ਬਨੂੜ ਨੂੰ ਬਰਸਾਤੀ ਪਾਣੀ ਦੀ ਮਾਰ ਤੋਂ ਮਿਲੇਗੀ ਨਿਜਾਤ
ਕਰਮਜੀਤ ਸਿੰਘ ਚਿੱਲਾ
ਬਨੂੜ, 8 ਜੁਲਾਈ
ਲੰਮੇ ਸਮੇਂ ਤੋਂ ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਬਨੂੜ ਦੇ ਵਾਰਡ ਨੰਬਰ ਦਸ ਅਤੇ ਗਿਆਰਾਂ ਦੇ ਵਸਨੀਕਾਂ, ਕਈਂ ਕਲੋਨੀਆਂ, ਐੱਮਸੀ ਰੋਡ ਦੇ ਦੁਕਾਨਦਾਰਾਂ ਅਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਨੇੜਲੇ ਵਸਨੀਕਾਂ ਨੂੰ ਹੁਣ ਬਰਸਾਤੀ ਪਾਣੀ ਦੀ ਮਾਰ ਤੋਂ ਛੁਟਕਾਰਾ ਮਿਲ ਸਕਦਾ ਹੈ। ਉਪਰੋਕਤ ਸਾਰੀਆਂ ਥਾਵਾਂ ਉੱਤੇ ਪਾਈਪ ਲਾਈਨਾਂ ਵਿਛਾਉਣ ਦਾ ਕੰਮ ਅਗਲੇ ਇੱਕ-ਦੋ ਦਿਨਾਂ ਵਿਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਨਗਰ ਕੌਂਸਲ ਬਨੂੜ ਵਿੱਚ ਅੱਜ ਲਗਾਤਾਰ ਪੰਜ ਘੰਟੇ ਤੱਕ ਚੱਲੀ ਮੀਟਿੰਗ ਵਿੱਚ ਇਹ ਫ਼ੈਸਲੇ ਲਏ ਗਏ। ਕੌਂਸਲ ਪ੍ਰਧਾਨ ਜਗਤਾਰ ਸਿੰਘ ਕੰਬੋਜ ਦੀ ਅਗਵਾਈ ਹੇਠਲੀ ਇਸ ਮੀਟਿੰਗ ਵਿੱਚ ਈਓ ਵਰਿੰਦਰ ਜੈਨ ਤੋਂ ਇਲਾਵਾ ਸਾਰੇ ਕੌਂਸਲਰ, ਸਥਾਨਕ ਸਰਕਾਰ ਵਿਭਾਗ ਦੇ ਉੱਚ ਤਕਨੀਕੀ ਅਧਿਕਾਰੀ ਅਤੇ ਨੈਸ਼ਨਲ ਹਾਈਵੇਅ ਦੇ ਅਫ਼ਸਰ ਪਹੁੰਚੇ ਹੋਏ ਸਨ। ਇਸ ਮੌਕੇ ਪਾਣੀ ਤੋਂ ਪ੍ਰਭਾਵਿਤ ਵਾਰਡਾਂ ਦੇ ਨੁਮਾਇੰਦੇ ਪ੍ਰੇਮ ਸਿੰਘ ਘੜਾਮਾਂ ਵੀ ਉਚੇਚੇ ਤੌਰ ’ਤੇ ਹਾਜ਼ਰ ਸਨ।
ਜਗਤਾਰ ਸਿੰਘ ਕੰਬੋਜ ਨੇ ਦੱਸਿਆ ਕਿ ਵਾਰਡ ਨੰਬਰ ਦਸ ਦੀਆਂ ਕਈਂ ਕਲੋਨੀਆਂ ਦੇ ਪਾਣੀ ਦੇ ਮਾਮਲੇ ਦੇ ਨਿਕਾਸ ਲਈ ਮੌਕੇ ’ਤੇ ਸੱਤ ਮੈਂਬਰੀਂ ਕਮੇਟੀ ਬਣਾਈ ਗਈ, ਜਿਨ੍ਹਾਂ ਵੱਲੋਂ ਮੌਕਾ ਵੇਖ ਕੇ ਦਿੱਤੀ ਤਜਵੀਜ਼ ਨੂੰ ਸਾਰੇ ਹਾਊਸ ਅਤੇ ਅਧਿਕਾਰੀਆਂ ਨੇ ਮੌਕੇ ’ਤੇ ਹੀ ਮਨਜ਼ੂਰ ਕਰ ਲਿਆ। ਕੌਂਸਲ ਪ੍ਰਧਾਨ ਨੇ ਦੱਸਿਆ ਕਿ ਐਮਸੀ ਰੋਡ ਦੇ ਦੁਕਾਨਦਾਰਾਂ ਤੇ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਦੇ ਨੇੜਲੇ ਵਸਨੀਕਾਂ ਨੂੰ ਪਾਣੀ ਦੀ ਨਿਕਾਸੀ ਨਾ ਹੋਣ ਦੀ ਮਾਰ ਸਹਿਣੀ ਪੈ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਦੇ ਸਥਾਈ ਹੱਲ ਲਈ ਇਹ ਫੈਸਲਾ ਕੀਤਾ ਗਿਆ ਕਿ ਸ਼ਹਿਰ ਦੇ ਬਾਜ਼ਾਰ ਤੋਂ ਲੈ ਕੇ ਸਕੂਲ ਤੱਕ ਕੌਮੀ ਮਾਰਗ ਦੇ ਨਾਲ-ਨਾਲ ਇੱਕ ਤਿੰਨ ਫੁੱਟੀ ਪਾਈਪਾਂ ਦੀ ਲਾਇਨ ਵਿਛਾਈ ਜਾਵੇਗੀ।