For the best experience, open
https://m.punjabitribuneonline.com
on your mobile browser.
Advertisement

ਬਠਿੰਡਾ ਰਿਫਾਈਨਰੀ: ‘ਗੁੰਡਾ ਟੈਕਸ’ ਦੇ ਨਾਲ ਹੁਣ ਗੁੰਡਾਗਰਦੀ ਵੀ..!

08:46 AM Jul 24, 2024 IST
ਬਠਿੰਡਾ ਰਿਫਾਈਨਰੀ  ‘ਗੁੰਡਾ ਟੈਕਸ’ ਦੇ ਨਾਲ ਹੁਣ ਗੁੰਡਾਗਰਦੀ ਵੀ
ਰਿਫਾਈਨਰੀ ਘਟਨਾ ’ਚ ਜ਼ਖਮੀ ਹੋਇਆ ਟਰੱਕ ਡਰਾਈਵਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ, 23 ਜੁਲਾਈ
ਗੁਰੂ ਗੋਬਿੰਦ ਸਿੰਘ ਰਿਫਾਈਨਰੀ ਬਠਿੰਡਾ ’ਚ ‘ਗੁੰਡਾ ਟੈਕਸ’ ਦਾ ਮਾਮਲਾ ਹੁਣ ਗੁੰਡਾਗਰਦੀ ਦਾ ਰੂਪ ਲੈਣ ਲੱਗਾ ਹੈ। ਪੰਜਾਬ ਪੁਲੀਸ ਦੀ ਚੁੱਪ ਤੋਂ ਰਿਫਾਈਨਰੀ ਪ੍ਰਬੰਧਕਾਂ ’ਚ ਨਵੇਂ ਤੌਖਲੇ ਖੜ੍ਹੇ ਹੋਏ ਹਨ। ਬਠਿੰਡਾ ਰਿਫਾਈਨਰੀ ਜੋ ਟੈਕਸਾਂ ਦੇ ਰੂਪ ’ਚ ਸਰਕਾਰੀ ਖਜ਼ਾਨੇ ਲਈ ਵੱਡੀ ਢਾਰਸ ਹੈ, ਨੂੰ ਅੱਜ ਖੁਦ ‘ਗੁੰਡਾ ਟੈਕਸ’ ਕਰ ਕੇ ਬਣੇ ਦਹਿਸ਼ਤੀ ਮਾਹੌਲ ਖ਼ਿਲਾਫ਼ ਨਿੱਤਰਨਾ ਪਿਆ ਹੈ। ਮਾਮਲਾ ਮੁੱਖ ਮੰਤਰੀ ਦਫਤਰ ਤੱਕ ਪੁੱਜ ਗਿਆ ਹੈ ਅਤੇ ਬਠਿੰਡਾ ਪੁਲੀਸ ਖ਼ਿਲਾਫ਼ ਉਂਗਲ ਉੱਠੀ ਹੈ। ਵੇਰਵਿਆਂ ਅਨੁਸਾਰ ਪਹਿਲੀ ਜੁਲਾਈ ਤੋਂ ਰਿਫਾਈਨਰੀ ਦੇ ਉਤਪਾਦਾਂ ਦੀ ਸਪਲਾਈ ਨੂੰ ਲੈ ਕੇ ਟਰਾਂਸਪੋਰਟਰਾਂ ’ਚ ਖ਼ੌਫ਼ ਬਣਿਆ ਹੋਇਆ ਹੈ। ਰਿਫਾਈਨਰੀ ਦੇ ਕਰੀਬ 21 ਟਰਾਂਸਪੋਰਟਰਾਂ ਨੇ ਬਠਿੰਡਾ ਪੁਲੀਸ ਨੂੰ ਲਿਖਤੀ ਦਰਖਾਸਤ ਵੀ ਦਿੱਤੀ ਸੀ ਜਿਸ ਦੀ ਪੜਤਾਲ ਤਲਵੰਡੀ ਸਾਬੋ ਦੇ ਡੀਐੱਸਪੀ ਕੋਲ ਲਾਈ ਗਈ ਹੈ। ਮਾਮਲਾ ਕਿਸੇ ਤਣ ਪੱਤਣ ਨਾ ਲੱਗਣ ਕਰਕੇ ਰਿਫਾਈਨਰੀ ਦੀ ਸਪਲਾਈ ਦਾ ਕੰਮ ਪ੍ਰਭਾਵਿਤ ਹੋਣ ਲੱਗਾ ਹੈ।
ਅੱਜ ਬਠਿੰਡਾ ਰਿਫਾਈਨਰੀ ਦੇ ਜਨਰਲ ਮੈਨੇਜਰ (ਸੁਰੱਖਿਆ) ਨੇ ਖੁਦ ਜ਼ਿਲ੍ਹਾ ਪੁਲੀਸ ਕਪਤਾਨ ਨੂੰ ਪੱਤਰ ਲਿਖ ਕੇ ਟਰਾਂਸਪੋਰਟਰਾਂ ਲਈ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ। ਪੱਤਰ ਅਨੁਸਾਰ 20 ਜੁਲਾਈ ਦੀ ਰਾਤ ਕਰੀਬ 10.30 ਵਜੇ ਰਿਫਾਈਨਰੀ ’ਚੋਂ ਲੋਡ ਹੋਇਆ ਟਰੱਕ ਜਦੋਂ ਬਾਹਰ ਨਿਕਲਿਆ ਤਾਂ ਕੁੱਝ ਲੋਕਾਂ ਨੇ ਟਰੱਕ ਰੋਕ ਕੇ ਕਿਹਾ ਕਿ ਉਨ੍ਹਾਂ ਦੀ ਸਹਿਮਤੀ ਬਿਨਾ ਟਰੱਕ ਕਿਉਂ ਭਰਿਆ ਹੈ। ਇਸ ਮੌਕੇ ਮਾਹੌਲ ਹਿੰਸਕ ਹੋ ਗਿਆ। ਇਸ ਹਮਲੇ ਵਿਚ ਟਰੱਕ ਡਰਾਈਵਰ ਅਖਿਲੇਸ਼ ਯਾਦਵ ਨੂੰ ਸੱਟਾਂ ਲੱਗੀਆਂ ਅਤੇ ਟਰਾਂਸਪੋਰਟਰ ਰਾਜੇਸ਼ ਕੁਮਾਰ ਦਾ ਮੁਨਸ਼ੀ ਵੀ ਲਪੇਟ ਵਿਚ ਆ ਗਿਆ। ਸੂਚਨਾ ਮਿਲਦੇ ਹੀ ਰਿਫਾਈਨਰੀ ਦੇ ਸੁਰੱਖਿਆ ਮੁਲਾਜ਼ਮਾਂ ਨੇ ਐਂਬੂਲੈਂਸ ਭੇਜ ਕੇ ਜ਼ਖਮੀ ਅਖਿਲੇਸ਼ ਯਾਦਵ ਨੂੰ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ। ਪੱਤਰ ਅਨੁਸਾਰ ਡਰਾਈਵਰ ਦੇ ਸਿਰ ’ਚ ਪੰਜ-ਛੇ ਟਾਂਕੇ ਲੱਗੇ ਹਨ। ਜਨਰਲ ਮੈਨੇਜਰ ਨੇ ਲਿਖਿਆ ਹੈ ਕਿ ਸਥਾਨਕ ਟਰਾਂਸਪੋਰਟਰਾਂ ਨੇ ਦਬਾਅ ਪਾ ਕੇ 21 ਜੁਲਾਈ ਨੂੰ ਜ਼ਖ਼ਮੀ ਅਖਿਲੇਸ਼ ਯਾਦਵ ਨੂੰ ਘਰ ਭਿਜਵਾ ਦਿੱਤਾ। ਸੂਤਰ ਦੱਸਦੇ ਹਨ ਕਿ ਤਲਵੰਡੀ ਸਾਬੋ ਪੁਲੀਸ ਨੇ ਦਬਾਅ ਪਾ ਕੇ ਜ਼ਖ਼ਮੀ ਨੂੰ ਹਸਪਤਾਲ ਛੱਡਣ ਲਈ ਮਜਬੂਰ ਕਰ ਦਿੱਤਾ ਹੈ। ਸੂਤਰ ਦੱਸਦੇ ਹਨ ਕਿ ਸਿਆਸੀ ਤੌਰ ’ਤੇ ਜੁੜੇ ਕੁੱਝ ਲੋਕ ਟਰਾਂਸਪੋਰਟਰਾਂ ਨੂੰ ਰੋਕ ਰਹੇ ਹਨ ਜਿਸ ਦਾ ਮਕਸਦ ਗੁੰਡਾ ਟੈਕਸ ਦੀ ਅਸਿੱਧੀ ਵਸੂਲੀ ਹੈ। ਇਸੇ ਤਰ੍ਹਾਂ ਹੀ ਮੈਸਰਜ ਪ੍ਰੇਮ ਕੁਮਾਰ ਬਾਂਸਲ ਫਰਮ ਦੇ ਮੈਨੇਜਰ ਅਭਿਸ਼ੇਕ ਕੁਮਾਰ ਨੇ ਵੀ ਪੁਲੀਸ ਨੂੰ 21 ਜੁਲਾਈ ਨੂੰ ਦਰਖਾਸਤ ਦਿੱਤੀ ਹੈ ਕਿ ਉਨ੍ਹਾਂ ਦੀ ਰੇਤੇ ਨਾਲ ਭਰੀ ਗੱਡੀ ਨੂੰ ਮੋਟਰਸਾਈਕਲ ਸਵਾਰਾਂ ਨੇ ਰਿਫਾਈਨਰੀ ਅੰਦਰ ਜਾਣ ਤੋਂ ਰੋਕ ਦਿੱਤਾ ਹੈ ਤੇ ਧਮਕੀਆਂ ਦਿਤੀਆਂ ਹਨ ਕਿ ਉਨ੍ਹਾਂ ਦੀ ਪ੍ਰਵਾਨਗੀ ਬਿਨਾਂ ਕੋਈ ਗੱਡੀ ਅੰਦਰ ਨਹੀਂ ਜਾਵੇਗੀ। ਸੂਤਰ ਦੱਸਦੇ ਹਨ ਕਿ ਪੁਲੀਸ ਰਾਜਸੀ ਆਗੂਆਂ ਅੱਗੇ ਬੇਵੱਸ ਹੈ ਅਤੇ ਇਹ ਰਾਜਸੀ ਆਗੂ ‘ਆਪ’ ਸਰਕਾਰ ਦੀ ਬਦਨਾਮੀ ਦਾ ਕਾਰਨ ਵੀ ਬਣ ਸਕਦੇ ਹਨ। ਇਸ ਬਾਰੇ ਬਠਿੰਡਾ ਦੇ ਐੱਸਐੱਸਪੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Advertisement

ਜ਼ਖ਼ਮੀ ਖੁਦ ਹਸਪਤਾਲ ’ਚੋਂ ਭੱਜਿਆ: ਡੀਐੱਸਪੀ

ਤਲਵੰਡੀ ਸਾਬੋ ਦੇ ਡੀਐੱਸਪੀ ਰਾਜੇਸ਼ ਸਨੇਹੀ ਨੇ ਕਿਹਾ ਕਿ ਸਿਵਲ ਹਸਪਤਾਲ ਦੇ ਰਿਕਾਰਡ ਅਨੁਸਾਰ ਜ਼ਖਮੀ ਵਿਅਕਤੀ ਖੁਦ ਹੀ ਬੈੱਡ ਛੱਡ ਕੇ ਭੱਜ ਗਿਆ ਹੈ ਅਤੇ ਪੁਲੀਸ ਨੇ ਇਸ ਮਾਮਲੇ ’ਚ ਕਿਸੇ ’ਤੇ ਕੋਈ ਦਬਾਅ ਨਹੀਂ ਬਣਾਇਆ। ਡੀਐੱਸਪੀ ਨੇ ਕਿਹਾ ਕਿ ਉਨ੍ਹਾਂ ਰਿਫਾਈਨਰੀ ਅਧਿਕਾਰੀਆਂ ਨੂੰ ਇਸ ਮਾਮਲੇ ’ਚ ਬਿਆਨ ਦਰਜ ਕਰਵਾਉਣ ਵਾਸਤੇ ਬੁਲਾਇਆ ਸੀ ਜੋ ਨਹੀਂ ਆਏ। ਉਹ ਟਰੱਕ ਮਾਲਕ ਤੱਕ ਵੀ ਪਹੁੰਚ ਕਰ ਰਹੇ ਹਨ। ਸਨੇਹੀ ਨੇ ਕਿਹਾ ਕਿ ਰਾਮਸਰਾ ਪੁਲੀਸ ਚੌਕੀ ਦੇ ਇੰਚਾਰਜ ਦੀ ਵੀ ਜਵਾਬਤਲਬੀ ਕੀਤੀ ਗਈ ਹੈ, ਜਿਸ ਨੇ ਮੌਕੇ ’ਤੇ ਇਸ ਘਟਨਾ ਦੀ ਸੂਚਨਾ ਨਹੀਂ ਦਿੱਤੀ।

Advertisement
Author Image

joginder kumar

View all posts

Advertisement
Advertisement
×