ਬਠਿੰਡਾ: ਸੁਰਜੀਤ ਪਾਤਰ ਦੀ ਯਾਦ ਵਿੱਚ ਸੈਮੀਨਾਰ
ਮਨੋਜ ਸ਼ਰਮਾ
ਬਠਿੰਡਾ, 24 ਅਕਤੂਬਰ
ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਸਾਹਿਤ ਸਿਰਜਣਾ ਮੰਚ ਵੱਲੋਂ ‘ਵਿਸ਼ਵ ਬਾਜ਼ਾਰ ਅਤੇ ਪੰਜਾਬੀ ਭਾਸ਼ਾ’ ਵਿਸ਼ੇ ਉੱਪਰ ਟੀਚਰਜ਼ ਹੋਮ ਵਿੱਚ ਇੱਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ। ਯੁੱਗ ਸ਼ਾਇਰ ਪਦਮਸ੍ਰੀ ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਇਸ ਸੈਮੀਨਾਰ ਦੀ ਪ੍ਰਧਾਨਗੀ ਉੱਘੇ ਚਿੰਤਕ ਡਾ. ਦੀਪਕ ਮਨਮੋਹਨ ਸਿੰਘ ਨੇ ਕੀਤੀ ਜਦੋਂਕਿ ਤਸਵਿੰਦਰ ਸਿੰਘ ਮਾਨ ਅਤੇ ਹਰਮੰਦਰ ਸਿੰਘ ਬਰਾੜ ਅਤੇ ਬੂਟਾ ਸਿੰਘ ਚੌਹਾਨ ਇਸ ਸੈਮੀਨਾਰ ਵਿੱਚ ਕ੍ਰਮਵਾਰ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਦਰਸ਼ਨ ਬੁੱਟਰ, ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ ਤੇ ਡਾ. ਭੀਮ ਇੰਦਰ ਸਿੰਘ ਹਾਜ਼ਰ ਰਹੇ। ਸੈਮੀਨਾਰ ਦੇ ਕਨਵੀਨਰ ਸੁਰਿੰਦਰਪ੍ਰੀਤ ਘਣੀਆਂ ਨੇ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਸੈਮੀਨਾਰ ਦੇ ਮਨੋਰਥ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਦਰਸ਼ਨ ਬੁੱਟਰ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ। ਡਾ. ਦੀਪਕ ਮਨਮੋਹਨ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਭਾਸ਼ਾ ਅਤੇ ਬਾਜ਼ਾਰ ਦੀ ਸਥਿਤੀ ਦਰਿਆਵਾਂ ਵਰਗੀ ਹੁੰਦੀ ਹੈ, ਜਿਸ ਦਾ ਸਰੂਪ ਸਮੇਂ ਦੇ ਵਹਿਣ ਨਾਲ ਬਦਲਦਾ ਰਹਿੰਦਾ ਹੈ। ਉਨ੍ਹਾਂ ਭਾਸ਼ਾ ਅਤੇ ਸਾਹਿਤ ਦੇ ਵਿਕਾਸ ਵਿੱਚ ਬਠਿੰਡਾ ਦੇ ਸਾਹਿਤਕਾਰਾਂ ਅਤੇ ਸਾਹਿਤ ਸਭਾਵਾਂ ਵੱਲੋਂ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ। ਸੈਮੀਨਾਰ ਦੇ ਮੁੱਖ ਵਕਤਾ ਡਾ. ਭੀਮ ਇੰਦਰ ਸਿੰਘ ਨੇ ਕਿਹਾ ਕਿ ਵਿਸ਼ਵ ਬਾਜ਼ਾਰ, ਭਾਸ਼ਾਵਾਂ ਦੀ ਆਪਣੀਆਂ ਲੋੜਾਂ ਅਤੇ ਮੁਨਾਫੇ ਦੇ ਉਦੇਸ਼ ਲਈ ਵਰਤੋਂ ਕਰਦਾ ਹੈ। ਅਸਲ ਵਿੱਚ ਭਾਸ਼ਾ ਦਾ ਵਿਕਾਸ ਅਤੇ ਬਚਾਅ ਗਿਆਨ-ਵਿਗਿਆਨ ਨਾਲ ਸਬੰਧਤ ਰਚਿਆ ਸਾਹਿਤ ਅਤੇ ਸਾਹਿਤਕਾਰ ਹੀ ਕਰਦੇ ਹਨ। ਉੱਘੇ ਭਾਸ਼ਾ ਵਿਗਿਆਨੀ ਡਾ. ਪਰਮਜੀਤ ਢੀਂਗਰਾ ਦਾ ਕਹਿਣਾ ਸੀ ਕਿ ਪੰਜਾਬੀ ਭਾਸ਼ਾ ਦਾ ਭਵਿੱਖ ਸੁਰੱਖਿਅਤ ਹੈ ਜਦਕਿ ਵਰਤਮਾਨ ਦਾਅ ’ਤੇ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਭਾਸ਼ਾ ਨੂੰ ਮਾਰਦਾ ਨਹੀਂ ਸਗੋਂ ਜਿਉਂਦਾ ਰੱਖਦਾ ਹੈ। ਇਸ ਮੌਕੇ ਹਾਜ਼ਰ ਹੋਰ ਬੁਲਾਰਿਆ ਨੇ ਆਪੋ-ਆਪਣੇ ਵਿਚਾਰ ਰੱਖੇ।