For the best experience, open
https://m.punjabitribuneonline.com
on your mobile browser.
Advertisement

ਮੌਨਸੂਨ ਦੇ ਪਹਿਲੇ ਮੀਂਹ ਨਾਲ ਬਠਿੰਡਾ ਨੂੰ ਗੋਤਾ

08:04 AM Jul 07, 2024 IST
ਮੌਨਸੂਨ ਦੇ ਪਹਿਲੇ ਮੀਂਹ ਨਾਲ ਬਠਿੰਡਾ ਨੂੰ ਗੋਤਾ
ਬਠਿੰਡਾ ਵਿਚ ਸ਼ਨਿਚਰਵਾਰ ਨੂੰ ਭਾਰੀ ਮੀਂਹ ਪੈਣ ਮਗਰੋਂ ਸੜਕ ’ਤੇ ਭਰੇ ਪਾਣੀ ਵਿਚੋਂ ਲੰਘਦਾ ਹੋਇਆ ਰਿਕਸ਼ਾ ਚਾਲਕ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 6 ਜੁਲਾਈ
ਚਿਰਾਂ ਦੀ ਉਡੀਕ ਮਗਰੋਂ ਅੱਜ ਮਾਲਵਾ ਖਿੱਤੇ ’ਚ ਮੌਨਸੂਨ ਦੀ ਭਰਵੀਂ ਬਾਰਿਸ਼ ਹੋਈ। ਮਈ-ਜੂਨ ਦੀਆਂ ਹਨੇਰੀਆਂ, ਲੂ ਅਤੇ ਲੰਮੀ ਹੁੰਮਸ ਹੰਢਾਉਣ ਵਾਲੇ ਲੋਕਾਂ ਨੂੰ ਇਸ ਵਰਖਾ ਨੇ ਵੱਡੀ ਰਾਹਤ ਦਿੱਤੀ ਹੈ। ਮੌਸਮ ਮਾਹਿਰਾਂ ਅਨੁਸਾਰ ਭਲਕੇ 7 ਜੁਲਾਈ ਨੂੰ ਫਿਰ ਇਸੇ ਤਰ੍ਹਾਂ ਦਾ ਮੀਂਹ ਪੈਣ ਦੇ ਆਸਾਰ ਹਨ। ਬਠਿੰਡਾ ਵਿੱਚ ਅੱਜ ਹੋਈ ਵਰਖਾ ਦੀ ਪੈਮਾਇਸ਼ 58.2 ਮਿਲੀਮੀਟਰ ਮਾਪੀ ਗਈ। ਮੌਸਮ ਜਾਣਕਾਰ ਇਸ ਪੈਮਾਨੇ ਨੂੰ ਭਾਰੀ ਵਰਖਾ ਦੇ ਵਰਗ ’ਚ ਰੱਖਦੇ ਹਨ। ਮਾਲਵੇ ’ਚ ਕੁਝ ਥਾਈਂ ਅੱਜ ਭਾਰੀ ਤੋਂ ਭਾਰੀ ਵਰਖਾ ਵੀ ਵੇਖੀ ਗਈ। ਮੀਂਹ ਪੈਣ ਨਾਲ ਪਾਰਾ ਤਕਰੀਬਨ 10 ਡਿਗਰੀ ਖਿਸਕ ਕੇ ਹੇਠਾਂ ਆ ਗਿਆ ਹੈ। ਬੁੱਧਵਾਰ ਨੂੰ ਬਠਿੰਡਾ ’ਚ ਜੋ ਦਿਨ ਦਾ ਤਾਪਮਾਨ 41.4 ਡਿਗਰੀ ਸੈਲਸੀਅਸ ਸੀ, ਉਹ ਅੱਜ 32 ਡਿਗਰੀ ਸੈਲਸੀਅਸ ਰਹਿ ਗਿਆ। ਇਸੇ ਤਰ੍ਹਾਂ ਰਾਤ ਦਾ ਤਾਪਮਾਨ ਵੀ 26.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਕਿਸਾਨ ਲੰਮੀ ਇੰਤਜ਼ਾਰ ਬਾਅਦ ਹੋਈ ‘ਇੰਦਰ’ ਦੀ ਇਸ ਮਿਹਰ ਨੂੰ ਕਿਸੇ ਵਰਦਾਨ ਤੋਂ ਘੱਟ ਨਹੀਂ ਮੰਨਦੇ। ਉਹ ਖ਼ੁਸ਼ ਹਨ ਕਿ ਫ਼ਸਲਾਂ ਨੂੰ ਪਾਣੀ ਤਾਂ ਭਾਵੇਂ ਪਹਿਲਾਂ ਵੀ ਮਿਲ ਰਿਹਾ ਸੀ ਪਰ ਬਾਹਰੀ ਵਾਤਾਵਰਨ ਤਪਸ਼ ਵਾਲਾ ਹੋਣ ਕਰਕੇ ਓਨਾ ਅਸਰਅੰਦਾਜ਼ ਨਹੀਂ ਹੋ ਰਿਹਾ ਸੀ। ਉਨ੍ਹਾਂ ਦਾ ਮੰਨਣਾ ਹੈ ਕਿ ਹੇਠਾਂ ਆਇਆ ਤਾਪਮਾਨ ਅਤੇ ਮੀਂਹ ਦੇ ਪਾਣੀ ਨਾਲ ਫ਼ਸਲਾਂ ’ਤੇ ਨਿਖ਼ਾਰ ਆਵੇਗਾ ਅਤੇ ਬੰਪਰ ਝਾੜ ਹੋਵੇਗਾ।
ਦੂਜੇ ਪਾਸੇ ਮੀਂਹ ਦਾ ਪਾਣੀ ਨੀਵੇਂ ਰਿਹਾਇਸ਼ੀ ਖੇਤਰਾਂ ’ਚ ਵਸਦੇ ਲੋਕਾਂ ਲਈ ਆਫ਼ਤ ਬਣ ਕੇ ਵਰ੍ਹਿਆ ਹੈ। ਅਜਿਹੀ ਸਥਿਤੀ ਤੋਂ ਸ਼ਹਿਰੀ ਤੇ ਦਿਹਾਤੀ ਵਸੋਂ ਦੋਵੇਂ ਹੀ ਪ੍ਰੇਸ਼ਾਨ ਹਨ। ਬਠਿੰਡਾ ਸ਼ਹਿਰ ਦੀ ਕਈਆਂ ਦਹਾਕਿਆਂ ਤੋਂ ਸੀਵਰੇਜ ਦੀ ਨਿਕਾਸੀ ’ਚ ਚੱਲ ਰਹੇ ਨੁਕਸ ਸਦਕਾ ਸ਼ਹਿਰ ਦੇ ਇੱਕ ਚੌਥਾਈ ਹਿੱਸੇ ਦੇ ਨੀਵੇਂ ਖੇਤਰਾਂ ’ਚ 2 ਤੋਂ 3 ਫੁੱਟ ਤੱਕ ਪਾਣੀ ਭਰਿਆ ਹੋਇਆ ਹੈ। ਸ਼ਹਿਰ ਦਾ ਪੌਸ਼ ਏਰੀਆ ਸਿਵਲ ਲਾਈਨ, ਪਾਵਰ ਹਾਊਸ ਰੋਡ, ਪਰਸ ਰਾਮ ਨਗਰ ਸਮੇਤ ਕੁਝ ਹੋਰ ਥਾਵਾਂ ’ਤੇ ਇਹ ਸਥਿਤੀ ਬਣੀ ਹੋਈ ਹੈ। ਕੁਝ ਕੁ ਥਾਵਾਂ ’ਤੇ ਝੱਖੜ ਝੁੱਲਣ ਕਾਰਣ ਦਰਖ਼ਤਾਂ ਅਤੇ ਬਿਜਲੀ ਦੇ ਖੰਭਿਆਂ ਦੇ ਡਿੱਗਣ ਦੀ ਵੀ ਸੂਚਨਾ ਹੈ।
ਜ਼ੀਰਾ (ਪੱਤਰ ਪ੍ਰੇਰਕ): ਇਥੇ ਅੱਜ ਮੀਂਹ ਪੈਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਮਗਰੋਂ ਝੋਨੇ ਦੀ ਲੁਆਈ ਦੇ ਕੰਮ ਵਿਚ ਤੇਜ਼ੀ ਆ ਗਈ ਹੈ। ਇਸ ਦੌਰਾਨ ਪਿੰਡ ਮਸਤੇਵਾਲਾ ਵਿੱਚ 220 ਫੀਡਰ ਤੋਂ ਜ਼ੀਰਾ ਨੂੰ ਜਾਂਦੀ ਬਿਜਲੀ ਸਪਲਾਈ ਦੀ ਲਾਈਨ ਦਾ ਟਾਵਰ ਡਿੱਗਣ ਕਰਕੇ ਜ਼ੀਰਾ ਅਤੇ ਇਸਦੇ ਨਾਲ ਲਗਦੇ 30 ਪਿੰਡਾਂ ਦੀ ਬਿਜਲੀ ਸਪਲਾਈ ਠੱਪ ਰਹਿਣ ਕਾਰਨ ਸਕੂਲੀ ਵਿਦਿਆਰਥੀਆਂ, ਡਿਊਟੀ ਤੇ ਜਾਣ ਵਾਲੇ ਕਰਮਚਾਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਤਲਵੰਡੀ ਸਾਬੋ (ਜਗਜੀਤ ਸਿੰਘ ਸਿੱਧੂ): ਇਸ ਖੇਤਰ ਵਿਚ ਅੱਜ ਭਾਰੀ ਮੀਂਹ ਪਿਆ। ਇਸ ਦੌਰਾਨ ਤਖ਼ਤ ਦਮਦਮਾ ਸਾਹਿਬ ਨੂੰ ਜਾਣ ਵਾਲੇ ਅਤੇ ਸ਼ਹਿਰ ਦੇ ਹੋਰ ਰਸਤਿਆਂ ਵਿੱਚ ਪਾਣੀ ਭਰਨ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਖੇਤਾਂ ਵਿਚ ਬੀਜੀਆਂ ਸਬਜ਼ੀਆਂ, ਮੂੰਗੀ ਅਤੇ ਨਰਮੇ ਆਦਿ ਦੀਆਂ ਫਸਲਾਂ ਦੇ ਖਰਾਬ ਹੋਣ ਦਾ ਖਦਸ਼ਾ ਹੈ। ਮੋਹਲੇਧਾਰ ਵਰਖਾ ਨਾਲ ਸਥਾਨਕ ਸ਼ਹਿਰ ਜਲਥਲ ਹੋ ਗਿਆ।

Advertisement

ਪਿੰਡ ਤਿਉਣਾ ’ਚ ਮੀਂਹ ਕਾਰਨ ਪਸ਼ੂਆਂ ਵਾਲੇ ਵਰਾਂਡੇ ਦੀ ਛੱਤ ਡਿੱਗੀ

ਸੰਗਤ ਮੰਡੀ (ਧਰਮਪਾਲ ਸਿੰਘ ਤੂਰ): ਪਿੰਡ ਤਿਉਣਾ ਵਿਚ ਅੱਜ ਤੇਜ਼ ਮੀਂਹ ਕਾਰਾਂਨ ਇਕ ਕਿਸਾਨ ਦੇ ਪਸ਼ੂਆਂ ਵਾਲੇ ਵਰਾਂਡੇ ਦੀ ਛੱਤ ਡਿੱਗ ਗਈ। ਇਸ ਘਟਨਾ ਵਿਚ ਕਿਸੇ ਪਸ਼ੂ ਦੀ ਜਾਨ ਨਹੀਂ ਗਈ ਪਰ ਕਿਸਾਨ ਭਾਰੀ ਵਿੱਤੀ ਨੁਕਸਾਨ ਹੋਇਆ ਹੈ। ਜਾਣਕਾਰੀ ਅਨੁਸਾਰ ਬਲਜੀਤ ਸਿੰਘ ਖੇਤੀ ਦੇ ਨਾਲ-ਨਾਲ ਪਸ਼ੂਆਂ ਦਾ ਦੁੱਧ ਵੇਚ ਕੇ ਗੁਜ਼ਾਰਾ ਕਰਦਾ ਹੈ। ਅੱਜ ਸਵੇਰੇ ਆਏ ਭਾਰੀ ਮੀਂਹ ਕਾਰਨ ਕਾਰਨ ਉਨ੍ਹਾਂ ਦੇ ਪਸ਼ੂਆਂ ਵਾਲੇ ਵਰਾਂਡੇ ਦੀ ਛੱਤ ਡਿੱਗ ਗਈ ਜਿਸ ਕਾਰਨ ਹੇਠ ਖੜ੍ਹੀਆਂ ਮੱਝਾਂ ਤੇ ਗਊਆਂ ਮਲਬੇ ਹੇਠ ਦੱਬ ਗਈਆਂ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਵੱਲੋਂ ਬੜੀ ਮੁਸ਼ਕਿਲ ਨਾਲ ਬਾਹਰ ਕੱਢਿਆ।

ਮੀਂਹ ਕਾਰਨ ਫ਼ਸਲਾਂ ਨੂੰ ਰਾਹਤ, ਸ਼ਹਿਰ ਪਾਣੀ ਵਿੱਚ ਡੁੱਬਿਆ

ਸਿਰਸਾ/ਕਾਲਾਂਵਾਲੀ (ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ): ਸਿਰਸਾ ਜ਼ਿਲ੍ਹੇ ਦੇ ਜ਼ਿਆਦਾਤਰ ਖੇਤਰ ਵਿਚ ਅੱਜ ਭਾਰੀ ਬਾਰਿਸ਼ ਹੋਈ। ਸ਼ਹਿਰ ਦੇ ਕਈ ਖੇਤਰਾਂ ਵਿਚ ਮੀਂਹ ਦਾ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਇਹ ਫਸਲਾਂ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ। ਕਾਲਾਂਵਾਲੀ ਦੇ ਮੁੱਖ ਬਾਜ਼ਾਰਾਂ ਸਮੇਤ ਜ਼ਿਆਦਾਤਰ ਇਲਾਕਿਆਂ ਵਿੱਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਪੈਦਲ ਚੱਲਣਾ ਵੀ ਮੁਸ਼ਕਲ ਹੋ ਗਿਆ। ਮੀਂਹ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੀ।
ਮੀਂਹ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਉੱਥੇ ਹੀ ਗਰਮੀ ਕਾਰਨ ਝੁਲਸ ਰਹੀਆਂ ਨਰਮਾ, ਝੋਨਾ ਅਤੇ ਗੁਆਰੇ ਦੀਆਂ ਫ਼ਸਲਾਂ ਨੂੰ ਵੀ ਰਾਹਤ ਮਿਲੀ ਹੈ। ਕਾਲਾਂਵਾਲੀ ਦੀ ਨਵੀਂ ਅਨਾਜ ਮੰਡੀ, ਟੈਲੀਫੋਨ ਐਕਸਚੇਂਜ ਰੋਡ, ਦੇਸੂ ਮਲਕਾਣਾ ਰੋਡ, ਬੱਸ ਸਟੈਂਡ ਰੋਡ, ਦਾਦੂ ਰੋਡ, ਪੰਜਾਬ ਬੱਸ ਸਟੈਂਡ, ਡਾਕਟਰ ਮਾਰਕੀਟ, ਮੋਬਾਈਲ ਮਾਰਕੀਟ, ਸ਼੍ਰੀ ਕ੍ਰਿਸ਼ਨ ਗੋਸ਼ਾਲਾ ਮੁਹੱਲਾ, ਆਰੀਆ ਸਮਾਜ ਮੁਹੱਲਾ ਸਮੇਤ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਥੇ ਪਾਣੀ ਭਰ ਜਾਣ ਕਾਰਨ ਪੈਦਲ ਚੱਲਣ ਵਾਲਿਆਂ ਅਤੇ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Advertisement
Author Image

sukhwinder singh

View all posts

Advertisement
Advertisement
×