ਬਠਿੰਡਾ ਕਬੱਡੀ ਲੀਗ: ਕਾਲੋਕੇ ਦੀ ਟੀਮ ਚੈਂਪੀਅਨ ਬਣੀ
ਮਨੋਜ ਸ਼ਰਮਾ
ਬਠਿੰਡਾ, 15 ਸਤੰਬਰ
ਬਠਿੰਡਾ ਵਿੱਚ ਚੱਲ ਰਹੀ ਕਬੱਡੀ ਲੀਗ ਐਤਵਾਰ ਨੂੰ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ ਹੈ। ਇਸ ਮੌਕੇ ਉਨ੍ਹਾਂ ਡੀਏਵੀ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਸ਼ਰਮਾ, ਕਬੱਡੀ ਕੋਚ ਪ੍ਰੋ. ਮਦਨ ਲਾਲ, ਜੋਗਿੰਦਰ ਸਿੰਘ ਬਰਾੜ, ਸੁਖਮੰਦਰ ਖਾਨ, ਪ੍ਰੋ. ਨਿਰਮਲ ਸਿੰਘ, ਸੀਰਾ ਜੰਡਾਂਵਾਲਾ, ਤਾਰੀ ਕਾਲੋਕੇ, ਗਰੀਤਾ ਤੁੰਗਵਾਲੀ ਵੀ ਮੌਜੂਦ ਰਹੇ। ਇਸ ਟੂਰਨਾਮੈਂਟ ਦੌਰਾਨ ਕਬੱਡੀ ਦੇ ਗਹਿ ਗੱਚ ਮੁਕਾਬਲੇ ਦੇਖਣ ਨੂੰ ਮਿਲੇ।
ਲੀਗ ਦੇ ਫਾਈਨਲ ਮੁਕਾਬਲੇ ਵਿੱਚ ਬਾਪੂ ਘੁੰਮਣ ਸ਼ਾਹ ਕਬੱਡੀ ਕਲੱਬ ਜੀਦਾ ਨੂੰ 32-36 ਅੰਕਾਂ ਨਾਲ ਹਰਾ ਕੇ ਸ਼ਹੀਦ ਦੀਪ ਸਿੱਧੂ ਕਲੱਬ ਕਾਲੋਕੇ ਦੀ ਟੀਮ ਚੈਂਪੀਅਨ ਬਣੀ ਹੈ। ਜੇਤੂ ਕਾਲੋਕੇ ਦੀ ਟੀਮ ਨੂੰ 41,000 ਰੁਪਏ ਨਗਦ, ਉਪ ਜੇਤੂ ਜੀਦਾ ਟੀਮ ਨੂੰ 31,000 ਰੁਪਏ ਨਗਦ ਦਿੱਤੇ ਗਏ। ਇਸੇ ਤਰ੍ਹਾਂ ਤੀਜੇ ਸਥਾਨ ’ਤੇ ਰਹੀ ਸੰਤ ਹਜ਼ਾਰਾ ਸਿੰਘ ਕਲੱਬ ਤੁੰਗਵਾਲੀ ਦੀ ਟੀਮ ਨੂੰ 21,000 ਰੁਪਏ ਅਤੇ ਚੌਥਾ ਸਥਾਨ ਹਾਸਲ ਕਰਨ ਵਾਲੀ ਪੀਜੇ ਟਾਈਗਰ ਨੂੰ 15,000 ਰੁਪਏ ਦਿੱਤੇ ਗਏ। ਕਾਲੋਕੇ ਦੇ ਰੇਡਰ ਬੱਗਾ ਭਾਈ ਬਖਤੌਰ ਅਤੇ ਜਾਫ਼ੀ ਮਾਣਾ ਮਾਈਸਰਖਾਨਾ ਤੇ ਜਗਦੀਪ ਰੱਲੀ ਨੂੰ ਸਾਂਝੇ ਤੌਰ ’ਤੇ ਬੈਸਟ ਖਿਡਾਰੀ ਐਲਾਨ ਕੇ 10-10 ਕਿਲੋ ਘਿਓ ਨਾਲ ਸਨਮਾਨ ਕੀਤਾ ਗਿਆ। ਲੀਗ ਦੀਆਂ ਸਾਰੀਆਂ ਟੀਮਾਂ ਨੂੰ ਸਵਾ ਕੁਇੰਟਲ ਘਿਓ ਨਾਲ ਸਨਮਾਨ ਦਿੱਤਾ ਗਿਆ। ਇਸ ਤੋਂ ਪਹਿਲਾ ਡੀਏਵੀ ਕਾਲਜ ਵਿੱਚ ਹੋਏ ਲੀਗ ਦੇ ਸੈਮੀਫਾਈਨਲ ਮੁਕਾਬਲੇ ਦੀ ਸ਼ੁਰੂਆਤ ਗੁਰਪ੍ਰੀਤ ਸਿਘ ਮਲੂਕਾ ਜ਼ਿਲ੍ਹਾ ਪ੍ਰਧਾਨ ਕਬੱਡੀ ਐਸੋਸੀਏਸ਼ਨ ਬਠਿੰਡਾ ਅਤੇ ਦਿਆਲ ਸੋਢੀ ਸੂਬਾ ਜਨਰਲ ਸਕੱਤਰ ਭਾਜਪਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਕੋਟ ਫੱਤਾ, ਵਿੱਕੀ ਘਨੌਰ ਵਾਇਸ ਚੇਅਰਮੈਨ ਸਿਹਤ ਵਿਭਾਗ ਪੰਜਾਬ ਅਤੇ ਪ੍ਰੋ. ਸੁਰਜੀਤ ਸਿੰਘ ਨੇ ਕੀਤੀ।