ਬਾਸਕਟਬਾਲ: ਪੰਜਾਬ ਨੇ ਕੁਆਰਟਰ ਫਾਈਨਲ ’ਚ ਬਣਾਈ ਥਾਂ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਨਵੰਬਰ
ਪਟਿਆਲਾ ਵਿੱਚ ਚੱਲ ਰਹੀਆਂ ਨੈਸ਼ਨਲ ਸਕੂਲ ਖੇਡਾਂ 2024 ਦੇ ਬਾਸਕਟਬਾਲ ਲੜਕੇ ਤੇ ਲੜਕੀਆਂ ਅੰਡਰ-19 ਦੇ ਪ੍ਰੀ-ਕੁਆਰਟਰ ਫਾਈਨਲ ਮੈਚਾਂ ਵਿੱਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਡਿਪਟੀ ਡੀਈਓ ਪਟਿਆਲਾ ਡਾ. ਰਵਿੰਦਰਪਾਲ ਸਿੰਘ ਨੇ ਕਿਹਾ ਕਿ ਸੰਜੀਵ ਸ਼ਰਮਾ ਡੀਈਓ ਸੈਕੰਡਰੀ ਸਿੱਖਿਆ ਪਟਿਆਲਾ ਦੀ ਦੇਖ-ਰੇਖ ਹੇਠ ਸਰਕਾਰੀ ਕੋ-ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਦੇ ਬਾਸਕਟਬਾਲ ਕੋਰਟਾਂ ਵਿੱਚ ਪ੍ਰੀ-ਕੁਆਰਟਰ ਫਾਈਨਲ ਨਾਕ-ਆਊਟ ਮੁਕਾਬਲੇ ਖੇਡੇ ਗਏ। ਟੂਰਨਾਮੈਂਟ ਆਰਗੇਨਾਈਜ਼ਿੰਗ ਇੰਚਾਰਜ ਜਸਪਾਲ ਸਿੰਘ ਪ੍ਰਿੰਸੀਪਲ ਸਕੂਲ ਆਫ਼ ਐਮੀਨੈਂਸ ਮੰਡੌਰ ਨੇ ਦੱਸਿਆ ਕਿ ਬੀਤੀ ਸ਼ਾਮ ਸੱਭਿਆਚਾਰਕ ਪ੍ਰੋਗਰਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਇਨਜ਼ ਪਟਿਆਲਾ ਦੇ ਕੈਂਪਸ ਵਿੱਚ ਕੀਤਾ ਗਿਆ, ਜਿਸ ਵਿੱਚ ਸਰਕਾਰੀ ਸਿਵਲ ਲਾਇਨਜ਼ ਸਕੂਲ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਓਲਡ ਪੁਲਿਸ ਲਾਈਨ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਨੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਦੇ ਵਿਦਿਆਰਥੀਆਂ ਨੇ ਪੇਸ਼ਕਾਰੀ ਦਿੱਤੀ। ਲੜਕਿਆਂ ਦੇ ਮੁਕਾਬਲੇ ਵਿੱਚ ਪੰਜਾਬ ਨੇ ਕਰਨਾਟਕ ਨੂੰ 100-66 ਅੰਕਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾਈ। ਹਰਿਆਣਾ ਨੇ ਹਿਮਾਚਲ ਪ੍ਰਦੇਸ਼ ਨੂੰ 72-63, ਸੀਆਈਏ ਐਸਈ ਸੀ ਆਈ ਐਸ ਸੀਆਈਐਸਸੀਈ ਨੇ ਉੱਤਰ ਪ੍ਰਦੇਸ਼ ਨੂੰ 33-18, ਕੇਰਲਾ ਨੇ ਉੜੀਸਾ ਨੂੰ 66-43 ਨਾਲ ਹਰਾਇਆ ਅਤੇ ਕੁਆਰਟਰ ਫਾਈਨਲ ਵਿੱਚ ਥਾਂ ਪੱਕੀ ਕੀਤੀ। ਲੜਕੀਆਂ ਵਿੱਚ ਰਾਜਸਥਾਨ ਨੇ ਹਿਮਾਚਲ ਪ੍ਰਦੇਸ਼ ਨੂੰ 64-42, ਹਰਿਆਣਾ ਨੇ ਉੱਤਰ ਪ੍ਰਦੇਸ਼ ਨੂੰ 46-18, ਮਹਾਰਾਸ਼ਟਰ ਨੇ ਗੁਜਰਾਤ ਨੂੰ 84-77 ਨਾਲ ਹਰਾਇਆ।