ਨੀਦਰਲੈਂਡਜ਼ ’ਚ ਸ਼ਰਨ ਮੰਗਣ ਕਾਰਨ ਤਿੰਨ ਪਾਕਿਸਤਾਨੀ ਹਾਕੀ ਖਿਡਾਰੀਆਂ ’ਤੇ ਉਮਰ ਭਰ ਲਈ ਪਾਬੰਦੀ
ਲਾਹੌਰ, 29 ਅਗਸਤ
ਪਾਕਿਸਤਾਨ ਹਾਕੀ ਫੈਡਰੇਸ਼ਨ (ਪੀਐੱਚਐੱਫ) ਦੀ ਜਾਣਕਾਰੀ ਤੋਂ ਬਿਨਾਂ ਵਿਦੇਸ਼ ਜਾਣ ਅਤੇ ਯੂਰਪੀ ਦੇਸ਼ ਵਿੱਚ ਸ਼ਰਨ ਮੰਗਣ ਦੀ ਕੋਸ਼ਿਸ਼ ਬਦਲੇ ਪਾਕਿਸਤਾਨ ਦੇ ਤਿੰਨ ਹਾਕੀ ਖਿਡਾਰੀਆਂ ਅਤੇ ਇੱਕ ਸਹਾਇਕ ’ਤੇ ਉਮਰ ਭਰ ਦੀ ਪਾਬੰਦੀ ਲਗਾ ਦਿੱਤੀ ਹੈ। ਪੀਐੱਚਐੱਫ ਦੇ ਜਨਰਲ ਸਕੱਤਰ ਰਾਣਾ ਮੁਜਾਹਿਦ ਨੇ ਅੱਜ ਇੱਥੇ ਪੁਸ਼ਟੀ ਕੀਤੀ ਕਿ ਮੁਰਤਜ਼ਾ ਯਾਕੂਬ, ਇਹਤੇਸ਼ਾਮ ਅਸਲਮ ਅਤੇ ਅਬਦੁਰ ਰਹਿਮਾਨ ਫਿਜ਼ੀਓਥੈਰੇਪਿਸਟ ਵਕਾਸ ਨਾਲ ਪਿਛਲੇ ਮਹੀਨੇ ਨੇਸ਼ਨਜ਼ ਕੱਪ ਲਈ ਨੀਦਰਲੈਂਡਜ਼ ਅਤੇ ਪੋਲੈਂਡ ਪਹੁੰਚ ਗਏ ਸੀ। ਮੁਜਾਹਿਦ ਨੇ ਕਿਹਾ,‘ਜਦੋਂ ਟੀਮ ਦੇਸ਼ ਪਰਤੀ ਅਤੇ ਅਸੀਂ ਏਸ਼ਿਆਈ ਚੈਂਪੀਅਨਜ਼ ਟਰਾਫੀ ਲਈ ਟਰੇਨਿੰਗ ਕੈਂਪ ਦਾ ਐਲਾਨ ਕੀਤਾ ਤਾਂ ਇਨ੍ਹਾਂ ਤਿੰਨਾਂ ਨੇ ਸਾਨੂੰ ਸੂਚਿਤ ਕੀਤਾ ਕਿ ਘਰੇਲੂ ਮੁੱਦਿਆਂ ਕਾਰਨ ਉਹ ਕੈਂਪ ਵਿੱਚ ਸ਼ਾਮਲ ਨਹੀਂ ਹੋ ਸਕਣਗੇ ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਟੀਮ ਨੂੰ ਜਾਰੀ ਕੀਤੇ ਗਏ ਉਸੇ ਸ਼ੇਂਗੇਨ ਵੀਜ਼ਾ ’ਤੇ ਇੱਕ ਵਾਰ ਫਿਰ ਨੀਦਰਲੈਂਡ ਗਏ ਸੀ ਅਤੇ ਉਨ੍ਹਾਂ ਉੱਥੇ ਰਾਜਨੀਤਿਕ ਸ਼ਰਨ ਮੰਗੀ ਸੀ।’ ਮੁਜਾਹਿਦ ਨੇ ਕਿਹਾ ਕਿ ਪਾਕਿਸਤਾਨ ਹਾਕੀ ਲਈ ਨਿਰਾਸ਼ਾਜਨਕ ਘਟਨਾ ਹੈ, ਜਿਸ ਨਾਲ ਕੌਮਾਂਤਰੀ ਮੁਕਾਬਲੇਬਾਜ਼ਾਂ ਨੂੰ ਯੂਰਪੀ ਦੇਸ਼ਾਂ ਦੇ ਵੀਜ਼ੇ ਲਈ ਅਰਜ਼ੀ ਦੇਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪੀਐੱਚਐੱਫ ਨੇ ਇਨ੍ਹਾਂ ਖਿਡਾਰੀਆਂ ’ਤੇ ਉਮਰ ਭਰ ਪਾਬੰਦੀ ਨੂੰ ਸਹਿਮਤੀ ਦੇ ਦਿੱਤੀ ਹੈ ਅਤੇ ਪੀਐੱਚਐੱਫ ਪ੍ਰਧਾਨ ਨੂੰ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਲਈ ਪਾਕਿਸਤਾਨੀ ਦੂਤਘਰ ਜ਼ਰੀਏ ਵਾਪਸ ਬਲਾਉਣ ਲਈ ਕੋਸ਼ਿਸ਼ ਕਰਨ ਬਾਰੇ ਕਿਹਾ ਗਿਆ ਹੈ।
ਉਨ੍ਹਾਂ ਕਿਹਾ, ‘‘ਅਸੀਂ ਪਹਿਲਾਂ ਹੀ ਗ੍ਰਹਿ ਅਤੇ ਵਿਦੇਸ਼ ਮੰਤਰਾਲਿਆਂ ਨੂੰ ਅਗਲੀ ਕਾਰਵਾਈ ਲਈ ਸੂਚਿਤ ਕਰ ਦਿੱਤਾ ਹੈ।’’ -ਪੀਟੀਆਈ