ਬਾਸਕਟਬਾਲ ਦਾ ਹੀਰਾ ਮਾਈਕਲ ਜੌਰਡਨ
ਮਾਈਕਲ ਜੌਰਡਨ ਬਾਸਕਟਬਾਲ ਦੀ ਖੇਡ ਦਾ ਹੀਰਾ ਹੈ। ਉਹਦੀ ਖੇਡ ਵੀਹ ਸਾਲ ਡਾਲਰਾਂ ਦੀ ਖਾਣ ਬਣੀ ਰਹੀ। ਫੋਰਬਸ ਮੈਗਜ਼ੀਨ ਮੁਤਾਬਿਕ ਉਹ ਸਾਢੇ ਤਿੰਨ ਬਿਲੀਅਨ ਡਾਲਰ ਕਮਾ ਚੁੱਕਾ ਹੈ। ਉਹਦੇ ਸਮਕਾਲੀ ਮੈਜਿਕ ਜੌਹਨਸਨ ਨੇ ਉਸ ਨੂੰ ਸਰਬ ਸਮਿਆਂ ਦਾ ਬਿਹਤਰੀਨ ਬਾਸਕਟਬਾਲ ਖਿਡਾਰੀ ਕਿਹਾ। ਖੇਡ ਪੱਤਰਕਾਰਾਂ ਨੇ 1999 ਵਿੱਚ ਕੀਤੇ ਸਰਵੇ ਪਿੱਛੋਂ ਉਸ ਨੂੰ 20ਵੀਂ ਸਦੀ ਦਾ ਸਰਬੋਤਮ ਬਾਸਕਟਬਾਲਰ ਐਲਾਨਿਆ। ਵਿਸ਼ਵ ਪੱਧਰ ਦੇ ਮੈਗਜ਼ੀਨ ‘ਸਪੋਰਟਸ ਇਲੱਸਟ੍ਰੇਟਿਡ’ ਨੇ ਉਸ ਦੀ ਤਸਵੀਰ 50 ਵਾਰ ਆਪਣੇ ਟਾਈਟਲ ’ਤੇ ਛਾਪੀ। ‘ਸਪੋਰਟ’ ਰਸਾਲੇ ਨੇ ਸਤੰਬਰ 1996 ਦੇ 50ਵੇਂ ਵਿਸ਼ੇਸ਼ ਅੰਕ ਵਿੱਚ ਉਸ ਨੂੰ ਪਿਛਲੇ ਪੰਜਾਹ ਸਾਲਾਂ ਦਾ ਮਹਾਨ ਖਿਡਾਰੀ ਲਿਖਿਆ। ਉਸ ਦੀਆਂ ਖੇਡ ਨਿਸ਼ਾਨੀਆਂ ਦੀ ਐਨੀ ਕਦਰ ਤੇ ਕੀਮਤ ਹੈ ਕਿ ਉਹਦੇ ਪੁਰਾਣੇ ਬੂਟਾਂ ਦਾ ਮੁੱਲ ਅਗਸਤ 2020 ਵਿੱਚ 615000 ਡਾਲਰ ਪਿਆ। ਅੰਦਾਜ਼ਾ ਲਾ ਲਓ ਉਹਦੀਆਂ ਸਾਰੀਆਂ ਖੇਡ ਨਿਸ਼ਾਨੀਆਂ ਕਿੰਨੇ ਡਾਲਰਾਂ ਦੀਆਂ ਹੋਣਗੀਆਂ?
ਜੌਰਡਨ ਦਾ ਜਨਮ 17 ਫਰਵਰੀ 1963 ਨੂੰ ਬਰੁਕਲੇਨ, ਨਿਊ ਯਾਰਕ ਵਿਖੇ ਕੰਬਰਲੈਂਡ ਹਸਪਤਾਲ ਵਿੱਚ ਹੋਇਆ। ਉਸ ਨੇ ਦੋ ਵਿਆਹ ਕੀਤੇ ਜਿਨ੍ਹਾਂ ’ਚੋਂ ਤਿੰਨ ਬੱਚੇ ਪੈਦਾ ਹੋਏ। ਉਹ ਐੱਨਬੀਏ ਦੇ 15 ਸੀਜ਼ਨ ਖੇਡਿਆ। ਉਸ ਨੇ ਸ਼ਿਕਾਗੋ ਬੁੱਲਜ਼ ਵੱਲੋਂ ਖੇਡਦਿਆਂ ਐੱਨਬੀਏ ਦੀਆਂ 6 ਚੈਂਪੀਅਨਸ਼ਿਪਾਂ ਜਿੱਤੀਆਂ। ਪੰਜ ਵਾਰ ਉਸ ਨੂੰ ਐੱਮਵੀਏ ਯਾਨੀ ਸਭ ਤੋਂ ਮੁੱਲਵਾਨ ਖਿਡਾਰੀ ਚੁਣੇ ਜਾਣ ਦੇ ਐਵਾਰਡ ਮਿਲੇ। ਖਿਡਾਰੀ ਹੋਣ ਦੇ ਨਾਲ ਉਹ ਅਮਰੀਕਾ ਦਾ ਵੱਡਾ ਵਪਾਰੀ ਵੀ ਹੈ ਤੇ ਫਿਲਮੀ ਅਦਾਕਾਰ ਵੀ। ਉਸ ਦੀਆਂ ਫਿਲਮਾਂ ‘ਪ੍ਰੋ ਸਟਾਰਜ਼’, ‘ਸਪੇਸ ਜੈਮ’, ‘ਮਾਈਕਲ ਜੌਰਡਨ: ਐਨ ਅਮੈਰੀਕਨ ਹੀਰੋ’, ‘ਏਅਰ’ ਅਤੇ ‘ਲਾਸਟ ਡਾਂਸ’ ਬੜੀਆਂ ਮਕਬੂਲ ਹੋਈਆਂ। ਖੇਡ ਤੋਂ ਰਿਟਾਇਰ ਹੋ ਕੇ ਵੀ ਉਹ ਪੂਰਾ ਸਰਗਰਮ ਹੈ। ਉਸ ਦਾ ਪੂਰਾ ਨਾਂ ਮਾਈਕਲ ਜੈਫਰੇ ਜੌਰਡਨ ਹੈ, ਪਰ ਛੋਟਾ ਨਾਂ ਐੱਮ.ਜੇ. ਹੀ ਚੱਲਦਾ ਹੈ।
ਉਸ ਦੀ ਮਾਂ ਡੀਲੋਰਸ ਬੈਂਕ ਵਿੱਚ ਟੈੱਲਰ ਹੁੰਦੀ ਸੀ ਜਿਸ ਨੇ ਕੁਝ ਕਿਤਾਬਾਂ ਵੀ ਲਿਖੀਆਂ। ਉਸ ਦਾ ਪਿਤਾ ਜੇਮਸ ਬਿਜਲੀ ਮਕੈਨਿਕ ਸੀ ਜੋ ਬਾਅਦ ਵਿੱਚ ਜਨਰਲ ਇਲੈੱਕਟ੍ਰਿਕ ਦਾ ਮੈਨੇਜਰ ਬਣਿਆ। ਉਨ੍ਹਾਂ ਦੇ ਪੰਜ ਬੱਚੇ ਸਨ ਜਿਨ੍ਹਾਂ ’ਚ ਮਾਈਕਲ ਜੌਰਡਨ ਚੌਥੇ ਥਾਂ ਜੰਮਿਆ ਸੀ। ਉਸ ਦਾ ਪਾਲਣ ਪੋਸ਼ਣ ਨਾਰਥ ਕੈਰੋਲੀਨਾ ਵਿੱਚ ਵਿਲਮਿੰਗਟਨ ਵਿਖੇ ਹੋਇਆ। ਉੱਥੇ ਉਸ ਨੂੰ ਬਾਲ ਉਮਰੇ ਹੀ ਬੇਸਬਾਲ ਖਿਡਾਉਣ ਵਾਲਾ ਕੋਚ ਮਿਲ ਗਿਆ। ਉਸ ਦੇ ਪਿਤਾ ਨੇ ਬੱਚਿਆਂ ਦੇ ਖੇਡਣ ਲਈ ਘਰ ਦੇ ਪਿਛਵਾੜੇ ਬਾਸਕਟਬਾਲ ਦਾ ਕੋਰਟ ਵੀ ਬਣਾ ਰੱਖਿਆ ਸੀ। ਬੱਚੇ ਉੱਥੇ ਬਾਸਕਟਬਾਲ ਖੇਡਦੇ। ਆਪਣੇ ਵੱਡੇ ਭਰਾ ਲੈਰੀ ਦੀ ਰੀਸ ਕਰਦਿਆਂ ਜੌਰਡਨ ਉਹਦੇ ਨਾਲ ਰਾਤਾਂ ਨੂੰ ਵੀ ਬਾਸਕਟਬਾਲ ਖੇਡੀ ਜਾਂਦਾ। ਆਖ਼ਰ ਮਾਪਿਆਂ ਵੱਲੋਂ ਪੁੱਤਰਾਂ ਨੂੰ ’ਵਾਜ਼ਾਂ ਮਾਰ ਕੇ ਮਸੀਂ ਖੇਡਣੋਂ ਹਟਾਉਣਾ ਪੈਂਦਾ।
ਜੌਰਡਨ ਨੂੰ ਵਲਿੰਗਟਨ ਦੇ ‘ਐਮਸਲੇ ਏ ਲਾਨੇ ਹਾਈ ਸਕੂਲ’ ਵਿੱਚ ਪੜ੍ਹਨੇ ਪਾਇਆ ਗਿਆ ਜਿੱਥੇ ਉਹ ਸਕੂਲ ਦੀ ਜੂਨੀਅਰ ਟੀਮ ਵਿੱਚ ਚੁਣਿਆ ਗਿਆ। ਉਹ ਹੱਡਾਂ ਪੈਰਾਂ ਦਾ ਮੋਕਲਾ ਚੋਬਰ ਸੀ। ਉਹਦਾ ਕੱਦ ਛੇ ਫੁੱਟ ਹੋ ਗਿਆ ਸੀ ਜੋ ਬਾਸਕਟਬਾਲ ਲਈ ਢੁੱਕਵਾਂ ਸੀ। ਬਾਅਦ ਵਿੱਚ ਉਹ 1.98 ਮੀਟਰ ਭਾਵ 6 ਫੁੱਟ 6 ਇੰਚ ਦਾ ਕੱਦਾਵਰ ਖਿਡਾਰੀ ਬਣ ਗਿਆ ਸੀ। ਜਦੋਂ ਉਹ ਦੋਵੇਂ ਬਾਹਵਾਂ ਫੈਲਾਉਂਦਾ ਤਾਂ ਉਹਦੇ ਪੁਰ ਦੀ ਲੰਬਾਈ 2.1 ਮੀਟਰ ਹੋ ਜਾਂਦੀ ਜਿਸ ਦਾ ਮਤਲਬ ਸੀ ਕਿ ਬਾਹਾਂ ਨਿਸਬਤਨ ਲੰਬੀਆਂ ਸਨ। 1980 ਵਿੱਚ ਗਰਮੀਆਂ ਦਾ ਕੋਚਿੰਗ ਕੈਂਪ ਲੱਗਾ ਤਾਂ ਉਸ ਦੀ ਚੋਣ ਯੂਨੀਵਰਸਿਟੀ ਆਫ ਨਾਰਥ ਕੈਰੋਲੀਨਾ ਦੀ ਬਾਸਕਟਬਾਲ ਟੀਮ ਵਿੱਚ ਹੋ ਗਈ। ਉੱਥੇ ਉਹ ਪ੍ਰਸਿੱਧ ਕੋਚ ਡੀਨ ਸਮਿੱਥ ਦੀ ਕੋਚਿੰਗ ਨਾਲ ਚੋਟੀ ਦਾ ਖਿਡਾਰੀ ਬਣ ਗਿਆ ਤੇ ਯੂਨੀਵਰਸਿਟੀ ਲਈ ਜਿੱਤਾਂ ਜਿੱਤਣ ਦੇ ਰਾਹ ਪੈ ਗਿਆ।
1982 ਵਿੱਚ ਉਨ੍ਹਾਂ ਦੀ ਯੂਨੀਵਰਸਿਟੀ ਨੇ ਐੱਨਸੀਸੀਏ ਡਿਵੀਜ਼ਨ-1 ਦੀ ਚੈਂਪੀਅਨਸ਼ਿਪ ਜਿੱਤ ਲਈ। ਜੌਰਡਨ ਨੇ ਫਾਈਨਲ ਮੈਚ ਵਿੱਚ ਆਖ਼ਰੀ ਬਾਸਕਟ ਪਾ ਕੇ ਜਾਰਜ ਟਾਊਨ ਯੂਨੀਵਰਸਿਟੀ ਨੂੰ ਹਰਾਇਆ। ਉੱਥੋਂ ਉਸ ਦੀ ਐਨੀ ਚੜ੍ਹਤ ਹੋਈ ਕਿ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਜੌਰਡਨ-ਜੌਰਡਨ ਹੋਣ ਲੱਗ ਪਈ। ਉਸ ਨੂੰ ਅਮਰੀਕਾ ਦੀ ਬਾਸਕਟਬਾਲ ਦਾ ਭਵਿੱਖ ਸਮਝਿਆ ਜਾਣ ਲੱਗਾ। 1983-84 ਵਿੱਚ ਉਹ ਕਾਲਜਾਂ/ਯੂਨੀਵਰਸਿਟੀਆਂ ਦਾ ਸਭ ਤੋਂ ਹੋਣਹਾਰ ਖਿਡਾਰੀ ਐਲਾਨਿਆ ਗਿਆ। 1984 ਵਿੱਚ ਉਸ ਨੂੰ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਨੇ ਆਪਣੀਆਂ ਸਫ਼ਾਂ ’ਚ ਲੈ ਲਿਆ। ਬਾਸਕਟਬਾਲ ਦਾ ਨੈਸ਼ਨਲ ਖਿਡਾਰੀ ਬਣਨ ਦੇ ਨਾਲ-ਨਾਲ ਉਸ ਨੇ ਪੜ੍ਹਾਈ ਵੀ ਜਾਰੀ ਰੱਖੀ ਤੇ ਜੁਗਰਾਫੀਏ ਦੀ ਗ੍ਰੈਜੂਏਟ ਡਿਗਰੀ ਹਾਸਲ ਕੀਤੀ। ਉਸ ਦਾ ਕਹਿਣਾ ਹੈ ਕਿ ਕੋਈ ਵੀ ਖੇਡ ਕਿਸੇ ਵਿਦਿਆਰਥੀ ਦੀ ਪੜ੍ਹਾਈ ਦਾ ਨੁਕਸਾਨ ਨਹੀਂ ਕਰਦੀ। ਇਹ ਸਿਰਫ਼ ਬਹਾਨੇਬਾਜ਼ ਖਿਡਾਰੀਆਂ ਦੇ ਬਹਾਨੇ ਹੀ ਹੁੰਦੇ ਹਨ ਕਿ ਖੇਡਣ ਕਰਕੇ ਉਹ ਪੜ੍ਹਾਈ ਨਹੀਂ ਕਰ ਸਕੇ।
ਉਹ ਅਜੇ ਕਾਲਜ ਦਾ ਵਿਦਿਆਰਥੀ ਸੀ ਕਿ ਲਾਸ ਏਂਜਲਸ ਵਿਖੇ ਹੋ ਰਹੀਆਂ 1984 ਦੀਆਂ ਓਲੰਪਿਕ ਖੇਡਾਂ ਲਈ ਅਮਰੀਕਾ ਦੀ ਬਾਸਕਟਬਾਲ ਟੀਮ ਵਿੱਚ ਚੁਣਿਆ ਗਿਆ। ਉਦੋਂ ਤੱਕ ਉਹ ਸ਼ੌਕੀਆ ਖਿਡਾਰੀ ਸੀ। ਅਮਰੀਕਾ ਦੀ ਐਮੇਚਿਓਰ ਟੀਮ ਓਲੰਪਿਕ ਖੇਡਾਂ ਦੀ ਚੈਂਪੀਅਨ ਬਣੀ। 21 ਸਾਲ ਦੀ ਉਮਰੇ ਉਸ ਨੂੰ ਓਲੰਪਿਕ ਖੇਡਾਂ ਦਾ ਪਹਿਲਾ ਗੋਲਡ ਮੈਡਲ ਮਿਲਿਆ। 1988 ਦੀਆਂ ਓਲੰਪਿਕ ਖੇਡਾਂ ਵਿੱਚ ਉਹ ਭਾਗ ਨਾ ਲੈ ਸਕਿਆ। ਜਦੋਂ ਪ੍ਰੋਫੈਸ਼ਨਲ ਖਿਡਾਰੀ ਵੀ ਬਾਸਕਟਬਾਲ ਦੀਆਂ ਟੀਮ ’ਚ ਭਾਗ ਲੈਣ ਲੱਗੇ ਤਾਂ ਮਾਈਕਲ ਜੌਰਡਨ ਦੁਬਾਰਾ ਅਮਰੀਕਾ ਦੀ ਬਾਸਕਟਬਾਲ ਟੀਮ ’ਚ ਚੁਣਿਆ ਗਿਆ ਜਿਸ ਨੇ 1992 ਦੀਆਂ ਓਲੰਪਿਕ ਖੇਡਾਂ ’ਚੋਂ ਦੂਜਾ ਗੋਲਡ ਮੈਡਲ ਜਿੱਤਿਆ। ਅਮਰੀਕਾ ਦੀ ਉਸ ਟੀਮ ਨੂੰ ‘ਡਰੀਮ ਟੀਮ’ ਦਾ ਖ਼ਿਤਾਬ ਮਿਲਿਆ। ਇਉਂ ਜੌਰਡਨ ਨੇ ਐੱਨਬੀਏ ਦੀਆਂ ਛੇ ਚੈਂਪੀਅਨਸ਼ਿਪਾਂ ਤੋਂ ਬਿਨਾਂ ਓਲੰਪਿਕ ਖੇਡਾਂ ਦੇ ਵੀ ਦੋ ਗੋਲਡ ਮੈਡਲ ਜਿੱਤੇ।
ਮਾਈਕਲ ਜੌਰਡਨ ਦਾ ਪ੍ਰੋਫੈਸ਼ਨਲ ਕਰੀਅਰ ਸ਼ਿਕਾਗੋ ਬੁੱਲਜ਼ ਦੀ ਟੀਮ ਦਾ ਮੈਂਬਰ ਬਣ ਕੇ 1984 ਤੋਂ ਸ਼ੁਰੂ ਹੋਇਆ। ਪਹਿਲੇ ਸਾਲ ਵਿੱਚ ਹੀ ਉਸ ਨੇ ਵਧੀਆ ਕਾਰਗੁਜ਼ਾਰੀ ਵਿਖਾਈ। ਪਹਿਲੇ ਸੀਜ਼ਨ ’ਚ ਉਹਦੀ ਪ੍ਰਤੀ ਮੈਚ ਔਸਤ 28.2 ਅੰਕ ਲੈਣ ਦੀ ਪਈ। ਪਹਿਲੇ ਸਾਲ ਹੀ ਉਸ ਨੂੰ ਐੱਨਬੀਏ ਰੂਕੀ ਦਾ ਸਾਲਾਨਾ ਐਵਾਰਡ ਮਿਲ ਗਿਆ ਤੇ ਉਹ ਆਲ-ਸਟਾਰ ਗੇਮ ਲਈ ਚੁਣਿਆ ਗਿਆ। ਅਗਲੇ ਸਾਲ ਉਹ ਸੱਟ ਖਾ ਬੈਠਾ ਜਿਸ ਕਰਕੇ ਸੀਜ਼ਨ ਖੇਡ ਨਾ ਸਕਿਆ। 1986-87 ਵਿੱਚ ਉਹ ਜੰਮ ਕੇ ਖੇਡਿਆ। ਉਸ ਨੇ ਇੱਕੋ ਸੀਜ਼ਨ ਵਿੱਚ ਤਿੰਨ ਹਜ਼ਾਰ ਤੋਂ ਵੱਧ ਅੰਕ ਹਾਸਲ ਕਰਕੇ ਐੱਨਬੀਏ ਦੀਆਂ ਚੈਂਪੀਅਨਸ਼ਿਪਾਂ ਦੇ ਇਤਿਹਾਸ ਵਿੱਚ ਧੰਨ ਧੰਨ ਕਰਾ ਦਿੱਤੀ। ਉਹਦੇ ਨਾਲ ਸ਼ਿਕਾਗੋ ਬੁੱਲਜ਼ ਦੀ ਗੁੱਡੀ ਵੀ ਅਸਮਾਨੀ ਚੜ੍ਹ ਗਈ। 1990 ਤੇ 1992 ਉਹਦੀ ਖੇਡ ਦੇ ਸਿਖਰਲੇ ਸਾਲ ਸਨ। 1993 ’ਚ ਉਹਦੇ ਪਿਤਾ ਦਾ ਕਤਲ ਹੋ ਗਿਆ ਜਿਸ ਕਰਕੇ ਉਸ ਨੂੰ ਕੁਝ ਸਮਾਂ ਬਾਸਕਟਬਾਲ ਕੋਰਟ ਤੋਂ ਲਾਂਭੇ ਹੋਣਾ ਪਿਆ।
ਮਾਰਚ 1995 ’ਚ ਜੌਰਡਨ ਫਿਰ ਬਾਸਕਟਬਾਲ ਕੋਰਟ ’ਤੇ ਪਰਤਿਆ ਤੇ ਮੁੜ ਸ਼ਿਕਾਗੋ ਬੁੱਲਜ਼ ਵੱਲੋਂ ਖੇਡਣ ਲੱਗਾ। ਖੇਡ ਪਾਰਖੂਆਂ ਦੀ ਨਜ਼ਰ ਵਿੱਚ ਉਹ ਪਹਿਲਾਂ ਨਾਲੋਂ ਵੀ ਬਿਹਤਰ ਖੇਡਦਾ ਲੱਗਿਆ। ਉਸ ਸਾਲ ਦੀ ਐੱਨਬੀਏ ਚੈਂਪੀਅਨਸ਼ਿਪ ਦੇ ਸੀਜ਼ਨ ਵਿੱਚ ਉਸ ਨੇ 72 ਮੈਚ ਜਿੱਤੇ ਤੇ ਪ੍ਰਤੀ ਮੈਚ 30.4 ਅੰਕਾਂ ਦੀ ਔਸਤ ਪਾਈ। ਫਾਈਨਲ ਮੈਚ ਵਿੱਚ ਸਿਆਟਲ ਸੁਪਰਸੋਨਿਕਸ ਨੂੰ ਹਰਾ ਕੇ ਐੱਨਬੀਏ ਦੀ ਚੈਂਪੀਅਨਸ਼ਿਪ ਜਿੱਤਣ ਵਿੱਚ ਵੱਡਾ ਯੋਗਦਾਨ ਪਾਇਆ। 1996-98 ਦੀਆਂ ਚੈਂਪੀਅਨਸ਼ਿਪਾਂ ਜਿੱਤਣੀਆਂ ਵੀ ਉਹਦੇ ਭਾਗੀਂ ਆਈਆਂ ਜਿਨ੍ਹਾਂ ਸਦਕਾ 5 ਵਾਰ ਉਸ ਨੂੰ ਸਭ ਤੋਂ ਮੁੱਲਵਾਨ ਖਿਡਾਰੀ ਹੋਣ ਦੇ ਐਵਾਰਡ ਮਿਲੇ। 1999 ਵਿੱਚ ਉਹ ਦੂਜੀ ਵਾਰ ਖੇਡ ਤੋਂ ਰਿਟਾਇਰ ਹੋਇਆ, ਪਰ 2001 ਵਿੱਚ ਉਹ ਮੁੜ ਵਾਸ਼ਿੰਗਟਨ ਵਿਜ਼ਾਰਡਜ਼ ਵੱਲੋਂ ਐੱਨਬੀਏ ਦੇ ਸੀਜ਼ਨ ਖੇਡਣ ਲਈ ਨਿੱਤਰਿਆ।
ਉਸ ਨੇ ਆਪਣੇ ਖੇਡ ਕਰੀਅਰ ਦੌਰਾਨ ਜ਼ਿਆਦਾਤਰ 23 ਨੰਬਰ ਜਰਸੀ ਪਹਿਨੀ। 14 ਮਾਰਚ 1990 ਨੂੰ ਇੱਕ ਮੈਚ ’ਚ 12 ਨੰਬਰ ਜਰਸੀ ਪਹਿਨਣੀ ਪਈ ਕਿਉਂਕਿ 23 ਨੰਬਰੀ ਜਰਸੀ ਗੁਆਚ ਗਈ ਸੀ। ਉਸ ਨੂੰ ਖੜ੍ਹੇ ਪੈਰ ਕਿਸੇ ਦੀ 12 ਨੰਬਰ ਜਰਸੀ ਪਹਿਨ ਕੇ ਖੇਡਣਾ ਪਿਆ। ਉਹ ਜਰਸੀ ਏਨੀ ਭਾਗਾਂ ਵਾਲੀ ਨਿਕਲੀ ਕਿ ਜੌਰਡਨ ਨੇ ਉਸ ਮੈਚ ਵਿੱਚ 49 ਅੰਕ ਲਏ। 1995 ਵਿੱਚ 45 ਨੰਬਰ ਜਰਸੀ ਨਾਲ ਵੀ ਉਹ ਕੁਝ ਮੈਚ ਖੇਡਿਆ, ਪਰ ਮੁੜ ਕੇ 23 ਨੰਬਰੀ ਨਾਲ ਹੀ ਖੇਡਣ ਲੱਗਾ। ਖਿਡਾਰੀਆਂ ਦੇ ਵਹਿਮਾਂ ਵਿਸ਼ਵਾਸਾਂ ਦਾ ਵੀ ਅੰਤ ਨਹੀਂ ਤੇ ਵੱਡੇ ਖਿਡਾਰੀਆਂ ਵੱਲੋਂ ਪਹਿਨੀਆਂ ਪੁਸ਼ਾਕਾਂ ਦੀ ਨਿਲਾਮੀ ਵੇਲੇ ਲੱਗਦੀਆਂ ਬੋਲੀਆਂ ਦਾ ਵੀ ਕੋਈ ਹੱਦ ਬੰਨਾ ਨਹੀਂ। ਖਿਡਾਰੀਆਂ ਦੀਆਂ ਹੰਢੀਆਂ ਹੋਈਆਂ ਖੇਡ ਪੁਸ਼ਾਕਾਂ ਵੀ ਲੱਖਾਂ ਡਾਲਰਾਂ ’ਚ ਵਿਕਦੀਆਂ ਹਨ।
ਮਾਈਕਲ ਜੌਰਡਨ ਨੂੰ ਪਹਿਲਾ ਐੱਮਵੀਪੀ ਐਵਾਰਡ 1988 ਵਿੱਚ ਮਿਲਿਆ ਸੀ ਜੋ 1991, 1992, 1996 ਤੇ 1998 ਵਿੱਚ ਵੀ ਮਿਲਿਆ। 2003 ਤੋਂ ਬਾਅਦ ਜਦੋਂ ਉਹ ਸਰਗਰਮ ਖੇਡ ਤੋਂ ਰਿਟਾਇਰ ਹੋ ਗਿਆ ਤਾਂ ਅਪਰੈਲ 2009 ਵਿੱਚ ਉਹਦਾ ਨਾਂ ਸਨਮਾਨ ਵਜੋਂ ਨੈਸਮਿਥ ਮੈਮੋਰੀਅਲ ਬਾਸਕਟਬਾਲ ਹਾਲ ਆਫ ਫੇਮ ਵਿੱਚ ਸਥਾਪਿਤ ਕੀਤਾ ਗਿਆ। 2016 ਵਿੱਚ ਉਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਵੱਲੋਂ ਪ੍ਰੈਜ਼ੀਡੈਂਟ ਮੈਡਲ ਆਫ ਫਰੀਡਮ ਭੇਟ ਕੀਤਾ ਗਿਆ। ਜੌਰਡਨ ਦੇ ਖੇਡ ਕਰੀਅਰ ਦਾ ਲੇਖਾ ਜੋਖਾ ਕਰੀਏ ਤਾਂ ਉੱਚ ਪੱਧਰ ਦੇ 1072 ਬਾਸਕਟਬਾਲ ਮੈਚਾਂ ਵਿੱਚ ਉਸ ਨੇ ਕੁਲ 32292 ਅੰਕ ਲਏ ਜੋ ਪ੍ਰਤੀ ਮੈਚ 30.1 ਅੰਕ ਬਣਦੇ ਹਨ। ਖੇਡ ਦੌਰਾਨ ਉਸ ਦੀਆਂ ਚੁਸਤੀਆਂ, ਫੁਰਤੀਆਂ, ਝਕਾਨੀਆਂ, ਕਲਾਬਾਜ਼ੀਆਂ ਤੇ ਛਾਲਾਂ ਨੂੰ ਵੇਖਦਿਆਂ ਦਰਸ਼ਕਾਂ ਨੇ ਉਹਦਾ ਨਿੱਕ-ਨੇਮ ‘ਏਅਰ ਜੌਰਡਨ’ ਰੱਖ ਦਿੱਤਾ ਸੀ। ਇਸ਼ਤਿਹਾਰਬਾਜ਼ੀ ਵਿੱਚ ਜਿਹੜੀ ਚੀਜ਼ ਵਸਤ ਨਾਲ ਉਹਦਾ ਨਾਂ ਜੋੜ ਦਿੱਤਾ ਜਾਂਦਾ ਉਹ ਪਿੱਤਲ ਤੋਂ ਸੋਨਾ ਬਣ ਜਾਂਦੀ। ਉਹਦੇ ਨਾਲ ਉਸ ਨੂੰ ਵੀ ਲੱਖਾਂ ਡਾਲਰ ਮਿਲਦੇ। ਨਾਈਕੀ ਦੇ ਬੂਟਾਂ ਨੇ ਤਾਂ ਵਿਕਰੀ ’ਚ ਕਮਾਲ ਹੀ ਕਰ ਦਿੱਤੀ। ਉਹ ਜਨਵਰੀ 2000 ਵਿੱਚ ਵਾਸ਼ਿੰਗਟਨ ਵਿਜ਼ਾਰਡਜ਼ ਦਾ ਭਾਗੀਦਾਰ ਬਣ ਗਿਆ ਤੇ ਕਲੱਬ ਦਾ ਪ੍ਰਧਾਨ, ਪਰ ਐੱਨਬੀਏ ਖੇਡਣ ’ਚ ਨਾਵਾਂ ਕਿਤੇ ਵੱਧ ਸੀ। ਸਤੰਬਰ 2001 ’ਚ ਉਹ ਕਲੱਬ ਦੀ ਮੈਨੇਜਮੈਂਟ ਛੱਡ ਕੇ ਮੁੜ ਵਿਜ਼ਾਰਡਜ਼ ਵੱਲੋਂ ਐੱਨਬੀਏ ਦਾ ਸੀਜ਼ਨ ਖੇਡਣ ਲੱਗਾ। ਉਹਦੇ ਦੁਬਾਰਾ ਐੱਨਬੀਏ ’ਚ ਆਉਣ ਦਾ ਦਰਸ਼ਕਾਂ ਨੇ ਭਰਪੂਰ ਸਵਾਗਤ ਕੀਤਾ। ਬਿਜਲਈ ਮੀਡੀਆ ਵਿੱਚ ਮੁੜ ਜੌਰਡਨ-ਜੌਰਡਨ ਹੋਣ ਲੱਗੀ। ਪ੍ਰਤੀ ਮੈਚ 30.1 ਅੰਕ ਦੀ ਔਸਤ ਨਾਲ ਉਸ ਵੱਲੋਂ 32292 ਅੰਕ ਲੈਣਾ ਉਸ ਵੇਲੇ ਬਾਸਕਟਬਾਲ ਲੀਗ ਦੇ ਇਤਿਹਾਸ ਦਾ ਨਵਾਂ ਰਿਕਾਰਡ ਸੀ। ਆਖ਼ਰ 2002-03 ਦਾ ਸੀਜ਼ਨ ਖੇਡਦਿਆਂ ਉਸ ਨੇ ਖੇਡ ਤੋਂ ਰਿਟਾਇਰ ਹੋਣ ਦਾ ਫ਼ੈਸਲਾ ਕਰ ਲਿਆ।
16 ਅਪ੍ਰੈਲ 2003 ਨੂੰ ਫਿਲਾਡੈਲਫੀਆ ਵਿਖੇ ਐੱਨਬੀਏ ਦੀ ਚੈਂਪੀਅਨਸ਼ਿਪ ਦਾ ਅੰਤਮ ਮੈਚ ਮੁੱਕਦਿਆਂ ਉਸ ਨੇ ਐਲਾਨ ਕੀਤਾ ਕਿ ਇਹ ਮੇਰਾ ਆਖ਼ਰੀ ਮੈਚ ਸੀ। ਉਸ ਵੇਲੇ 21257 ਦਰਸ਼ਕ ਮਹਿੰਗੀਆਂ ਟਿਕਟਾਂ ਲੈ ਕੇ ਐੱਨਬੀਏ ਦਾ ਫਾਈਨਲ ਮੈਚ ਵੇਖ ਰਹੇ ਸਨ। ਸਾਰੇ ਦਰਸ਼ਕ ਬਾਸਕਟਬਾਲ ਦੀ ਖੇਡ ਦੇ ਹੀਰੇ ਮਾਈਕਲ ਜੌਰਡਨ ਦੇ ਅਦਬ ਵਿੱਚ ਸੀਟਾਂ ਤੋਂ ਖੜ੍ਹੇ ਹੋ ਗਏ ਤੇ ਤਿੰਨ ਮਿੰਟ ਲਗਾਤਾਰ ਤਾੜੀਆਂ ਮਾਰਦੇ ਰਹੇ। 2006 ਵਿੱਚ ਜੌਰਡਨ ਐੱਨਬੀਏ ਦੇ ਸ਼ੈਰਲੋਟ ਬੌਬਕੈਟਸ ਕਲੱਬ ਦਾ ਹਿੱਸੇਦਾਰ ਤੇ ਜਨਰਲ ਮੈਨੇਜਰ ਬਣ ਗਿਆ। ਉਸ ਦੇ ਬਿਜ਼ਨਸ ਵਿੱਚ ਉਤਾਰ ਚੜ੍ਹਾਅ ਆਉਂਦੇ ਰਹੇ। ਉਸ ਨੇ 1996 ਵਿੱਚ ਬਿੱਲ ਮੁੱਰੇ ਤੇ ਬਗਜ਼ ਬੰਨੀ ਨਾਲ ਮਿਲ ਕੇ ‘ਸਪੇਸ ਜੈਮ’ ਨਾਂ ਦੀ ਫਿਲਮ ਬਣਾਈ ਸੀ। ਬਾਅਦ ਵਿੱਚ ਹੋਰ ਵੀ ਫਿਲਮਾਂ ਬਣਾਈਆਂ ਤੇ ਹੋਰ ਕਈ ਕਾਰੋਬਾਰ ਕੀਤੇ। ਅਸਲ ਵਿੱਚ ਉਹ ਟਿਕ ਕੇ ਬਹਿਣ ਵਾਲਾ ਬੰਦਾ ਹੀ ਨਹੀਂ। ਉਹ ਨਾ ਸਿਰਫ਼ ਸਟਾਰ ਖਿਡਾਰੀ ਬਣਿਆ ਸਗੋਂ ਬਾਸਕਟਬਾਲ ਦੀ ਖੇਡ ਨੂੰ ਦੁਨੀਆ ’ਚ ਹੋਰ ਮਕਬੂਲ ਬਣਾਉਣ ਵਿੱਚ ਵੀ ਸਹਾਈ ਹੋਇਆ ਅਤੇ ਆਪਣੀ ਯੋਗਤਾ ਨਾਲ ਬਾਸਕਟਬਾਲ ਦਾ ਨਵਾਂ ਯੁੱਗ ਸਿਰਜਿਆ।
ਉਹ ਅਜਿਹੇ ਪਰਿਵਾਰ ’ਚ ਜੰਮਿਆ ਸੀ ਜੋ ਪਹਿਲਾਂ ਹੀ ਖੇਡਾਂ ’ਚ ਰੁਚੀ ਰੱਖਦਾ ਸੀ। ਉਨ੍ਹਾਂ ਦੇ ਬੱਚੇ ਬੇਸ਼ੱਕ ਹੋਰਨਾਂ ਖੇਡਾਂ ’ਚ ਵੀ ਰੁਚੀ ਰੱਖਦੇ ਸਨ, ਪਰ ਬਾਸਕਟਬਾਲ ਦੀ ਖੇਡ ਉਨ੍ਹਾਂ ਲਈ ਖ਼ਾਸ ਸੀ। ਇਹੋ ਕਾਰਨ ਸੀ ਕਿ ਸਕੂਲ/ਕਾਲਜ ਵਿੱਚ ਪੜ੍ਹਦਿਆਂ ਜੌਰਡਨ ਬਸਕਟਬਾਲ ਦੀ ਖੇਡ ’ਚ ਛਾ ਗਿਆ ਸੀ। ਉਸ ਦਾ ਦਮ ਏਨਾ ਪੱਕਾ ਸੀ ਕਿ ਥਕਾਵਟ ਕਦੇ ਨੇੜੇ ਨਹੀਂ ਸੀ ਢੁੱਕੀ। ਸ਼ਿਕਾਗੋ ਬੁੱਲਜ਼ ਦਾ ਅੰਗ ਬਣਨਾ ਉਹਦੇ ਲਈ ਸਭ ਤੋਂ ਵੱਡਾ ਵਰ ਸੀ। 1980ਵਾਂ ਦਹਾਕਾ ਉਹਦੀ ਖੇਡ ਦੀ ਚੜ੍ਹਾਈ ਦਾ ਦਹਾਕਾ ਸੀ ਤੇ 1990ਵਾਂ ਦਹਾਕਾ ਵਾਰ ਵਾਰ ਐੱਨਬੀਏ ਦੀਆਂ ਚੈਂਪੀਅਨਸ਼ਿਪਾਂ ਜਿੱਤਣ ਦਾ ਦਹਾਕਾ ਸਾਬਤ ਹੋਇਆ। ਸ਼ੂਟਿੰਗ ਗਾਰਡ, ਜੰਪ ਸ਼ਾਟ ਤੇ ਸੈੱਟ ਸ਼ਾਟ ਦਾ ਉਹ ਅਦਭੁੱਤ ਖਿਡਾਰੀ ਸਾਬਤ ਹੋਇਆ। ਉਹ ਆਪਣੀਆਂ ਪੀਚਾਂ ’ਤੇ ਚਲਾਕੀ ਤੇ ਫੁਰਤੀ ਲਈ ਮਸ਼ਹੂਰ ਸੀ। ਉਸ ਨੇ 10 ਵਾਰ ਐੱਨਬੀਏ ਦੇ ਸਕੋਰਿੰਗ ਟਾਈਟਲ ਜਿੱਤੇ ਤੇ 7 ਸੀਜ਼ਨਾਂ ’ਚੋਂ ਸਭ ਤੋਂ ਵੱਧ ਅੰਕ ਲਏ। ਉਸ ਦੀ ਯੋਗਤਾ ਕੇਵਲ ਸਕੋਰਿੰਗ ਤੱਕ ਹੀ ਸੀਮਤ ਨਹੀਂ ਸੀ ਬਲਕਿ ਉਹ ਤਕੜਾ ਡਿਫੈਂਸਿਵ ਖਿਡਾਰੀ ਵੀ ਸੀ।
ਉਸ ਦੇ ਜੀਵਨ ਦਾ ਸਭ ਤੋਂ ਦੁਖਦਾਈ ਸਮਾਂ ਖੇਡ ਦੌਰਾਨ ਖਾਧੀਆਂ ਸੱਟਾਂ ਨਹੀਂ ਸਗੋਂ ਉਸ ਦੇ ਬਾਪ ਦੀ ਹੱਤਿਆ ਸੀ। ਉਹ ਜੌਰਡਨ ਦੇ ਜੀਵਨ ਦਾ ਸਭ ਤੋਂ ਵੱਡਾ ਸਦਮਾ ਸੀ। ਉਦੋਂ ਉਸ ਨੂੰ ਆਪਣੀ ਸਿਖਰ ’ਤੇ ਪਹੁੰਚੀ ਖੇਡ ਅੱਧ ਵਿਚਕਾਰੇ ਛੱਡਣੀ ਪਈ ਸੀ ਅਤੇ ਪਰਿਵਾਰਕ ਕਾਰਜਾਂ ਵੱਲ ਮੁੜਨਾ ਪਿਆ ਸੀ। ਵਿੱਚੋਂ ਕੁਝ ਸਮਾਂ ਉਹ ਬੇਸਬਾਲ ਵੀ ਖੇਡਿਆ, ਪਰ ਓਨੀ ਪ੍ਰਸਿੱਧੀ ਨਾ ਮਿਲੀ ਜਿੰਨੀ ਬਾਸਕਟਬਾਲ ਖੇਡਦਿਆਂ ਮਿਲਦੀ ਸੀ। ਉਸ ਨੇ ਜੋ ਕੁਝ ਵੀ ਕੀਤਾ ਕਮਾਇਆ, ਮਿਹਨਤ ਮੁਸ਼ੱਕਤ ਨਾਲ ਕਮਾਇਆ। ਉਹ ਆਦਰਸ਼ ਖਿਡਾਰੀ ਹੋਣ ਦੇ ਨਾਲ ਨਾਲ ਆਦਰਸ਼ ਵਪਾਰੀ ਵੀ ਹੈ ਜਿਸ ਨੇ ਉਹਨੂੰ ਦੁਨੀਆ ਦੀ ਮਹਾਨ ਹਸਤੀ ਬਣਾ ਦਿੱਤਾ ਹੈ। ਹੁਣ ਉਹ ਵੱਡੀਆਂ ਕੰਪਨੀਆਂ ਦਾ ਚਿਹਰਾ ਹੈ।
ਮਾਈਕਲ ਜੌਰਡਨ ਨੇ ਖੇਡ ਖੇਤਰ ਤੇ ਵਪਾਰ ਦੇ ਕਾਰੋਬਾਰਾਂ ਵਿੱਚ ਨਾਮਣਾ ਖੱਟਣ ਦੇ ਨਾਲ ਸਮਾਜਿਕ ਕਾਰਜਾਂ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਉਸ ਨੇ ਜੌਰਡਨ ਬਰਾਂਡ ਸੰਸਥਾ ਬਣਾਈ ਜੋ ਚੈਰਿਟੀ ਦੇ ਕਾਰਜਾਂ ’ਚ ਯੋਗਦਾਨ ਪਾਉਂਦੀ ਹੈ। ਉਸ ਕੋਲ ਦੌਲਤ ਕਮਾਉਣ ਦਾ ਵੱਲ ਹੋਣ ਦੇ ਨਾਲ ਦਾਨ ਕਰਨ ਦਾ ਜਿਗਰਾ ਵੀ ਵਿਸ਼ਾਲ ਹੈ। ਉਹ ਬੱਚਿਆਂ ਦੀ ਸਿੱਖਿਆ ਤੇ ਸਿਹਤ ਲਈ ਵੱਡੇ ਉਪਰਾਲੇ ਕਰਦਾ ਰਹਿੰਦਾ ਹੈ। ਉਸ ਨੂੰ ਖੇਡਾਂ ਨਾਲ ਸਮਾਜਿਕ ਭਲਾਈ ਦੇ ਵੀ ਪ੍ਰਸੰਸਾ ਪੱਤਰ ਤੇ ਮਾਣ ਸਨਮਾਨ ਮਿਲਦੇ ਰਹਿੰਦੇ ਹਨ। ਮਾਈਕਲ ਜੌਰਡਨ ਦੀ ਵਿਰਾਸਤ ਕੇਵਲ ਬਾਸਕਟਬਾਲ, ਬੇਸਬਾਲ ਤੇ ਆਦਰਸ਼ ਵਪਾਰੀ ਹੋਣ ਤੱਕ ਹੀ ਸੀਮਤ ਨਹੀਂ ਸਗੋਂ ਬਹੁਪੱਖੀ ਤੇ ਬਹੁਗੁਣੀ ਸ਼ਖ਼ਸੀਅਤ ਹੋਣ ਵਿੱਚ ਹੈ। ਉਹ ਅਮਰੀਕਾ ਦੀ ਹੀ ਨਹੀਂ ਸਾਰੀ ਦੁਨੀਆ ਦੀ ਮਾਣਯੋਗ ਹਸਤੀ ਹੈ।
ਈ-ਮੇਲ: principalsarwansingh@gmail.com