ਬਠਿੰਡਾ: ਵੋਕੇਸ਼ਨਲ ਅਧਿਆਪਕਾਂ ਨੇ ਵਿਧਾਇਕ ਗਿੱਲ ਦੀ ਰਿਹਾਇਸ਼ ਘੇਰੀ
ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 5 ਸਤੰਬਰ
ਐੱਨਐੱਸਕਿਊਐਫੱ ਵੋਕੇਸ਼ਨਲ ਅਧਿਆਪਕ ਜਥੇਬੰਦੀ ਵੱਲੋਂ ਇੱਥੇ ਡੀਸੀ ਦਫ਼ਤਰ ਅਤੇ ਵਿਧਾਇਕ ਜਗਰੂਪ ਸਿੰਘ ਗਿੱਲ ਦੀ ਰਿਹਾਇਸ਼ ਨੇੜੇ ਰੋਸ ਮੁਜ਼ਾਹਰਾ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਸਰਕਾਰੀ ਸਕੂਲਾਂ ਨੂੰ ‘ਦਿੱਲੀ ਮਾਡਲ’ ਦੱਸ ਕੇ ਕਾਰਪੋਰੇਟ ਘਰਾਣਿਆਂ ਹੱਥੋਂ ਲੁੱਟ ਕਰਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਇੰਜ ਸਰਕਾਰੀ ਖ਼ਜ਼ਾਨੇ ਦੀ ਲੁੱਟ ਹੋ ਰਹੀ ਹੈ। ਜ਼ਿਲ੍ਹਾ ਪ੍ਰਧਾਨ ਸੰਦੀਪ ਸਿੰਘ ਗੁਲਾਬਗੜ੍ਹ ਨੇ ਕਿਹਾ ਕਿ 2394 ਵੋਕੇਸ਼ਨਲ ਅਧਿਆਪਕ 2014 ਤੋਂ ਵਰਤਮਾਨ ਸਮੇਂ ਤੱਕ ਨਿਗੂਣੀ ਤਨਖਾਹ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕਿੱਤਾਮੁਖੀ ਕੋਰਸਾਂ ਦੀ ਸਿੱਖਿਆ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵੋਕੇਸ਼ਨਲ ਅਧਿਆਪਕਾਂ ਦੀ 23 ਆਊਟਸੋਰਸਿੰਗ ਕੰਪਨੀਆਂ ਰਾਹੀਂ ਲੁੱਟ ਹੋ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਨੂੰ ਕੰਪਨੀਆਂ ਦੇ ਜੂਲੇ ਹੇਠੋਂ ਕੱਢ ਕੇ ਪੱਕਾ ਕੀਤਾ ਜਾਵੇ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਵਿਧਾਇਕ ਨਾਲ ਉਨ੍ਹਾਂ ਦੀ ਹੋਈ ਗੱਲਬਾਤ ਹੋਈ ਤਾਂ ਵਿਧਾਇਕ ਨੇ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਕੱਚੇ ਪ੍ਰੋਫੈਸਰ ਪੱਕੇ ਕਰਨ ਦੇ ਹੱਕ ’ਚ ਪੀਐੱਸਯੂ ਵੱਲੋਂ ਰੈਲੀ
ਜੈਤੋ: ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਨੇ ਇੱਥੇ ਯੂਨੀਵਰਸਿਟੀ ਕਾਲਜ ਵਿਚ ਰੋਸ ਰੈਲੀ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰੀ ਕਾਲਜਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਸਮੇਤ ਖਾਲੀ ਆਸਾਮੀਆਂ ਭਰਨ ਲਈ ਨਵੀਂ ਭਰਤੀ ਵੀ ਕੀਤੀ ਜਾਵੇ। ਇਸ ਮੌਕੇ ਵਿਦਿਆਰਥੀ ਆਗੂ ਰਵਿੰਦਰ ਸੇਵੇਵਾਲਾ, ਗਗਨ ਦਬੜ੍ਹੀਖਾਨਾ ਅਤੇ ਪ੍ਰੋ. ਪ੍ਰਗਟ ਧਾਲੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਇਕ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਤਹਿਤ ਸੇਵਾਮੁਕਤ ਪ੍ਰੋਫ਼ੈਸਰਾਂ ਨੂੰ ਮੁੜ ਤੋਂ ਕਾਲਜਾਂ ਵਿੱਚ ਪੀਟੀਏ ਤਹਿਤ ਭਰਤੀ ਕਰਨ ਦੀ ਗੱਲ ਕਹੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਕਦਮ ‘ਰੁਜ਼ਗਾਰ ਉਜਾੜੇ’ ਦਾ ਸਾਧਨ ਬਣੇਗਾ। ਉਨ੍ਹਾਂ ਕਿਹਾ ਪੰਜਾਬ ਸਰਕਾਰ ਦਾ ਇਹ ਫੈਸਲਾ ਨੌਜਵਾਨ ਵਿਰੋਧੀ ਹੈ ਕਿਉਂ ਕਿ ਪੂਰੇ ਪੰਜਾਬ ਅੰਦਰ ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਅਜਿਹੇ ਫ਼ਰਮਾਨ ਨੂੰ ਵਾਪਸ ਲੈ ਕੇ ਕਾਲਜਾਂ ਵਿੱਚ ਕੰਮ ਕਰ ਰਹੇ ਕੱਚੇ ਪ੍ਰੋਫ਼ੈਸਰਾਂ ਨੂੰ ਪੱਕਾ ਕੀਤਾ ਜਾਵੇ ਅਤੇ ਨਵੇਂ ਪ੍ਰੋਫ਼ੈਸਰਾਂ ਦੀ ਭਰਤੀ ਕੀਤੀ ਜਾਵੇ। ਇਸ ਮੌਕੇ ਰਣਜੀਤ, ਰਾਜਵਿੰਦਰ, ਵਰਦੀਪ ਅਤੇ ਖੁਸ਼ਦੀਪ ਨੇ ਵੀ ਸੰਬੋਧਨ ਕੀਤਾ। - ਪੱਤਰ ਪ੍ਰੇਰਕ