For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼ੀ ਤੇ ਰੋਹਿੰਗੀਆ ਘੁਸਪੈਠੀਏ ਝਾਰਖੰਡ ਲਈ ਵੱਡਾ ਖ਼ਤਰਾ: ਮੋਦੀ

07:03 AM Sep 16, 2024 IST
ਬੰਗਲਾਦੇਸ਼ੀ ਤੇ ਰੋਹਿੰਗੀਆ ਘੁਸਪੈਠੀਏ ਝਾਰਖੰਡ ਲਈ ਵੱਡਾ ਖ਼ਤਰਾ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਨਮਾਨਿਤ ਕਰਦੇ ਹੋਏ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਅਤੇ ਹੋਰ ਆਗੂ। -ਫੋਟੋ: ਏਐੱਨਆਈ
Advertisement

ਜਮਸ਼ੇਦਪੁਰ, 15 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ’ਚ ਹੁਕਮਰਾਨ ਜੇਐੱਮਐੱਮ ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ’ਤੇ ਅੱਜ ਦੋਸ਼ ਲਾਇਆ ਕਿ ਉਹ ਵੋਟ ਬੈਂਕ ਦੀ ਸਿਆਸਤ ਲਈ ਬੰਗਲਾਦੇਸ਼ੀ ਅਤੇ ਰੋਹਿੰਗੀਆ ਮੁਸਲਮਾਨਾਂ ਦੀ ਘੁਸਪੈਠ ਨੂੰ ਹੱਲਾਸ਼ੇਰੀ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕਾਂ ਤੋਂ ਆਉਣ ਵਾਲੇ ਘੁਸਪੈਠੀਏ ਝਾਰਖੰਡ ਲਈ ਵੱਡਾ ਖ਼ਤਰਾ ਹਨ ਜਿਨ੍ਹਾਂ ਕਾਰਨ ਸੂਬੇ ਦੇ ਸੰਥਾਲ ਪਰਗਨਾ ਅਤੇ ਕੋਲਹਾਨ ਖ਼ਿੱਤਿਆਂ ’ਚ ਬਦਲਾਅ ਆ ਰਿਹਾ ਹੈ। ਇਥੇ ਭਾਜਪਾ ਦੀ ਪਰਿਵਰਤਨ ਮਹਾਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਘੁਸਪੈਠੀਆਂ ਕਾਰਨ ਸੰਥਾਲ ਪਰਗਨਾ ਅਤੇ ਕੋਲਹਾਨ ਖ਼ਿੱਤਿਆਂ ’ਚ ਕਬਾਇਲੀਆਂ ਦੀ ਆਬਾਦੀ ਘੱਟ ਰਹੀ ਹੈ। ਘੁਸਪੈਠੀਏ ਪੰਚਾਇਤਾਂ ਅਤੇ ਜ਼ਮੀਨਾਂ ’ਤੇ ਕਬਜ਼ੇ ਕਰ ਰਹੇ ਹਨ ਅਤੇ ਉਹ ਸੂਬੇ ਦੀਆਂ ਧੀਆਂ ਨਾਲ ਵਧੀਕੀਆਂ ਦੇ ਮਾਮਲਿਆਂ ’ਚ ਸ਼ਾਮਲ ਹਨ। ਝਾਰਖੰਡ ਦਾ ਹਰੇਕ ਨਿਵਾਸੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।’’ ਉਨ੍ਹਾਂ ਹਾਈ ਕੋਰਟ ਵੱਲੋਂ ਬੰਗਲਾਦੇਸ਼ੀਆਂ ਦੀ ਘੁਸਪੈਠ ਦੇ ਮਾਮਲੇ ਦੀ ਜਾਂਚ ਲਈ ਨਿਰਪੱਖ ਕਮੇਟੀ ਬਣਾਉਣ ਦੇ ਹੁਕਮ ਨੂੰ ਅਣਗੌਲਿਆ ਕਰਨ ਲਈ ਝਾਰਖੰਡ ਸਰਕਾਰ ਦੀ ਆਲੋਚਨਾ ਕੀਤੀ। ਜੇਐੱਮਐੱਮ, ਆਰਜੇਡੀ ਅਤੇ ਕਾਂਗਰਸ ਨੂੰ ਝਾਰਖੰਡ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਇਹ ਪਾਰਟੀਆਂ ਸੱਤਾ ਦੀਆਂ ਭੁੱਖੀਆਂ ਹਨ ਅਤੇ ਉਹ ਵੋਟ ਬੈਂਕ ਦੀ ਸਿਆਸਤ ’ਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਆਰਜੇਡੀ ਝਾਰਖੰਡ ਵੱਖਰਾ ਸੂਬਾ ਬਣਨ ਦਾ ਅਜੇ ਵੀ ਬਦਲਾ ਲੈ ਰਹੀ ਹੈ ਜਦਕਿ ਕਾਂਗਰਸ ਨੇ ਕਬਾਇਲੀਆਂ ਨੂੰ ਮੁੱਖ ਧਾਰਾ ’ਚ ਆਉਣ ਤੋਂ ਰੋਕਿਆ। ਉਨ੍ਹਾਂ ਜੇਐੱਮਐੱਮ ’ਤੇ ਪਿਛਲੇ ਪੰਜ ਸਾਲਾਂ ਦੌਰਾਨ ਕਬਾਇਲੀਆਂ ਦੇ ਨਾਮ ’ਤੇ ਵੋਟ ਬੈਂਕ ਦੀ ਸਿਆਸਤ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਬਾਇਲੀ ਮੁੱਖ ਮੰਤਰੀ ਚੰਪਈ ਸੋਰੇਨ ਦਾ ਅਪਮਾਨ ਕੀਤਾ ਗਿਆ ਅਤੇ ਉਸ ਨੂੰ ਸੱਤਾ ਲਈ ਜੇਐੱਮਐੱਮ ਤੋਂ ਲਾਂਭੇ ਕਰ ਦਿੱਤਾ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ’ਚ ਇਸ ਸਾਲ ਦੇ ਅਖੀਰ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਮਗਰੋਂ ਭਾਜਪਾ ਸੱਤਾ ’ਚ ਆਵੇਗੀ। ਉਨ੍ਹਾਂ ਕਿਹਾ ਕਿ ਜੇ ਭਾਜਪਾ ਸੱਤਾ ’ਚ ਆਈ ਤਾਂ ਉਹ ਐਕਸਾਈਜ਼ ਕਾਂਸਟੇਬਲ ਭਰਤੀ ਮੁਹਿੰਮ ਦੌਰਾਨ 15 ਉਮੀਦਵਾਰਾਂ ਦੀ ਮੌਤ ਦੇ ਮਾਮਲੇ ਦੀ ਜਾਂਚ ਕਰਵਾਏਗੀ। -ਪੀਟੀਆਈ

Advertisement

ਆਦਿਵਾਸੀਆਂ ਦੀ ਧਾਰਮਿਕ ਪਛਾਣ ਨੂੰ ਅਣਗੌਲਿਆ ਕਰ ਰਹੀ ਹੈ ਸਰਕਾਰ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਝਾਰਖੰਡ ਦੇ ਦੌਰੇ ’ਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਹੈ ਕਿ ਕੇਂਦਰ ਸਰਕਾਰ ਆਦਿਵਾਸੀਆਂ ਦੀ ਧਾਰਮਿਕ ਪਛਾਣ ਨੂੰ ਅਣਗੌਲਿਆ ਕਿਉਂ ਕਰ ਰਹੀ ਹੈ। ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਉਹ ਸਰਨਾ ਕੋਡ ਨੂੰ ਮਾਨਤਾ ਦੇਣ ਤੋਂ ਇਨਕਾਰ ਕਿਉਂ ਕਰ ਰਹੀ ਹੈ ਜਿਸ ਤਹਿਤ ਆਦਿਵਾਸੀ ਭਾਈਚਾਰੇ ਆਪਣੇ ਧਰਮ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਮਸ਼ੇਦਪੁਰ ਦੇ ਲੋਕ ਅਜੇ ਵੀ ਖ਼ਰਾਬ ਟਰਾਂਸਪੋਰਟ ਸੰਪਰਕ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਆਦਿੱਤਿਆਪੁਰ ਸਨਅਤੀ ਇਲਾਕੇ ਨੂੰ ਵਾਤਾਵਰਨ ਪ੍ਰਵਾਨਗੀ ਨਾ ਦੇਣ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। -ਪੀਟੀਆਈ

Advertisement

ਛੇ ਵੰਦੇ ਭਾਰਤ ਟਰੇਨਾਂ ਨੂੰ ਝੰਡੀ ਦਿਖਾਈ

ਰਾਂਚੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ, ਉੜੀਸਾ, ਬਿਹਾਰ ਅਤੇ ਯੂਪੀ ਲਈ ਛੇ ਵੰਦੇ ਭਾਰਤ ਟਰੇਨਾਂ ਨੂੰ ਵਰਚੁਅਲੀ ਹਰੀ ਝੰਡੀ ਦਿਖਾਈ। ਮੋਦੀ ਨੇ ਪਹਿਲਾਂ ਟਰੇਨਾਂ ਨੂੰ ਟਾਟਾਨਗਰ ਤੋਂ ਝੰਡੀ ਦਿਖਾਉਣੀ ਸੀ ਪਰ ਮੌਸਮ ਖ਼ਰਾਬ ਹੋਣ ਕਰਕੇ ਉਨ੍ਹਾਂ ਦਾ ਹੈਲੀਕਾਪਟਰ ਨਹੀਂ ਉੱਡ ਸਕਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਝਾਰਖੰਡ ਲਈ 660 ਕਰੋੜ ਰੁਪਏ ਦੀ ਲਾਗਤ ਵਾਲੇ ਵੱਖ ਵੱਖ ਪ੍ਰਾਜੈਕਟਾਂ ਦਾ ਵਰਚੁਅਲੀ ਆਗਾਜ਼ ਵੀ ਕੀਤਾ। ਇਸ ’ਚ ਦਿਉਘਰ ਜ਼ਿਲ੍ਹੇ ’ਚ ਮਾਧੂਪੁਰ ਬਾਈਪਾਸ ਲਾਈਨ ਅਤੇ ਹਜ਼ਾਰੀਬਾਗ ਟਾਊਨ ਕੋਚਿੰਗ ਡਿਪੂ ਦੇ ਨੀਂਹ ਪੱਥਰ ਵੀ ਸ਼ਾਮਲ ਹਨ। ਮੋਦੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ-ਗ੍ਰਾਮੀਣ ਤਹਿਤ 32 ਹਜ਼ਾਰ ਲਾਭਪਾਤਰੀਆਂ ਨੂੰ ਵਰਚੁਅਲੀ ਪੱਤਰ ਵੰਡੇ ਅਤੇ ਘਰਾਂ ਦੀ ਉਸਾਰੀ ਲਈ 32 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵੀ ਜਾਰੀ ਕੀਤੀ। ਉਨ੍ਹਾਂ ਦੇਸ਼ ਭਰ ਦੇ 46 ਹਜ਼ਾਰ ਲਾਭਪਾਤਰੀਆਂ ਨੂੰ ਵਰਚੁਅਲੀ ਚਾਬੀਆਂ ਵੀ ਸੌਂਪੀਆਂ। -ਪੀਟੀਆਈ

Advertisement
Author Image

sukhwinder singh

View all posts

Advertisement