ਬਨਵਾਲਾ ਅਨੂੰ: ‘ਖੇਤ ਰਕਬੇ’ ਤੇ ‘ਖੇਡ ਰਕਬੇ’ ਦੇ ਕਬਜ਼ੇ ਦਾ ਮਾਮਲਾ ਭਖ਼ਿਆ
ਇਕਬਾਲ ਸਿੰਘ ਸ਼ਾਂਤ
ਲੰਬੀ, 2 ਦਸੰਬਰ
ਵਰ੍ਹਿਆਂ ਪਹਿਲਾਂ ਪਿੰਡ ਬਨਵਾਲਾ ਅਨੂੰ ਵਿੱਚ ਸਰਕਾਰੀ ਸਕੂਲ ਦੇ ਪਾੜ੍ਹਿਆਂ ਦੇ ਖੇਡਣ ਖਾਤਰ ਗ੍ਰਾਮ ਪੰਚਾਇਤ ਨਾਲ ਹੋਏ ਦੱਸੇ ਜਾਂਦੇ ਕਥਿਤ ਭਾਈਚਾਰਕ ਤਬਾਦਲੇ ਵਾਲੀ 4 ਕਨਾਲ 11 ਮਰਲੇ ਜ਼ਮੀਨ ਹੁਣ ਬੀਡੀਪੀਓ ਦਫ਼ਤਰ ਲੰਬੀ ਦੀਆਂ ਅੱਖਾਂ ਨੂੰ ਰੜਕਣ ਲੱਗੀ ਹੈ। ਦਰਅਸਲ ਬੀਡੀਪੀਓ ਦਫ਼ਤਰ ਲੰਬੀ 15ਵੇਂ ਵਿੱਤ ਕਮਿਸ਼ਨ ਦੀ 4 ਲੱਖ ਰੁਪਏ ਗਰਾਂਟ ਨਾਲ ਸਕੂਲ ਦੇ ਸਾਹਮਣੇ ਸਥਿਤ ਚਾਰਦਵਾਰੀ ਤੋੜ ਕੇ ਖੇਡ ਰਕਬੇ ਦਾ ਦਾਇਰਾ ਵਧਾ ਸਟੇਡੀਅਮ ਵਿਕਸਿਤ ਕਰਨਾ ਚਾਹੁੰਦਾ ਹੈ, ਜਿਸ ਲਈ ਬੀਡੀਪੀਓ ਦਫ਼ਤਰ ਲੰਬੀ ਨੇ ਚਾਰਦੀਵਾਰੀ ਪਿੱਛੇ ਸਥਿਤ 4 ਕਨਾਲ 11 ਮਰਲੇ ਖੇਤੀ ਰਕਬੇ ਨੂੰ ਪੰਚਾਇਤੀ ਮਲਕੀਅਤ ਦੱਸਦਿਆਂ ਕਬਜ਼ਾ ਕਾਰਵਾਈ ਸ਼ੁਰੂ ਕਰ ਰੱਖੀ ਹੈ। ਕਿਸਾਨ ਧਿਰ ਨੇ ਇੱਥੇ ਕਣਕ ਬੀਜਾਂਦ ਕਰ ਰੱਖੀ ਹੈ। ਸਰਕਾਰੀ ਕਬਜ਼ਾ ਕਾਰਵਾਈ ਖ਼ਿਲਾਫ਼ ਕਿਸਾਨ ਸੁਖਮੰਦਰ ਸਿੰਘ ਨੇ ਗਿੱਦੜਬਾਹਾ ਅਦਾਲਤ ’ਚ ਪਹੁੰਚ ਕੀਤੀ ਹੋਈ ਹੈ, ਜਿਸ ਦੀ 7 ਦਸੰਬਰ ਨੂੰ ਪੇਸ਼ੀ ਹੈ। ਪਿੰਡ ਵਾਸੀ ਕਬਜ਼ਾ ਕਾਰਵਾਈ ਨੂੰ ਪੰਚਾਇਤੀ ਚੋਣਾਂ ਦੀ ਰੰਜਿਸ਼ ਦਾ ਸਿੱਟਾ ਦੱਸਦੇ ਹਨ। ਅੱਜ ਬੀਡੀਪੀਓ ਰਾਕੇਸ਼ ਬਿਸ਼ਨੋਈ ਦੀ ਅਗਵਾਈ ਹੇਠ ਪੁਲੀਸ ਨਾਲ ਕਬਜ਼ਾ ਕਾਰਵਾਈ ਲਈ ਸੰਮਤੀ ਅਮਲਾ ਪੁੱਜਿਆ। ਐੱਸਕੇਐੱਮ ਦੀਆਂ ਕਿਸਾਨ ਸਫ਼ਾਂ ਨੇ ਕਿਸਾਨ ਪਰਿਵਾਰ ਦੀ ਮਦਦ ’ਚ ਧਰਨਾ ਲਗਾ ਦਿੱਤਾ, ਜਿਸ ’ਤੇ ਪ੍ਰਸ਼ਾਸਨ ਨੂੰ ਬੇਰੰਗ ਪਰਤਣਾ ਪਿਆ। ਕਿਸਾਨ ਸੁਖਮੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ 4 ਕਨਾਲ 11 ਮਰਲੇ ਰਕਬਾ ਪ੍ਰਾਇਮਰੀ ਸਕੂਲ ਦੇ ਸਾਹਮਣੇ ਪੈਂਦਾ ਹੈ। ਉਸ ਰਕਬੇ ਦਾ ਕਰੀਬ ਢਾਈ ਦਹਾਕੇ ਪਹਿਲਾਂ ਤਤਕਾਲੀ ਗਰਾਮ ਪੰਚਾਇਤ ਨੇ ਵਿਦਿਆਰਥੀਆਂ ਦੇ ਖੇਡਣ ਲਈ ਬਿਨਾਂ ਲਿਖਤ-ਪੜ੍ਹਤ ਦੇ ਤਬਾਦਲਾ ਕੀਤਾ ਸੀ। ਇਸ ਮੌਕੇ ਸਰਪੰਚ ਪ੍ਰਤੀਨਿਧੀ ਗੁਰਮੇਲ ਸਿੰਘ, ਕਿਸਾਨ ਆਗੂ ਚਰਨਜੀਤ ਬਨਵਾਲਾ, ਸੁਖਪਾਲ ਲੰਬੀ, ਡਾ. ਮਹਿਤਾ ਸਿੰਘ ਮੌਜੂਦ ਸਨ। ਕਿਸਾਨ ਧਿਰ ਦਾ ਦਾਅਵਾ ਹੈ ਕਿ ਭਾਈਚਾਰਕ ਤਬਾਦਲੇ ਦੇ ਬਾਵਜੂਦ ਖਸਰਾ ਗਿਰਦਾਵਰੀ ਦੇ ਰਿਕਾਰਡ ਵਿੱਚ ਚਾਰਦੀਵਾਰੀ ਖੇਡ ਰਕਬੇ ’ਚ ਬਤੌਰ ਕਾਸ਼ਤਕਾਰ ਵਜੋਂ ਉਨ੍ਹਾਂ ਦੇ ਗਜਮੇਰ ਸਿੰਘ ਵਗੈਰਾ ਦਰਜ ਹਨ। ਜਦਕਿ ਸਰਕਾਰੀ ਰਿਕਾਰਡ ‘ਚ ਉਕਤ ਰਕਬੇ ਦੀ ਮਾਲਕੀਅਤ ਜ਼ਿਲ੍ਹਾ ਬੋਰਡ ਦੇ ਨਾਂ ਹੈ।
ਕਿਸਾਨ ਸੁਖਮੰਦਰ ਸਿੰਘ ਤੇ ਡਾ. ਮਹਿਤਾ ਸਿੰਘ ਨੇ ਕਿਹਾ ਕਿ ਉਹ ਅਦਾਲਤ ਤੋਂ ਕਮਿਸ਼ਨ ਮੁਕੱਰਰ ਕਰਵਾ ਕੇ ਪੈਮਾਇਸ਼ ਦੀ ਮੰਗ ਕਰਨਗੇ।
ਜ਼ਮੀਨ ਦੀ ਮਾਲਕੀ ਪੰਚਾਇਤ ਕੋਲ: ਬੀਡੀਪੀਓ
ਬੀਡੀਪੀਓ ਰਾਕੇਸ਼ ਬਿਸ਼ਨੋਈ ਨੇ ਕਿਹਾ ਕਿ ਜ਼ਮੀਨ ਗਰਾਮ ਪੰਚਾਇਤ ਦੀ ਮਾਲਕੀ ਅਧੀਨ ਹੈ। ਸਟੇਡੀਅਮ ਬਣਾਉਣ ਖਾਤਰ ਜ਼ਮੀਨ ਤੋਂ ਕਬਜ਼ਾ ਛੁਡਾਇਆ ਜਾ ਰਿਹਾ ਹੈ। ਹਫ਼ਤਾ ਪਹਿਲਾਂ ਨਿਸ਼ਾਨ ਲਗਾਏ ਗਏ ਸਨ। ਧਰਨਾਕਾਰੀ ਧਿਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਨ੍ਹਾਂ ਕੋਲ ਅਦਾਲਤ ਦਾ ਕੋਈ ਸਟੇਅ ਨਹੀਂ ਹੈ।