ’ ਭਰਤੀ ਹੋ ਗਿਆ। ਹੁਣ ਉਸ ਦਾ ਨਾਂ ਪਿੰਡ ਦੇ ਗਿਣੇ-ਚੁਣੇ ਲੋਕਾਂ ਵਿੱਚ ਆਉਂਦਾ ਸੀ। ਉਹ ਜਲਦੀ ਹੀ ਪਿੰਡ ਛੱਡ ਕੇ ਪੁਣੇ ਮਿਲਟਰੀ ਵਿੱਚ ਚਲਾ ਗਿਆ। ਗੁਰਬਾਣੀ ਦਾ ਪਾਠ ਉਹ ਨਿਤਾਪ੍ਰਤੀ ਕਰਦਾ ਸੀ। ਇੱਕ ਦਿਨ ਉਸ ਨੇ ਪਾਠ ਕੀਤਾ ਤੇ ਗੁਰਦੁਆਰੇ ਚਲਾ ਗਿਆ। ਜਦ ਉਹ ਗੇਟ ਲਾਗੇ ਪਹੁੰਚਿਆ ਤਾਂ ਉਸ ਨੇ ਚੋਖੇ ਸਾਰੇ ਸੰਧੂਰੀ ਅੰਬ ਜੋ ਸੰਧੂਰ ਨਾਲ ਲਿੱਬੜੇ ਹੋਏ ਥੱਲੇ ਪਏ ਸਨ, ਵੇਖੇ। ਉਹ ਮੱਥਾ ਟੇਕਣ ਨੂੰ ਤੁਰ ਪਿਆ। ਜਦ ਵਾਪਸ ਆਇਆ ਤਾਂ ਅੰਬ ਉਵੇਂ ਹੀ ਪਏ ਸਨ। ਉਸ ਨੇ ਮੋਢਿਆਂ ਤੋਂ ਚਾਦਰ ਉਤਾਰੀ। ਸਾਰੇ ਅੰਬ ਚਾਦਰ ਵਿੱਚ ਰੱਖ ਲਏ ਤੇ ਆਪਣੇ ਕਮਰੇ ਵਿੱਚ ਲੈ ਗਿਆ। ਉਸ ਨੇ ਅੰਬ ਧੋਤੇ ਤੇ ਚੂਪਣ ਲੱਗ ਪਿਆ। ਜਦੋਂ ਦੂਸਰੇ ਜਵਾਨਾਂ ਨੇ ਸੰਧੂਰੀ ਅੰਬ ਚੂਪਦਿਆਂ ਵੇਖਿਆ ਤਾਂ ਉਨ੍ਹਾਂ ਨੇ ਪੁੱਛਿਆ ਕਿ ਇਹ ਕਿੱਥੋਂ ਖਰੀਦੇ ਹਨ? ਪ੍ਰੀਤਮ ਸਿੰਘ ਨੇ ਸਭ ਕੁਝ ਦੱਸ ਦਿੱਤਾ। ਸਾਰੇ ਜਵਾਨਾਂ ਨੇ ਹਾਸਾ ਠੱਠਾ ਕਰਦਿਆਂ ਅੰਬ ਚੂਪ ਲਏ।
ਪ੍ਰੀਤਮ ਸਿੰਘ ਨੇ ਆਪਣੇ ਸਾਥੀਆਂ ਨੂੰ ਬਚਪਨ ਦੀ ਇੱਕ ਗੱਲ ਸੁਣਾਈ। ਜਦੋਂ ਉਹ ਸੱਤਵੀਂ ਜਮਾਤ ਵਿੱਚ ਪੜ੍ਹਦਾ ਸੀ ਤਾਂ ਪਿੰਡ ਵਿੱਚ ਇੱਕ ਜੋਤਸ਼ੀ ਨੇ ਕਹਿ ਦਿੱਤਾ ਕਿ ਬੱਚਾ ਤੇਰੀ ਉਮਰ ਬਹੁਤ ਘੱਟ ਰਹਿ ਗਈ ਹੈ। ਘਰਦਿਆਂ ਨੂੰ ਕਹਿ ਕੇ ਉਪਾਅ ਕਰਵਾ ਲੈ। ਮੇਰੇ ਬਾਪੂ ਨੇ ਕਰਾਰਾ ਜੁਆਬ ਦਿੱਤਾ ਕਿ ਉਸ ਕੋਲ ਸਿਆਣਿਆਂ ਜੋਗੇ ਪੈਸੇ ਨਹੀਂ ਜਿੰਨੀ ਉਮਰ ਰੱਬ ਨੇ ਲਿਖੀ ਹੈ ਓਨੀ ਹੀ ਭੋਗੇਗਾ। ਬਾਪੂ ਜੀ ਨੇ ਮੈਨੂੰ ਪਾਠ ਕਰਨ ਲਈ ਪ੍ਰੇਰਿਆ। ਫਿਰ ਮੇਰੇ ਅੰਦਰ ਵਹਿਮਾਂ ਭਰਮਾਂ ਦੀ ਕੋਈ ਜਗ੍ਹਾ ਨਾ ਰਹੀ। ਉਹ ਦੂਜਿਆਂ ਨੂੰ ਥਾਂ-ਥਾਂ ਗੁਰੂ ਬਣਾਉਣ ਤੋਂ ਮਨ੍ਹਾ ਕਰਦਾ ਤੇ ਇੱਕ ਰੱਬ ’ਤੇ ਭਰੋਸਾ ਰੱਖਣ ਨੂੰ ਕਹਿੰਦਾ ਸੀ।
ਬਾਊ ਪ੍ਰੀਤਮ ਸਿੰਘ ਦਾ ਵਿਆਹ ਹੋ ਚੁੱਕਿਆ ਸੀ। ਹੁਣ ਉਹ ਧੀਆਂ ਪੁੱਤਰਾਂ ਵਾਲਾ ਹੋ ਗਿਆ ਸੀ। ਉਸ ਦੀ ਵੱਡੀ ਧੀ ਅੱਠਵੀਂ ਜਮਾਤ ਵਿੱਚ ਸੀ ਕਿ ਉਸ ਦੀ ਰਿਟਾਇਰਮੈਂਟ ਹੋ ਗਈ ਸੀ। ਉਹ ਬਹੁਤ ਲੰਮਾ ਸਮਾਂ ਮਿਲਦੀ ਥੋੜ੍ਹੀ ਜਿਹੀ ਪੈਨਸ਼ੈਨ ’ਤੇ ਹੀ ਗੁਜ਼ਾਰਾ ਕਰਦਾ ਰਿਹਾ। ਉਸ ਕੋਲ ਕੋਈ ਜ਼ਮੀਨ ਨਹੀਂ ਸੀ ਅਤੇ ਨਾ ਹੀ ਕੋਈ ਸਹਾਇਕ ਧੰਦਾ। ਬੱਚਿਆਂ ਦੀ ਪੜ੍ਹਾਈ ਉਚੇਰੀ ਹੋ ਗਈ ਸੀ। ਜਦ ਵੀ ਬੱਚਿਆਂ ਦਾ ਦਾਖਲਾ ਆਉਂਦਾ ਤਾਂ ਪ੍ਰੀਤਮ ਸਿੰਘ ਦੀ ਪਤਨੀ ਆਪਣਾ ਕੋਈ ਨਾ ਕੋਈ ਗਹਿਣਾ ਵੇਚ ਦਿੰਦੀ। ਬੱਚਿਆਂ ਦੀ ਪੜ੍ਹਾਈ ਨਿਰਵਿਘਨ ਚਲਦੀ ਰਹੀ।
ਪ੍ਰੀਤਮ ਸਿੰਘ ਇੱਕ ਕਾਬਲ ਵਿਅਕਤੀ ਸੀ। ਉਸ ਨੂੰ ਪੰਜ ਕੁ ਸਾਲਾਂ ਬਾਅਦ ਨਹਿਰੀ ਮਹਿਕਮੇ ਵਿੱਚ ਫਿਰ ‘ਬਾਊ’ ਵਜੋਂ ਨੌਕਰੀ ਮਿਲ ਗਈ ਸੀ।
ਇੱਕ ਦਿਨ ਬਾਊ ਜੀ ਦੀ ਪਤਨੀ ਦੇ ਪਿੰਡੋਂ ਕੁਝ ਦੂਰ ਦੇ ਰਿਸ਼ਤੇਦਾਰ ਮਿਲਣ ਆ ਗਏ ਤੇ ਕਹਿਣ ਲੱਗੇ, ‘‘ਭੈਣਾ, ਅੱਜ ਅਸਾਂ ਤੇਰੇ ਬਾਊ ਜੀ ਨੂੰ ਮਿਲ ਕੇ ਹੀ ਜਾਣਾ ਹੈ।’’ ਪ੍ਰੀਤਮ ਸਿੰਘ ਦੀ ਪਤਨੀ ਆਪਣੇ ਪਤੀ ਨੂੰ ‘ਬਾਊ ਜੀ’ ਹੀ ਕਹਿੰਦੀ ਸੀ। ਜਦੋਂ ਪ੍ਰੀਤਮ ਸਿੰਘ ਸਾਹਮਣੇ ਆਇਆ ਤਾਂ ਹਾਸੇ ਠੱਠੇ ਪੈ ਗਏ ਕਿਉਂਕਿ ਉਹ ਬਾਊ ਜੀ ਨੂੰ ਘੋਨ-ਮੋਨ ਸਮਝਦੇ ਸਨ, ਪਰ ਉਹ ਦਾੜ੍ਹੀ ਮੁੱਛਾਂ ਵਾਲਾ ਸਰਦਾਰ ਨਿਕਲਿਆ।
ਬਾਊ ਪ੍ਰੀਤਮ ਸਿੰਘ ਸਹਿਜਧਾਰੀ ਗੁਰਸਿੱਖ ਸੀ। ਉਹ ਆਪਣੇ ਬੱਚਿਆਂ ਨੂੰ ਹਮੇਸ਼ਾਂ ਸਮਝਾਉਂਦਾ ਰਹਿੰਦਾ ਕਿ ਹੱਕ ਹਲਾਲ ਦੀ ਕਮਾਈ ਵਿੱਚ ਹੀ ਬਰਕਤ ਪੈਂਦੀ ਹੈ। ਉਸ ਦੇ ਬੱਚੇ ਘਰ ਦੇ ਹਾਲਾਤ ਤੋਂ ਜਾਣੂ ਸਨ। ਉਨ੍ਹਾਂ ਦੀ ਇੱਕ ਹੀ ਮੰਗ ਹੁੰਦੀ- ਸਮੇਂ ਸਿਰ ਫੀਸ ਭਰਨੀ।
72 ਸਾਲਾਂ ਦੀ ਉਮਰ ਵਿੱਚ ਬਾਊ ਜੀ ਸਵਰਗ ਸਿਧਾਰ ਗਏ। ਉਨ੍ਹਾਂ ਨਮਿਤ ਪਾਠ ਦੇ ਭੋਗ ’ਤੇ ਆਉਣ ਵਾਲੇ ਲੋਕ ਬੱਚਿਆਂ ਨੂੰ ਵੇਖ ਕੇ ਖ਼ੁਸ਼ ਹੋ ਰਹੇ ਸਨ। ਉਨ੍ਹਾਂ ਦਾ ਇੱਕ ਪੁੱਤਰ ਐਮ.ਡੀ. ਡਾਕਟਰ ਸੀ ਤੇ ਦੂਜਾ ਪੰਜਾਬੀ ਯੂਨੀਵਰਸਿਟੀ ਵਿੱਚ ਫਾਇਨਾਂਸ ਅਫਸਰ। ਦੋ ਧੀਆਂ ਬੀ.ਈ.ਓ. ਦੀ ਪੋਸਟ ’ਤੇ ਸਨ। ਛੋਟੀ ਬੇਟੀ ਬੈਂਕ ਮੈਨੇਜਰ। ਬਾਊ ਪ੍ਰੀਤਮ ਸਿੰਘ ਦੇ ਇੱਕ ਛੋਟੇ ਜਿਹੇ ਘਰ ਵਿੱਚ ਅਫਸਰਾਂ ਦੇ ਭਾਗ ਲੱਗੇ ਹੋਏ ਸਨ।
ਸੰਪਰਕ: 84272-31155