ਬਠਿੰਡਾ: ਨਿਗਮ ਦੀ ਪਹਿਲੀ ਮੀਟਿੰਗ ’ਚ ਕਈ ਏਜੰਡੇ ਪਾਸ
ਮਨੋਜ ਸ਼ਰਮਾ
ਬਠਿੰਡਾ, 6 ਸਤੰਬਰ
ਬਠਿੰਡਾ ਨਿਗਮ ਦੇ ਹਾਊਸ ਦੀ ਪਲੇਠੀ ਮੀਟਿੰਗ ’ਚ ਡੀਸੀ ਸ਼ੌਕਤ ਅਹਿਮਦ ਪਰੇ ਨੇ ਕੌਂਸਲਰਾਂ ਨੂੰ ਜਨਤਕ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਪ੍ਰੇਰਿਆ। ਮੀਟਿੰਗ ਦੌਰਾਨ ਅਕਾਲੀ ਕੌਂਸਲਰ ਹਰਪਾਲ ਸਿੰਘ ਢਿੱਲੋਂ ਵੱਲੋਂ ਜਦੋਂ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਸ਼ਹਿਰ ਵਾਸੀਆਂ ਨੂੰ ਮੁਫ਼ਤ ਪਾਰਕਿੰਗ ਦੇਣ ਦਾਅਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਂਗਰਸੀ ਆਗੂ ਅਤੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਵੱਲੋਂ ਉਨ੍ਹਾਂ ਨੂੰ ਇਹ ਕਹਿ ਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਸ ਦਿਨ ਪਾਰਕਿੰਗ ਲਈ ਮਤਾ ਪਾਸ ਕੀਤਾ ਗਿਆ ਸੀ ਤਾਂ ਉਸ ਵੇਲੇ ਚੁੱਪੀ ਕਿਉਂ ਧਾਰੀ ਰੱਖੀ। ਜਦੋਂ ਸ੍ਰੀ ਢਿੱਲੋਂ ਵੱਲੋਂ ਬਾਈਕਾਟ ਦੀ ਗੱਲ ਕੀਤੀ ਤਾਂ ਡੀਸੀ ਨੇ ਝਾੜ ਪਾਈ।
ਮੀਟਿੰਗ ਦੌਰਾਨ ਬਹੁਮੰਜ਼ਿਲੀ ਪਾਰਕਿੰਗ ਦੇ ਠੇਕੇਦਾਰ ਨੂੰ ਪੀਲੀ ਲਾਈਨ ਅੰਦਰੋਂ ਕਾਰਾਂ ਚੁੱਕਣ ’ਤੇ ਲਾਈ ਪਾਬੰਦੀ ’ਤੇ ਬਹਿਸ ਹੁੰਦੀ ਰਹੀ। ਪਾਰਕਿੰਗ ਮਾਮਲੇ ਵਿੱਚ ਵਿੱਤੀ ਅਤੇ ਲੇਖਾ ਕਮੇਟੀ ਬਾਰੇ ਸਵਾਲ ਕਰਨ ਵਾਲੇ ਕੌਂਸਲਰ ਸੰਜੀਵ ਬੌਬੀ ਨੂੰ ਡੀਸੀ ਨੇ ਟੋਕਦਿਆਂ ਕਿਹਾ ਕਿ ਵਪਾਰੀਆਂ ਨੇ ਪਹਿਲਾਂ ਨਿਗਮ ਨੂੰ ਕਾਫ਼ੀ ਬਦਨਾਮ ਕੀਤਾ ਹੈ। ਇਸ ਮੌਕੇ ਕੌਂਸਲਰ ਰਾਜੂ ਸਰਾਂ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਵਪਾਰੀਆਂ ਦੀ ਮੰਗ ਤੇ ਲਏ ਫ਼ੈਸਲੇ ਦਾ ਵਿਰੋਧ ਵਿੱਚ ਨਹੀਂ ਹਨ ਸਗੋਂ ਉਹ ਇਸ ਮਤੇ ਨੂੰ ਹਾਊਸ ਵਿੱਚ ਲਿਆਉਣ ਤੋਂ ਪਹਿਲਾਂ ਕਮੇਟੀ ਬਣਾਉਣ ਦੀ ਮੰਗ ਕਰ ਰਹੇ ਹਨ। ਇਸ ਮੀਟਿੰਗ ਦੌਰਾਨ ਵਿੱਤੀ ਅਤੇ ਲੇਖਾ ਕਮੇਟੀ ਵੱਲੋਂ ਪਾਸ ਪਾਰਕਿੰਗ ਵਾਲੇ ਏਜੰਡੇ ’ਤੇ ਮੋਹਰ ਲਗਾ ਦਿੱਤੀ ਗਈ।
ਮੀਟਿੰਗ ਦੇ ਪਹਿਲੇ ਪਲਾਂ ਦੌਰਾਨ ਕਾਂਗਰਸੀ ਕੌਂਸਲਰ ਨੇ ਆਪਣੇ ਵਾਰਡ ਵਿੱਚ ਸੀਵਰੇਜ ਅਤੇ ਸੜਕੀ ਜਾਲ ਵਿਛਾਉਣ ਦੀ ਮੰਗ ’ਤੇ ਸਾਬਕਾ ਕਮਿਸ਼ਨਰ ਬਾਰੇ ਬੋਲਣਾ ਚਾਹਿਆ ਤੇ ਡੀਸੀ ਨੇ ਟੋਕ ਦਿੱਤਾ। ਸਰਕਾਰ ਵੱਲੋਂ ਸਿੱਧੀ ਭਰਤੀ ਕਰ ਕੇ ਭੇਜੇ ਗਏ 25 ਮੁਲਾਜ਼ਮਾਂ ਨੂੰ ਵਾਪਸ ਭੇਜਣ ਤੇ ਕੌਂਸਲਰ ਇੱਕਜੁੱਟ ਦਿਸੇ। ਸਿਫ਼ਰ ਕਾਲ ਵਿੱਚ ਨਿਗਮ ਵੱਲੋਂ 15 ਏਜੰਡੇ ਰੱਖੇ ਗਏ ਗਏ ਜਿਨ੍ਹਾਂ ਵਿੱਚ 13 ਪਾਸ ਕਰ ਦਿੱਤੇ ਗਏ ਜਿਨ੍ਹਾਂ ਵਿੱਚ ਦੋ ਗਊਸ਼ਾਲਾ ਬਣਾਉਣ ਲਈ ਸਹਿਮਤੀ ਦਿੱਤੀ ਗਈ। ਬੀਬੀ ਵਾਲਾ ਰੋਡ ਤੇ ਸਿਲਵਰ ਓਕਸ ਕਲੋਨੀ ਨੂੰ ਪਾਣੀ ਦੀ ਪਾਈਪਲਾਈਨ ਪਾਉਣ ਵਾਲੇ ਏਜੰਡੇ ਨੂੰ ਪੈਂਡਿੰਗ ਰੱਖਿਆ ਗਿਆ।
ਥਰਮਲ ਪਲਾਂਟ ਵਾਲੀ 10 ਏਕੜ ਜ਼ਮੀਨ ਵਿੱਚ ਲਾਈਨੋਂ ਪਾਰ ਇਲਾਕੇ ਦਾ ਸੀਵਰੇਜ ਪਾਉਣ ਵਾਲੇ ਏਜੰਡੇ ਸਮੇਤ ਭੱਟੀ ਰੋਡ ਵਾਲੀ ਜਗ੍ਹਾ ਬਾਰੇ ਨੂੰ ਅਸਿੱਧੇ ਢੰਗ ਨਾਲ ਸਹਿਮਤੀ ਦਿੰਦਿਆਂ ਇਹ ਸ਼ਰਤ ਰੱਖੀ ਗਈ ਕਿ ਇਹ ਜ਼ਮੀਨ ਖ਼ਰੀਦਣ ਲਈ ਸਰਕਾਰ ਰਾਸ਼ੀ ਮੁਹੱਈਆ ਕਰਵਾਏ। ਨਿਗਮ ਵਿੱਚ ਸੇਵਾਮੁਕਤ ਹੋ ਚੁੱਕੇ ਮੁਲਾਜ਼ਮਾਂ ਦੀ ਦੁਬਾਰਾ ਠੇਕੇ ’ਤੇ ਭਰਤੀ ਦਾ ਮਾਮਲਾ ਵੀ ਗਰਮਾਇਆ, ਜਿਸ ’ਤੇ ਡੀਸੀ ਨੇ ਜਾਂਚ ਕਰਵਾਉਣ ਬਾਰੇ ਸਹਿਮਤੀ ਦਿੱਤੀ।