ਬਰਾਤ ਦੀ ਸੇਵਾ
ਅਮਰੀਕ ਸਿੰਘ ਦਿਆਲ
ਤਬਦੀਲੀ ਕੁਦਰਤ ਦਾ ਨੇਮ ਹੈ। ਦੇਖਦਿਆਂ ਦੇਖਦਿਆਂ ਸਭ ਕੁਝ ਤੇਜ਼ੀ ਨਾਲ ਬਦਲ ਰਿਹਾ ਹੈ। ਇਸ ਤਬਦੀਲੀ ਨੇ ਸਮੇਂ ਦੇ ਨਾਲ ਨਾਲ ਰੀਤੀ-ਰਿਵਾਜ਼ਾਂ ਸਮੇਤ ਮਨੁੱਖ ਨੂੰ ਵੀ ਆਪਣੀ ਜਕੜ ਵਿਚ ਲੈ ਲਿਆ ਹੈ। ਅਜੋਕੇ ਸਮੇਂ ਵਿਚ ਬਹੁਤ ਖੇਤਰਾਂ ਵਿਚ ਵਾਧਾ ਵੀ ਹੋਇਆ ਹੈ ਪਰ ਜੇ ਕੁਝ ਘਟਿਆ ਹੈ ਤਾਂ ਬੰਦੇ ਵਿਚਲੀ ਬੰਦਿਆਈ ਜ਼ਰੂਰ ਘਟ ਗਈ ਹੈ।
ਪੁਰਾਣੇ ਵੇਲ਼ਿਆਂ ਵਿਚ ਵਿਆਹ ਸਭ ਦੇ ਸਾਂਝੇ ਮੰਨੇ ਜਾਂਦੇ ਸਨ। ਕਈ ਦਿਨ ਪਹਿਲਾਂ ਵਿਹੜੇ-ਮੁਹੱਲੇ ਵਾਲ਼ਿਆਂ ਦੀ ਭਾਗੀਦਾਰੀ ਸ਼ੁਰੂ ਹੋ ਜਾਂਦੀ ਸੀ। ਇਹ ਭਾਗੀਦਾਰੀ ਸੱਚਮੁੱਚ ਰੂਹ ਨੂੰ ਸਕੂਨ ਦੇਣ ਵਾਲ਼ੀ ਹੁੰਦੀ ਸੀ। ਫਿਰ ਹੌਲ਼ੀ ਹੌਲ਼ੀ ਇਹ ਰਸਮ ਜਿਹੀ ਬਣ ਗਈ। ਸੋਗ ਦੇ ਮੌਕਿਆਂ ਵੇਲੇ ਵੀ ਦੁੱਖ ਵੰਡਾਉਣ ਦਾ ਰਿਵਾਜ਼ ਵੀ ਹੁਣ ਵਾਂਗ ਰਸਮੀ ਨਾ ਹੋ ਕੇ ਢਿੱਡੋਂ ਹੁੰਦਾ ਸੀ। ਸਿਆਣਿਆਂ ਤੋਂ ਸੁਣਿਆ ਕਰਦੇ ਸੀ ਕਿ ਐਸਾ ਸਮਾਂ ਆਏਗਾ, ਜਿਸ ਦੇ ਘਰ ਵਿਆਹ ਹੋਵੇ, ਉਹ ਗਾ ਲਵੇ; ਜਿਸ ਦੇ ਘਰ ਸੋਗ ਹੋਵੇ, ਉਹ ਰੋ ਲਵੇ। ਸਿਆਣਿਆਂ ਦੀ ਭਵਿੱਖਵਾਣੀ ਸਭ ਦੇ ਸਾਹਮਣੇ ਹੈ। ਹੁਣ ਅਸੀਂ ਅਜਿਹੇ ਦੌਰ ਵਿਚ ਪਹੁੰਚ ਚੁੱਕੇ ਹਾਂ। ਦਾਜ ਦੀ ਪਰੰਪਰਾ ਮੁੱਢ-ਕਦੀਮ ਤੋਂ ਆਪਣਾ ਰੂਪ ਬਦਲਦੀ ਰਹੀ ਹੈ। ਧੀ ਦੇ ਮਾਪੇ ਉਸ ਦੇ ਹੱਥ ਪੀਲ਼ੇ ਕਰਨ ਵੇਲੇ ਆਪਣੀ ਸਮਰੱਥਾ ਮੂਜਬ ਉਸ ਨੂੰ ਕੁਝ ਨਾ ਕੁਝ ਦਿੰਦੇ ਆਏ ਹਨ। ਇਹ ਪਰੰਪਰਾ ਹੌਲ਼ੀ ਹੌਲ਼ੀ ਲਾਹਣਤ ਦਾ ਰੂਪ ਧਾਰਨ ਕਰ ਗਈ। ਜੇਕਰ ਅੱਜ ਤੋਂ ਚਾਲ਼ੀ ਕੁ ਸਾਲ ਪਿਛਾਂਹ ਝਾਤ ਮਾਰੀਏ ਤਾਂ ਪਿੰਡਾਂ ਵਿਚ ਦਾਜ ਵਿਚ ਸਾਈਕਲ ਦੇਣ ਦਾ ਰਿਵਾਜ਼ ਪ੍ਰਚੱਲਿਤ ਰਿਹਾ ਹੈ। ਉਸ ਤੋਂ ਬਾਅਦ ਇਸ ਦੀ ਥਾਂ ਸਕੂਟਰ, ਮੋਟਰਸਾਈਕਲ ਅਤੇ ਫਿਰ ਕਾਰਾਂ ਨੇ ਲੈ ਲਈ। ਮੁੰਡੇ ਦੇ ਮਾਪੇ ਇਸ ਉੱਤੇ ਆਪਣਾ ਹੱਕ ਜਤਲਾਉਂਦੇ ਹੋਏ ਇਸ ਨੂੰ ਸਮਾਜਿਕ ਰੁਤਬਾ ਸਮਝਣ ਲੱਗ ਪਏ।
ਇਕ ਪਰਵਾਸੀ ਪੰਜਾਬੀ ਦੀ ਵੀਡੀਓ ਕੰਨ ਤੇ ਅੱਖਾਂ ਖੋਲ੍ਹਣ ਵਾਲੀ ਹੈ ਜਿਸ ਰਾਹੀਂ ਉਹ ਆਪਣੇ ਪਰਿਵਾਰ ਵਲੋਂ 5 ਬਰਾਤੀ ਲੈ ਕੇ ਜਾਣ ਬਾਬਤ ਦੱਸਦੇ ਹੋਏ ਦਿਨੋ-ਦਿਨ ਖਰਚੀਲੇ ਹੋ ਰਹੇ ਵਿਆਹਾਂ ਦੀ ਗੱਲ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਦਿਖਾਵੇ ਦੇ ਦੌਰ ਅਤੇ ਇੱਕ-ਦੂਜੇ ਤੋਂ ਅਗਾਂਹ ਲੰਘ ਜਾਣ ਦੀ ਦੌੜ ਨੇ ਸਮਾਜਿਕ ਤਾਣੇ-ਬਾਣੇ ਨੂੰ ਇੰਨਾ ਉਲਝਾ ਦਿੱਤਾ ਹੈ ਕਿ ਇਸ ਵਿਚ ਉਲਝਿਆ ਬੰਦਾ ਇਸ ਵਿਚੋਂ ਬਾਹਰ ਨਿਕਲਣ ਦੀ ਪਹਿਲ ਕਰਨ ਦੀ ਹਿੰਮਤ ਨਹੀਂ ਜੁਟਾ ਰਿਹਾ। ਮੇਰੇ ਇੱਕ ਵਾਕਫ਼ ਅਧਿਆਪਕ ਦੇ ਪੁੱਤ ਨੂੰ ਰਿਸ਼ਤੇ ਦੀ ਗੱਲ ਚਲਦੀ ਚਲਦੀ ਕੁੜਮਾਈ ਵਾਲੀ ਰਸਮ ਤੱਕ ਪੁੱਜ ਗਈ। ਮੁੰਡੇ-ਕੁੜੀ ਦੀ ਦੇਖ-ਦਖਾਈ ਛੋਟੀ ਜਿਹੀ ਦੁਕਾਨ ’ਤੇ ਰੱਖੀ ਗਈ। ਦੋਹਾਂ ਧਿਰਾਂ ਨੂੰ ਰਿਸ਼ਤਾ ਮਨਜ਼ੂਰ ਸੀ। ਕੁੜੀ ਵਾਲ਼ੇ ਮੁੰਦਰੀ ਦੀ ਰਸਮ ਕਰਨੀ ਚਾਹੁੰਦੇ ਸਨ। ਉਨ੍ਹਾਂ ਨੂੰ ਆਪਣੀ ਵੱਡੀ ਧੀ ਦੀ ਮੰਗਣੀ ਦੀ ਰਸਮ ਸਮੇਂ ਦੇ ਕੰਨ ਲੱਗੇ ਹੋਏ ਸਨ। ਅਧਿਆਪਕ ਦੋਸਤ ਅਗਾਂਹਵਧੂ ਵਿਚਾਰਾਂ ਵਾਲ਼ਾ ਸੀ, ਉਹਨੇ ਵਿਆਹ ਦੀ ਤਰੀਕ ਮੁਕੱਰਰ ਕਰਨ ਲਈ ਕਿਹਾ। ਨਾਲ ਇਹ ਵੀ ਕਹਿ ਦਿੱਤਾ ਕਿ ਵਿਆਹ ਸਾਦੀਆਂ ਰਸਮਾਂ ਨਾਲ਼ ਹੋਵੇਗਾ। ਇਹ ਗੱਲ ਸੁਣਦਿਆਂ ਕੁੜੀ ਦੇ ਬਾਪ ਦੀਆਂ ਅੱਖਾਂ ਵਿਚ ਹੰਝੂ ਵਹਿ ਤੁਰੇ। ਉਹ ਪਿਛਲੇ ਸਾਲ ਆਪਣੇ ਨਾਲ ਬੀਤੀ ਦੱਸਣ ਤੋਂ ਨਾ ਰਹਿ ਸਕਿਆ।
ਸਾਲ ਕੁ ਪਹਿਲਾਂ ਉਸ ਦੀ ਵੱਡੀ ਧੀ ਦਾ ਵਿਆਹ ਹੋਇਆ ਸੀ। ਉਨ੍ਹਾਂ ਨੂੰ ਰਿਸ਼ਤੇਦਾਰ ਕਹਿਣਾ ਸ਼ਾਇਦ ‘ਰਿਸ਼ਤੇ’ ਸ਼ਬਦ ਦੀ ਤੌਹੀਨ ਹੋਵੇਗੀ। ਰਿਸ਼ਤੇਦਾਰੀ ਜ਼ੋਰ ਪਰਖਣ ਲਈ ਥੋੜ੍ਹਾ ਹੁੰਦੀ! ਸਿਆਣੇ ਕਹਿੰਦੇ ਨੇ- ਇਹ ਤਾਂ ਤਿੰਨ ਪੀੜ੍ਹੀਆਂ ਦੀ ਸਾਂਝ ਹੁੰਦੀ ਹੈ। ਕਿਹੜੀ ਸ਼ਰਤ ਸੀ ਜੋ ਉਨ੍ਹਾਂ ਨੇ ਨਹੀਂ ਸੀ ਮਨਾਈ। ਸੱਸ-ਨਣਾਨ ਦੇ ਸੂਟ ਗਹਿਣਿਆਂ ਤੋਂ ਲੈ ਕੇ ਪੂਰੇ ਪਰਿਵਾਰ ਲਈ ਸੁਗਾਤਾਂ ਮੂੰਹ ਪਾੜ ਕੇ ਮੰਗ ਲਈਆਂ ਸਨ। ਸਿਰਫ ਬੈੱਡ-ਸੋਫ਼ਿਆਂ ਤੋਂ ਨਾਂਹ ਕਰਦਿਆਂ ਅਜੋਕੇ ਸਮੇਂ ਦਾ ਰਟਿਆ-ਰਟਾਇਆ ਤੋੜਾ ਝਾੜ ਦਿੱਤਾ ਸੀ, “ਅਸੀਂ ਦਾਜ ਨ੍ਹੀਂ ਲੈਣਾ, ਬਸ ਬਰਾਤ ਦੀ ਸੇਵਾ ਕਰ ਦਿਓ।” ਅੱਜ ਕੱਲ੍ਹ ਮੁੰਡੇ ਵਾਲਿਆਂ ਦੇ ਇਹ ਸ਼ਬਦ ਆਮ ਹੀ ਸੁਣਨ ਨੂੰ ਮਿਲ ਜਾਂਦੇ ਹਨ ਪਰ ਇਹ ਸੇਵਾ ਨਿਭਾਉਂਦਿਆਂ ਕੁੜੀਆਂ ਵਾਲ਼ਿਆਂ ਦਾ ਕਚੂੰਮਰ ਜ਼ਰੂਰ ਨਿਕਲ ਜਾਂਦਾ ਹੈ। ਵੱਡੇ ਪੈਲਸਾਂ ਵਿਚ ਸ਼ਰਾਬ-ਕਬਾਬ ਦਾ ਖਰਚਾ ਭਾਵੇਂ ਕੁੜੀ ਵਾਲ਼ਾ ਝੱਲਣ ਦੀ ਸਮਰੱਥਾ ਨਾ ਰੱਖਦਾ ਹੋਵੇ ਪਰ ਮਰਦੀ ਨੂੰ ਅੱਕ ਚੱਬਣ ਵਾਲ਼ੀ ਮਜਬੂਰੀ ਹੁੰਦੀ ਹੈ।
ਸਾਡੇ ਇੱਕ ਸੱਜਣ-ਬੇਲੀ ਦੀ ਧੀ ਦਾ ਵਿਆਹ ਪਿੱਛੇ ਜਿਹੇ ਹੀ ਹੋਇਆ ਹੈ। ਇਸ ਵਿਆਹ ਵਿਚ ਵੀ ਮੁੰਡੇ ਵਾਲਿਆਂ ਦੀ ਸ਼ਰਤ ਸੀ ਕਿ ਬਸ ਵਿਆਹ ਪੈਲੇਸ ਵਿਚ ਕਰ ਦਿਓ, ਬਰਾਤ ਦੀ ਸੇਵਾ ਹੋ ਜਾਵੇ; ਅਖੇ, ਸਾਡੇ ਰਿਸ਼ਤੇਦਾਰ ਵੀ ਸੁੱਖ ਨਾਲ਼ ਖਾਂਦੇ ਪੀਂਦੇ ਹਨ, ਵਿਦੇਸ਼ ਤੋਂ ਵੀ ਆ ਰਹੇ ਨੇ, ਬੱਸ ਜ਼ਰਾ ਸੇਵਾ ਉਸ ਹਿਸਾਬ ਨਾਲ਼ ਕਰ ਦਿਓ।... ਪਤਾ ਲੱਗਾ ਕਿ ਇਸ ਸੇਵਾ ਦਾ ਸੇਵਾਫਲ ਕੁੜੀ ਵਾਲਿਆਂ ਨੇ ਅੱਠ ਲੱਖ ਦੇ ਕੇ ਲਾਹਿਆ।
ਪੁਰਾਣੇ ਵੇਲਿਆਂ ਵਿਚ ਕਈ ਕਈ ਦਿਨ ਠਹਿਰਨ ਵਾਲੀ ਬਰਾਤ ਦੀ ਸੇਵਾ ਦਾ ਇੰਨਾ ਬੋਝ ਨਹੀਂ ਸੀ ਹੁੰਦਾ ਜਿੰਨਾ ਹੁਣ ਕੁਝ ਘੰਟਿਆਂ ਦੀ ਬਰਾਤ ਦਾ ਪੈ ਜਾਂਦਾ ਹੈ!
ਸੰਪਰਕ: 94638-51568