For the best experience, open
https://m.punjabitribuneonline.com
on your mobile browser.
Advertisement

ਮਲੂਕਾ ਪਰਿਵਾਰ ਦੇ ਭਾਜਪਾ ’ਚ ਦਾਖ਼ਲੇ ਨਾਲ ਬਠਿੰਡਾ ਤੇ ਫ਼ਰੀਦਕੋਟ ’ਚ ਮਹਿਕਿਆ ‘ਕਮਲ’

09:03 AM Apr 12, 2024 IST
ਮਲੂਕਾ ਪਰਿਵਾਰ ਦੇ ਭਾਜਪਾ ’ਚ ਦਾਖ਼ਲੇ ਨਾਲ ਬਠਿੰਡਾ ਤੇ ਫ਼ਰੀਦਕੋਟ ’ਚ ਮਹਿਕਿਆ ‘ਕਮਲ’
Advertisement

ਸ਼ਗਨ ਕਟਾਰੀਆ
ਬਠਿੰਡਾ, 11 ਅਪਰੈਲ
ਮਲੂਕਾ ਪਰਿਵਾਰ ਦੇ ਨੂੰਹ-ਪੁੱਤਰ ਦੀ ਅੱਜ ਭਾਜਪਾ ਵਿੱਚ ਸ਼ਮੂਲੀਅਤ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਅਕਾਲੀ ਸਫ਼ਾਂ ਉੱਪਰੋਂ ਭਾਵੇਂ ਇਸ ਘਟਨਾ ਨੂੰ ਹਲਕਾ ਦਰਸਾ ਰਹੀਆਂ ਹਨ ਪਰ ਇਸ ਦੀ ਚੀਸ ਨੇ ਪਾਰਟੀ ਦੇ ਪੂਰੇ ਕਲਬੂਤ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ। ‘ਅਕਾਲੀ-ਭਾਜਪਾ’ ਗੱਠਜੋੜ ਦੀਆਂ ਬਾਕੀ ਬਚੀਆਂ ਉਮੀਦਾਂ ਦੇ ਮਣਕੇ ਜੇ ਖਿੰਡ ਜਾਂਦੇ ਹਨ ਤਾਂ ਪ੍ਰਤੱਖ ਰੂਪ ’ਚ ਇਸ ਦਾ ਲਾਭ ਬਠਿੰਡਾ ਸਮੇਤ ਫ਼ਰੀਦਕੋਟ ਹਲਕਿਆਂ ’ਚ ਭਾਜਪਾ ਨੂੰ ਯਕੀਨਨ ਮਿਲੇਗਾ। ਓਪਰੀ ਨਜ਼ਰੇ ਭਾਵੇਂ ਆਈਏਐੱਸ ਅਧਿਕਾਰੀ ਹੁੰਦਿਆਂ ਪਰਮਪਾਲ ਕੌਰ ਦਾ ਸਬੰਧ ਪ੍ਰਸ਼ਾਸਨ ਨਾਲ ਰਿਹਾ ਪਰ ਪਰਿਵਾਰ ਦੇ ਰਾਜਸੀ ਸੱਭਿਆਚਾਰ ਤੋਂ ਵੀ ਉਹ ਅਭਿੱਜ ਨਹੀਂ ਸਨ। ਉਨ੍ਹਾਂ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਵੀ ਸਹਿਕਾਰੀ ਬੈਂਕ ਦੇ ਐੱਮਡੀ ਅਤੇ ਜ਼ਿਲ੍ਹਾ ਪਰਿਸ਼ਦ ਬਠਿੰਡਾ ਦੇ ਚੇਅਰਮੈਨ ਰਹਿ ਚੁੱਕੇ ਹਨ। ਮੰਤਰੀ ਹੁੰਦਿਆਂ ਸਿਕੰਦਰ ਸਿੰਘ ਮਲੂਕਾ ਦੀਆਂ ਜ਼ਿੰਮੇਵਾਰੀਆਂ ਵਧਣ ਕਾਰਨ ਉਨ੍ਹਾਂ ਦੀਆਂ ਰਾਜਸੀ ਸਰਗਰਮੀਆਂ ਨੂੰ ਗੁਰਪ੍ਰੀਤ ਮਲੂਕਾ ਹੀ ਅੰਜਾਮ ਦਿੰਦੇ ਰਹੇ ਹਨ। ਇਸ ਤਰ੍ਹਾਂ ਗੁਰਪ੍ਰੀਤ ਮਲੂਕਾ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜੇ ਹੋਏ ਹਨ। ਉਂਜ ਵੀ ਸ੍ਰੀ ਮਲੂਕਾ ਭਾਵੇਂ ਨੂੰਹ-ਪੁੱਤ ਦੇ ਫੈਸਲੇ ਨੂੰ ‘ਨਿੱਜੀ’ ਕਹਿਣ ਪਰ ਲੋਕ ਇਹੋ ਮੰਨ ਰਹੇ ਹਨ ਕਿ ਬੱਚਿਆਂ ਨੂੰ ਉਨ੍ਹਾਂ ਦੀ ‘ਰਜ਼ਾ’ ਦਾ ਆਸ਼ੀਰਵਾਦ ਜ਼ਰੂਰ ਰਿਹਾ ਹੋਵੇਗਾ।
ਭਾਜਪਾ ਵੱਲੋਂ ਪਰਮਪਾਲ ਕੌਰ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਉਤਾਰੇ ਜਾਣ ਦੀ ਸੰਭਾਵਨਾ ਦਾ ਪਹਿਲਾ ਪੜਾਅ ਉਨ੍ਹਾਂ ਦੀ ਭਾਜਪਾ ’ਚ ਸ਼ਮੂਲੀਅਤ ਨਾਲ ਅੱਜ ਮੁਕੰਮਲ ਹੋ ਗਿਆ। ਅਜਿਹੀ ਸਥਿਤੀ ’ਚ ਬਿਨਾਂ ਸ਼ੱਕ ਸ਼੍ਰੋਮਣੀ ਅਕਾਲੀ ਦਲ, ਖਾਸਕਰ ਬਾਦਲ ਪਰਿਵਾਰ ਲਈ ਇਹ ਬੜਾ ਵੱਡਾ ਝਟਕਾ ਹੈ। ਬਠਿੰਡਾ ਤੋਂ ਤਿੰਨ ਵਾਰ ਜੇਤੂ ਰਹੀ ਹਰਸਿਮਰਤ ਕੌਰ ਬਾਦਲ ਇਸ ਵਾਰ ਫਿਰ ਅਕਾਲੀ ਦਲ ਤਰਫ਼ੋਂ ਸੰਭਾਵਿਤ ਉਮੀਦਵਾਰ ਹਨ।
ਇਹ ਵੀ ਸੱਚ ਹੈ ਕਿ ਮਲੂਕਾ ਪਰਿਵਾਰ ਦਾ ਬਠਿੰਡਾ ਹਲਕੇ ’ਚ ਚੋਖਾ ਆਧਾਰ ਹੈ। ਪਿੰਡ ਮਲੂਕਾ ਜ਼ਿਲ੍ਹਾ ਬਠਿੰਡਾ ਵਿਚਲੇ ਵਿਧਾਨ ਸਭਾ ਹਲਕਾ ਰਾਮਪੁਰਾ ਅਧੀਨ ਆਉਂਦਾ ਹੈ। ਰੌਚਿਕ ਪਹਿਲੂ ਇਹ ਕਿ ਰਾਮਪੁਰਾ ਹਲਕਾ ਲੋਕ ਸਭਾ ਹਲਕੇ ਫ਼ਰੀਦਕੋਟ ਵਿੱਚ ਹੋਣ ਕਰਕੇ ਫ਼ਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਵੀ ਵੱਡਾ ਫਾਇਦਾ ਮਿਲਣ ਦੇ ਆਸਾਰ ਉੱਭਰ ਆਏ ਹਨ। ਬਠਿੰਡਾ ਹਲਕੇ ’ਚ ‘ਆਪ’ ਵੱਲੋਂ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੀ ਚੋਣ ਮੈਦਾਨ ਵਿੱਚ ਹਨ। ਸ੍ਰੀ ਖੁੱਡੀਆਂ ਅਤੇ ਬਾਦਲ ਪਰਿਵਾਰ ਦਾ ਜੱਦੀ ਵਿਧਾਨ ਸਭਾ ਹਲਕਾ ਇੱਕੋ ਲੰਬੀ ਹੈ, ਜੋ ਭਾਵੇਂ ਸ੍ਰੀ ਮੁਕਤਸਰ ਜ਼ਿਲ੍ਹੇ ’ਚ ਹੈ ਪਰ ਇਹ ਬਠਿੰਡਾ ਲੋਕ ਸਭਾ ਹਲਕੇ ਅਧੀਨ ਹੈ। ਸ੍ਰੀ ਖੁੱਡੀਆਂ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਹਰਾ ਕੇ, ਵਿਧਾਇਕ ਬਣੇ ਸਨ। ਉਧਰ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਵੀ ਬਠਿੰਡਾ ਤੋਂ ਟਿਕਟ ਮਿਲਣ ਦੇ ਆਸਵੰਦ ਹਨ। ਅਜਿਹੀ ਸਥਿਤੀ ’ਚ ਹਰਸਿਮਰਤ ਕੌਰ ਬਾਦਲ ਲਈ ਕਦਮ ਦਰ ਕਦਮ ਚੁਣੌਤੀਆਂ ਦਰਪੇਸ਼ ਹਨ।

Advertisement

Advertisement
Author Image

sukhwinder singh

View all posts

Advertisement
Advertisement
×