ਬਾਸਕਟਬਾਲ: ਜ਼ੋਨਲ ਪੱਧਰੀ ਟੂਰਨਾਮੈਂਟ ’ਚ 16 ਟੀਮਾਂ ਨੇ ਹਿੱਸਾ ਲਿਆ
ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 4 ਅਗਸਤ
ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ (ਜੀ.ਟੀ.ਬੀ.ਆਈ) ਸਕੂਲ ਕਲਿਆਣਪੁਰ, ਧਾਰੀਵਾਲ ਵਿਖੇ ਜੋਨਲ ਪੱਧਰੀ ਬਾਸਕਿਟਬਾਲ ਮੁਕਾਬਲੇ ਕਰਵਾਏ। ਸਕੂਲ ਦੇ ਚੇਅਰਮੈਨ ਤਰਸੇਮ ਸਿੰਘ, ਡਾਇਰੈਕਟਰ ਸੁਰਜੀਤ ਸਿੰਘ ਅਤੇ ਪ੍ਰਿੰਸੀਪਲ ਡਾ: ਰਵਨੀਤ ਕੌਰ ਦੇ ਪ੍ਰਬੰਧਾਂ ਹੇਠ ਕਰਵਾਏ ਟੂਰਨਾਂਮੈਂਟ ਦੌਰਾਨ ਅੰਡਰ 14, ਅੰਡਰ 17 ਅਤੇ ਅੰਡਰ 19 ਸਾਲ ਉਮਰ ਵਰਗ ਦੇ ਮੁਕਾਬਲਿਆਂ ਵਿੱਚ ਗੁਰਦਾਸਪੁਰ ਤੇ ਪਠਾਨਕੋਟ ਦੇ 9 ਸਕੂਲਾਂ ਦੀਆਂ 16 ਟੀਮਾਂ ਦੇ ਖਿਡਾਰੀਆਂ ਨੇ ਭਾਗ ਲਿਆ। ਸਕੂਲ ਦੇ ਪ੍ਰਿੰਸੀਪਲ ਡਾ. ਰਵਨੀਤ ਕੌਰ ਨੇ ਦੱਸਿਆ ਕਿ ਮੁਕਾਬਲਿਆਂ ਵਿੱਚ ਅੰਡਰ 14 ’ਚੋਂ ਲਿਟਲ ਫਲਾਵਰ ਕੌਨਵੈਂਟ ਸਕੂਲ ਧਾਰੀਵਾਲ ਦੀ ਟੀਮ ਨੇ ਪਹਿਲਾ ਸਥਾਨ ਅਤੇ ਸੇਂਟ ਫਰਾਂਸਿਸ ਸਕੂਲ ਬਟਾਲਾ ਦੀ ਟੀਮ ਨੇ ਦੂਜਾ ਸਥਾਨ। ਅੰਡਰ 17 ਵਿੱਚ ਬੇਰਿੰਗ ਸਕੂਲ ਬਟਾਲਾ ਨੇ ਪਹਿਲਾ ਸਥਾਨ ਅਤੇ ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਕਲਿਆਣਪੁਰ, ਧਾਰੀਵਾਲ ਨੇ ਦੂਜਾ ਸਥਾਨ। ਅੰਡਰ 19 ਵਿੱਚ ਸੇਂਟ ਫਰਾਂਸਿਸ ਸਕੂਲ ਬਟਾਲਾ ਨੇ ਪਹਿਲਾ ਸਥਾਨ ਅਤੇ ਕ੍ਰਾਇਸਟ ਦਾ ਕਿੰਗ ਕੌਨਵੈਂਟ ਸਕੂਲ ਪਠਾਨਕੋਟ ਨੇ ਦੂਜਾ ਸਥਾਨ ਹਾਸਲ ਕੀਤਾ। ਟੂਰਨਾਮੈਂਟ ਦੌਰਾਨ ਐੱਨ.ਆਈ.ਐੱਸ ਬਾਸਕਿਟਬਾਲ ਕੋਚ ਸਿਮਰਨ ਸਿੰਘ ਵਲੋਂ ਸਾਰੇ ਮੈਚਾਂ ਨੂੰ ਸਚਾਰੂ ਢੰਗ ਨਾਲ ਕਰਵਾਉਣ ’ਤੇ ਪ੍ਰਬੰਧਕਾਂ ਨੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਮੁੱਖ ਮਹਿਮਾਨ ਆਰਮੀ ਕੈਪਟਨ ਕਮਲ ਸਿੰਘ ਅਤੇ ਪ੍ਰਬੰਧਕਾਂ ਨੇ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ।