ਬਠਿੰਡਾ ਬੱਸ ਅੱਡਾ ਐਲਾਨ ਦੇ ਬਾਵਜੂਦ ਅਜੇ ਵੀ ਹਵਾ ਵਿੱਚ
ਮਨੋਜ ਸ਼ਰਮਾ
ਬਠਿੰਡਾ, 20 ਅਗਸਤ
ਇੱਥੋਂ ਦੇ ਬੱਸ ਸਟੈਂਡ ਨੂੰ ਬਣਾਉਣ ਲਈ ਹਾਲੇ ਕੋਈ ਢੁਕਵੀਂ ਜਗ੍ਹਾ ਨਾ ਮਿਲਣ ਕਾਰਨ ਲੋਕ ਦੁਚਿਤੀ ਵਿੱਚ ਹਨ। ਇਸ ਬਾਰੇ ਨਗਰ ਸੁਧਾਰ ਟਰੱਸਟ ਬਠਿੰਡਾ ਵੀ ਪਾਵਰਕੌਮ ਨਾਲ ਸਮਝੌਤੇ ਕਰਨ ਦੇ ਬਾਵਜੂਦ ਆਪਣੇ ਪੈਰ ਪਿੱਛੇ ਖਿੱਚਣ ਲੱਗਿਆ ਹੈ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ 26 ਜਨਵਰੀ 2023 ਐਲਾਨ ਕੀਤਾ ਸੀ, ਕਿ ਬਠਿੰਡਾ ਵਿਚ ਸੌ ਕਰੋੜ ਦੀ ਲਾਗਤ ਨਾਲ ਆਧੁਨਿਕ ਬੱਸ ਸਟੈਂਡ ਬਣਾਇਆ ਜਾਵੇਗਾ ਪਰ ਇਸ ਦੇ ਬਾਵਜੂਦ ਅਜੇ ਤੱਕ ਕੰਮ ਨਹੀਂ ਸ਼ੁਰੂ ਹੋ ਸਕਿਆ। ਉੱਧਰ ਭੂ ਮਾਫ਼ੀਆਂ ਬਠਿੰਡਾ ਬੱਸ ਸਟੈਂਡ ਦੇ ਨਾਮ ’ਤੇ ਲੋਕਾਂ ਨੂੰ ਹਰ ਰੋਜ਼ ਨਵੇਂ ਰੰਗ ਦਿਖਾ ਰਿਹਾ ਹੈ। ਨਗਰ ਸੁਧਾਰ ਟਰੱਸਟ ਵੱਲੋਂ ਗੁਰੂ ਨਾਨਕ ਦੇਵ ਥਰਮਲ ਪਲਾਟ ਦੇ ਗੇਟ ਸਾਹਮਣੇ ਪਈ ਪਾਵਰਕੌਮ ਦੀ 18 ਏਕੜ ਜ਼ਮੀਨ ਦਾ ਇਸ ਸਬੰਧੀ 9 ਕਰੋੜ ਵਿਚ ਦਾ ਸੌਦਾ ਤੈਅ ਹੋਇਆ ਸੀ। ਇਸ ਲਈ 50 ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਗੱਲ ਕੀਤੀ ਗਈ ਸੀ ਪਰ ਨਗਰ ਸੁਧਾਰ ਟਰੱਸਟ ਹੁਣ ਇਸ ਗੱਲ ਤੋਂ ਪਿੱਛੇ ਹੱਟਦਾ ਨਜ਼ਰ ਆ ਰਿਹਾ। ਪਾਵਰਕੌਂਮ ਦੀ ਇਸ ਜ਼ਮੀਨ ’ਤੇ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਹਟਾਉਣ ਲਈ 12 ਕਰੋੜ ਰੁਪਏ ਟਰੱਸਟ ਨੂੰ ਹੋਰ ਦੇਣੇ ਪੈਣਗੇ।
ਹਾਈ ਵੋਲਟੇਜ ਤਾਰਾਂ ਨੂੰ ਜ਼ਮੀਨਦੋਜ਼ ਕਰਨ ਲਈ ਇੰਨਾ ਮਹਿੰਗਾ ਮੁੱਲ ਤਾਰਨਾ ਟਰੱਸਟ ਦੇ ਬੱਸ ਦੀ ਗੱਲ ਨਹੀਂ। ਟਰੱਸਟ ਕਾਹਲੀ ਵਿੱਚ ਕੀਤੇ ਮਹਿੰਗੇ ਸੌਦੇ ਨੂੰ ਲੈ ਕੇ ਚਿੰਤਾ ਵਿਚ ਹੈ। ਵੱਡਾ ਕਾਰਨ ਹੋਰ ਵੀ ਹੈ ਕਿ ਬੱਸ ਅੱਡੇ ਲਈ ਬਠਿੰਡਾ ਮਲੋਟ ਰੋਡ ’ਤੇ ਦੇਖੀ ਗਈ ਇਸ ਜ਼ਮੀਨ ਨੂੰ ਹਾਈਵੇਅ ਨਾਲ ਲਿੰਕ ਕਰਦਿਆਂ ਸੜਕਾਂ ਦਾ ਜਾਲ ਵਿਛਾਉਣਾ ਪਾਵੇਗਾ ਜਿਸ ਲਈ ਇਹ ਮਨਜ਼ੂਰੀ ਹਾਈਵੇਅ ਅਥਾਰਿਟੀ ਆਫ਼ ਇੰਡੀਆ ਤੋਂ ਲੈਣੀ ਪਵੇਗੀ। ਇਸ ਦੀ ਪ੍ਰਵਾਨਗੀ ਲਈ ਲੰਮਾ ਟਾਈਮ ਲੱਗ ਸਕਦਾ ਹੈ।
ਭਾਵੇਂ ਸਰਕਾਰੀ ਏਜੰਸੀਆਂ ਵੱਲੋਂ ਬੱਸ ਸਟੈਂਡ ਲਈ ਨਿਸ਼ਾਨਦੇਹੀ ਕਰਵਾ ਲਈ ਹੈ ਪਰ ਇਸ ਥਾਂ ’ਤੇ ਟਰੈਫ਼ਿਕ ਪ੍ਰਣਾਲੀ ਦਾ ਪ੍ਰਬੰਧ ਵਿਗੜ ਜਾਣ ਦੇ ਡਰੋਂ ਇੱਕ ਵਾਰ ਫੇਰ ਇਸ ਥਾਂ ਨੂੰ ਹੋਲਡ ’ਤੇ ਰੱਖਿਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇੱਕ ਵਾਰ ਫੇਰ 2007 ਵਿਚ ਅਕਾਲੀ ਦਲ ਦੀ ਸਰਕਾਰ ਵੱਲੋਂ ਪਟੇਲ ਨਗਰ ਬਠਿੰਡਾ ਵਿਚ ਬੱਸ ਸਟੈਂਡ ਲਈ ਚੁਣੀ ਗਈ ਜਗ੍ਹਾ ’ਤੇ ਮੁੜ ਵਿਚਾਰ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ 2016 ਬੱਸ ਅੱਡੇ ਲਈ ਨੀਂਹ ਪੱਥਰ ਵੀ ਰੱਖ ਦਿੱਤਾ ਸੀ ਪਰ ਇਹ ਜਗ੍ਹਾ ਬਠਿੰਡਾ ਦੀ ਫੌਜੀ ਛਉਣੀ ਨਾਲ ਲਗਦੀ ਹੋਣ ਕਾਰਨ ਫੌਜ ਅਧਿਕਾਰੀਆਂ ਵੱਲੋਂ ਐੱਨਓਸੀ ਨਹੀਂ ਸੀ ਦਿੱਤੀ ਗਈ। ਇਸ ਕਾਰਨ ਇਹ ਪ੍ਰਾਜੈਕਟ ਉਦੋਂ ਠੰਢੇ ਬਸਤੇ ਵਿਚ ਪਾ ਦਿੱਤਾ ਸੀ। ਇੱਥੋਂ ਦੇ ਆਮ ਆਦਮੀ ਪਾਰਟੀ ਦੇ ਇੱਕ ਕੱਦਾਵਰ ਆਗੂ ਨੇ ਨੇ ਦੱਸਿਆ ਕਿ ਮਿਲਟਰੀ ਵੱਲੋਂ ਪਟੇਲ ਨਗਰ ਵਾਲੀ ਜਗ੍ਹਾ ਦੀ ਐੱਨਓਸੀ ਦੇ ਦਿੱਤੀ ਹੈ। ਇਸ ਲਈ ਦੁਬਾਰਾ ਉਸ ਜਗ੍ਹਾ ਉੱਪਰ ਬੱਸ ਅੱਡੇ ਬਾਰੇ ਸੋਚਿਆ ਜਾ ਸਕਦਾ ਹੈ।
ਟਰੈਫ਼ਿਕ ਨੂੰ ਧਿਆਨ ਵਿੱਚ ਰੱਖ ਕੇ ਬੱਸ ਅੱਡੇ ਦਾ ਕੋਈ ਫ਼ੈਸਲਾ ਲਿਆ ਜਾਵੇਗਾ: ਚੇਅਰਮੈਨ
ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਨੇ ਦੱਸਿਆ ਕਿ ਬਠਿੰਡਾ ਦੀ ਟਰੈਫ਼ਿਕ ਪ੍ਰਣਾਲੀ ਨੂੰ ਧਿਆਨ ਵਿਚ ਰੱਖ ਕੇ ਬੱਸ ਸਟੈਂਡ ਦਾ ਕੋਈ ਫ਼ੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਵਰਕੌਮ ਵਾਲੀ ਥਾਂ ਦੀ ਸਿਰਫ਼ ਨਿਸ਼ਾਨਦੇਹੀ ਕਰਵਾਈ ਗਈ ਹੈ ਪਰ ਪਾਵਰਕੌਮ ਦੀ ਥਾਂ ਤੋਂ ਇਲਾਵਾ ਕਿਸੇ ਹੋਰ ਵੀ ਢੁਕਵੀਂ ਜਗ੍ਹਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਸ੍ਰੀ ਭੱਲਾ ਨੂੰ ਜਦੋਂ ਪਟੇਲ ਨਗਰ ਵਾਲੀ ਜਗ੍ਹਾ ’ਤੇ ਦੁਬਾਰਾ ਬੱਸ ਸਟੈਂਡ ਬਣਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਇਸ ਬਾਰੇ ਕਹਿਣਾ ਜਲਦੀ ਹੋਵੇਗੀ। ਉਨ੍ਹਾਂ ਇਹ ਜ਼ਰੂਰ ਮੰਨਿਆ ਕਿ ਮਿਲਟਰੀ ਅਧਿਕਾਰੀਆਂ ਤੋਂ ਐੱਨਓਸੀ ਮਿਲ ਚੁੱਕੀ ਹੈ।