ਬੰਗਲਾਦੇਸ਼ ਹਿੰਸਾ: ਦੁਰਗਾ ਪੂਜਾ ਦਾ ਉਤਸ਼ਾਹ ਪਿਆ ਮੱਠਾ
ਢਾਕਾ, 8 ਅਕਤੂਬਰ
ਬੰਗਲਾਦੇਸ਼ ਵਿੱਚ ਘੱਟਗਿਣਤੀਆਂ ’ਤੇ ਹੋਏ ਹਮਲਿਆਂ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣ ਲਈ ਦੇਸ਼ ਵਿੱਚ ਹਿੰਦੂ ਇਸ ਸਾਲ ਦੁਰਗਾ ਪੂਜਾ ਬਹੁਤੇ ਉਤਸ਼ਾਹ ਨਾਲ ਨਹੀਂ ਮਨਾ ਰਹੇ। 5 ਅਗਸਤ ਨੂੰ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫ਼ੇ ਦਿੱਤੇ ਜਾਣ ਮਗਰੋਂ ਦੇਸ਼ ਵਿੱਚ ਫਿਰਕੂ ਤਣਾਅ ਵਧ ਗਿਆ ਸੀ। ਦੇਸ਼ ਵਿਚ ਹਿੰਸਾ ਅਤੇ ਸਿਆਸੀ ਉਥਲ-ਪੁਥਲ ਦੇ ਮੱਦੇਨਜ਼ਰ ਦੇਸ਼ ਦਾ ਸਭ ਤੋਂ ਵੱਡਾ ਘੱਟਗਿਣਤੀ ਹਿੰਦੂ ਭਾਈਚਾਰਾ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਡਰ ਨੇ ਭਾਈਚਾਰੇ ਵਿੱਚ ਦੁਰਗਾ ਪੂਜਾ ਅਤੇ ਹੋਰ ਤਿਓਹਾਰ ਤੇ ਜਸ਼ਨ ਮਨਾਉਣ ਦਾ ਉਤਸ਼ਾਹ ਵੀ ਮੱਠਾ ਕਰ ਦਿੱਤਾ ਹੈ। ਬੰਗਲਾਦੇਸ਼ ਹਿੰਦੂ ਬੁਧਿਸਟ ਕ੍ਰਿਸਚਨ ਯੂਨਿਟੀ ਕੌਂਸਲ (ਬੀਐੱਚਬੀਸੀਓਪੀ) ਦੇ ਮੈਂਬਰ ਰੰਜਨ ਕਰਮਾਕਰ ਨੇ ਕਿਹਾ, ‘ਇਸ ਸਾਲ ਅਸੀਂ ਦੁਰਗਾ ਪੂਜਾ ਤਾਂ ਕਰ ਰਹੇ ਹਾਂ ਪਰ ਇਸ ਦਾ ਕੋਈ ਜਸ਼ਨ ਨਹੀਂ ਮਨਾਇਆ ਜਾਵੇਗਾ।’ ਉਨ੍ਹਾਂ ਕਿਹਾ, ‘ਹਿੰਦੂ ਵਿਰੋਧ ਦਰਜ ਕਰਵਾਉਣ ਲਈ ਅਜਿਹਾ ਕਰ ਰਹੇ ਹਨ। ਕਈ ਪੂਜਾ ਪ੍ਰਬੰਧਕਾਂ ਨੂੰ ਧਮਕੀਆਂ ਅਤੇ ਫਿਰੌਤੀ ਦੀਆਂ ਕਾਲਾਂ ਵੀ ਆ ਰਹੀਆਂ ਹਨ।’ -ਪੀਟੀਆਈ
ਸਰਕਾਰ ਨੇ ਦਿੱਤਾ ਸੁਰੱਖਿਆ ਦਾ ਭਰੋਸਾ: ਬਾਸੂਦੇਬ ਧਰ
ਬੰਗਲਾਦੇਸ਼ ਪੂਜਾ ਉਜਾਪਾਨ ਪਰਿਸ਼ਦ ਦੇ ਚੇਅਰਪਰਸਨ ਬਾਸੂਦੇਬ ਧਰ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ ਹੈ ਪਰ ਭਾਈਚਾਰੇ ਨੇ ਦੁਰਗਾ ਪੂਜਾ ਉਤਸ਼ਾਹ ਨਾਲ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ, ‘ਅਸੀਂ ਸਾਰੇ ਪੂਜਾ ਪ੍ਰਬੰਧਕਾਂ ਨੂੰ ਸ਼ਾਂਤੀਪੂਰਵਕ ਵਿਰੋਧ ਦਰਜ ਕਰਵਾਉਣ ਦੀ ਅਪੀਲ ਕੀਤੀ ਹੈ। ਇਸ ਸਬੰਧੀ ਬੈਨਰ ਲਾਈ ਜਾਣਗੇ, ਜਿਨ੍ਹਾਂ ’ਤੇ ਸਾਡੀਆਂ ਮੰਗਾਂ ਦਾ ਵੇਰਵਾ ਦਿੱਤਾ ਜਾਵੇਗਾ।’ -ਪੀਟੀਆਈ