ਡਾਇਮੰਡ ਲੀਗ: ਨੀਰਜ ਚੋਪੜਾ ਦੂਜੇ ਸਥਾਨ ’ਤੇ ਰਿਹਾ
ਬ੍ਰਸੱਲਜ਼, 15 ਸਤੰਬਰ
ਭਾਰਤ ਦਾ ਸਟਾਰ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਡਾਇਮੰਡ ਲੀਗ ਖਿਤਾਬ ਤੋਂ ਇੱਕ ਸੈਂਟੀਮੀਟਰ ਨਾਲ ਖੁੰਝ ਗਿਆ ਅਤੇ ਬੀਤੀ ਦੇਰ ਰਾਤ ਸੀਜ਼ਨ ਫਾਈਨਲ ਵਿੱਚ 87.86 ਮੀਟਰ ਦੇ ਥ੍ਰੋਅ ਨਾਲ ਲਗਾਤਾਰ ਦੂਜੀ ਵਾਰ ਦੂਜੇ ਸਥਾਨ ’ਤੇ ਰਿਹਾ। ਦੋ ਵਾਰ ਦੇ ਓਲੰਪਿਕ ਤਗ਼ਮਾ ਜੇਤੂ 26 ਸਾਲਾ ਚੋਪੜਾ ਨੇ 2022 ’ਚ ਟਰਾਫੀ ਜਿੱਤੀ ਸੀ ਅਤੇ ਪਿਛਲੇ ਸਾਲ ਦੂਜੇ ਸਥਾਨ ’ਤੇ ਰਿਹਾ ਸੀ। ਉਸ ਨੇ ਤੀਜੀ ਕੋਸ਼ਿਸ਼ ਵਿੱਚ ਸਰਬੋਤਮ ਥ੍ਰੋਅ ਕੀਤਾ ਪਰ ਜੇਤੂ ਐਂਡਰਸਨ ਪੀਟਰਜ਼ ਦੇ 87.87 ਮੀਟਰ ਦੇ ਥ੍ਰੋਅ ਤੋਂ ਸਿਰਫ ਇੱਕ ਸੈਂਟੀਮੀਟਰ ਪਿੱਛੇ ਰਹਿ ਗਿਆ। ਦੋ ਵਾਰ ਦੇ ਵਿਸ਼ਵ ਚੈਂਪੀਅਨ ਗ੍ਰੇਨਾਡਾ ਦੇ ਪੀਟਰਜ਼ ਨੇ ਪਹਿਲੀ ਹੀ ਕੋਸ਼ਿਸ਼ ਵਿੱਚ ਸਰਬੋਤਮ ਥਰੋਅ ਕੀਤਾ। ਜਰਮਨੀ ਦਾ ਜੂਲੀਅਨ ਵੈਬਰ 85.97 ਮੀਟਰ ਥ੍ਰੋਅ ਨਾਲ ਤੀਜੇ ਸਥਾਨ ’ਤੇ ਰਿਹਾ।
ਚੋਪੜਾ ਦਾ ਨਿੱਜੀ ਸਰਬੋਤਮ ਪ੍ਰਦਰਸ਼ਨ 89.94 ਮੀਟਰ ਹੈ ਜਦਕਿ ਉਸ ਦਾ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ 89.49 ਮੀਟਰ ਹੈ। ਆਪਣੀਆਂ ਛੇ ਕੋਸ਼ਿਸ਼ਾਂ ਵਿੱਚ ਉਸ ਨੇ 86.82 ਮੀਟਰ, 83.49, 87.86, 82.04, 83.30 ਅਤੇ 86.46 ਮੀਟਰ ਦੂਰ ਨੇਜ਼ਾ ਸੁੱਟਿਆ। ਡਾਇਮੰਡ ਲੀਗ ਚੈਂਪੀਅਨ ਬਣਨ ’ਤੇ ਪੀਟਰਜ਼ ਨੂੰ ਡਾਇਮੰਡ ਲੀਗ ਟਰਾਫੀ ਅਤੇ 30 ਹਜ਼ਾਰ ਡਾਲਰ ਮਿਲੇ। ਚੋਪੜਾ ਨੂੰ ਫਾਈਨਲ ਵਿੱਚ ਦੂਜੇ ਸਥਾਨ ’ਤੇ ਰਹਿਣ ਲਈ 12,000 ਡਾਲਰ ਦਾ ਇਨਾਮ ਦਿੱਤਾ ਗਿਆ। ਇਸ ਦੇ ਨਾਲ ਹੀ ਵੱਕਾਰੀ ਡਾਇਮੰਡ ਲੀਗ ਸੀਰੀਜ਼ ਅਤੇ ਕੌਮਾਂਤਰੀ ਅਥਲੈਟਿਕਸ ਸੀਜ਼ਨ ਵੀ ਸਮਾਪਤ ਹੋ ਗਿਆ। ਹਰਿਆਣਾ ਦੇ ਚੋਪੜਾ ਨੇ ਇਸ ਸੀਜ਼ਨ ’ਚ ਫਿਟਨੈੱਸ ਨੂੰ ਲੈ ਕੇ ਸੰਘਰਸ਼ ਕੀਤਾ ਹੈ। ਸੱਟ ਨੇ ਉਸ ਨੂੰ ਪੂਰਾ ਸੀਜ਼ਨ ਪ੍ਰਭਾਵਿਤ ਕੀਤਾ ਅਤੇ 90 ਮੀਟਰ ਥ੍ਰੋਅ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਿਆ ਹੈ। -ਪੀਟੀਆਈ
ਹੱਥ ’ਚ ਫਰੈਕਚਰ ਹੋਣ ਦੇ ਬਾਵਜੂਦ ਫਾਈਨਲ ਵਿੱਚ ਹਿੱਸਾ ਲਿਆ
ਬ੍ਰਸੱਲਜ਼: ਨੀਰਜ ਚੋਪੜਾ ਨੇ ਅੱਜ ਖੁਲਾਸਾ ਕੀਤਾ ਕਿ ਉਸ ਨੇ ਸਿਖਲਾਈ ਸੈਸ਼ਨ ਦੌਰਾਨ ਹੱਥ ’ਤੇ ਸੱਟ ਲੱਗਣ ਦੇ ਬਾਵਜੂਦ ਡਾਇਮੰਡ ਲੀਗ ਸੀਜ਼ਨ ਦੇ ਫਾਈਨਲ ਵਿੱਚ ਹਿੱਸਾ ਲਿਆ। ਚੋਪੜਾ ਨੇ ਕਿਹਾ, ‘‘ਮੈਂ ਸੋਮਵਾਰ ਅਭਿਆਸ ਦੌਰਾਨ ਜ਼ਖਮੀ ਹੋ ਗਿਆ ਅਤੇ ਐਕਸ-ਰੇਅ ਤੋਂ ਪਤਾ ਲੱਗਾ ਕਿ ਮੇਰੇ ਖੱਬੇ ਹੱਥ ’ਚ ਫਰੈਕਚਰ ਹੈ। ਇਹ ਮੇਰੇ ਲਈ ਵੱਡੀ ਚੁਣੌਤੀ ਸੀ ਪਰ ਆਪਣੀ ਟੀਮ ਦੀ ਮਦਦ ਨਾਲ ਮੈਂ ਬ੍ਰਸੱਲਜ਼ ਵਿੱਚ ਮੁਕਾਬਲਾ ਕਰਰਨ ਦੇ ਯੋਗ ਹੋ ਗਿਆ।’’ ਉਸ ਨੇ ਕਿਹਾ, ‘‘ਇਹ ਸਾਲ ਦਾ ਆਖਰੀ ਟੂਰਨਾਮੈਂਟ ਸੀ। ਮੈਂ ਆਪਣੀਆਂ ਉਮੀਦਾਂ ’ਤੇ ਖਰਾ ਨਹੀਂ ਉਤਰ ਸਕਿਆ ਪਰ ਮੈਨੂੰ ਲੱਗਦਾ ਹੈ ਕਿ ਇਸ ਸੀਜ਼ਨ ਵਿੱਚ ਮੈਂ ਬਹੁਤ ਕੁਝ ਸਿੱਖਿਆ ਹੈ। ਹੁਣ ਮੈਂ ਪੂਰੀ ਤਰ੍ਹਾਂ ਫਿੱਟ ਹੋ ਕੇ ਵਾਪਸੀ ਕਰਨ ਲਈ ਦ੍ਰਿੜ੍ਹ ਹਾਂ।’’ -ਪੀਟੀਆਈ