For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼: ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਭ੍ਰਿਸ਼ਟਾਚਾਰ ਕੇਸ ’ਚੋਂ ਬਰੀ

07:48 AM Aug 12, 2024 IST
ਬੰਗਲਾਦੇਸ਼  ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਭ੍ਰਿਸ਼ਟਾਚਾਰ ਕੇਸ ’ਚੋਂ ਬਰੀ
Advertisement

ਢਾਕਾ, 11 ਅਗਸਤ
ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸਹੁੰ ਚੁੱਕਣ ਤੋਂ ਤਿੰਨ ਦਿਨ ਬਾਅਦ ਅੱਜ ਮੁਹੰਮਦ ਯੂਨਸ ਨੂੰ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਵੱਲੋਂ ਦਾਇਰ ਭ੍ਰਿਸ਼ਟਾਚਾਰ ਦੇ ਮਾਮਲੇ ’ਚ ਬਰੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟਾਂ ’ਚ ਦਿੱਤੀ ਗਈ ਹੈ।
ਢਾਕਾ ਦੀ ਵਿਸ਼ੇਸ਼ ਅਦਾਲਤ-4 ਦੇ ਜੱਜ ਮੁਹੰਮਦ ਰਬੀਉੱਲ ਆਲਮ ਨੇ ਭ੍ਰਿਸ਼ਟਾਚਾਰ ਰੋਕੂ ਕਮਿਸ਼ਨ ਦੀ ਉਹ ਅਰਜ਼ੀ ਸਵੀਕਾਰ ਕਰ ਲਈ ਜਿਸ ਵਿੱਚ ਕਮਿਸ਼ਨ ਨੇ ਮੁਹੰਮਦ ਯੂਨਸ ਖ਼ਿਲਾਫ਼ ਦਰਜ ਕੇਸ ਵਾਪਸ ਲੈਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ 7 ਅਗਸਤ ਨੂੰ ਢਾਕਾ ਦੀ ਇੱਕ ਅਦਾਲਤ ਨੇ ਯੂਨਸ ਤੇ ਤਿੰਨ ਹੋਰ ਉੱਚ ਅਧਿਕਾਰੀਆਂ ਨੂੰ ਕਿਰਤ ਕਾਨੂੰਨ ਉਲੰਘਣਾ ਨਾਲ ਸਬੰਧਤ ਕੇਸ ’ਚੋਂ ਬਰੀ ਕਰ ਦਿੱਤਾ ਸੀ। 84 ਸਾਲਾ ਯੂਨਸ ਨੇ ਲੰਘੇ ਵੀਰਵਾਰ ਨੂੰ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਵਜੋਂ ਸਹੁੰ ਚੁੱਕੀ ਹੈ। ਭ੍ਰਿਸ਼ਟਾਚਾਰ ਕੇਸ ’ਚ ਸ਼ਾਮਲ ਇੱਕ ਹੋਰ ਮੁਲਜ਼ਮ ਨੂਰਜਹਾਂ ਬੇਗਮ ਵੀ 16 ਮੈਂਬਰੀ ਸਲਾਹਕਾਰ ਕੌਂਸਲ ਦੀ ਮੈਂਬਰ ਹੈ। ਦੂਜੇ ਪਾਸੇ ਅੱਜ ਰੇਫਾਤ ਅਹਿਮਦ ਨੇ ਬੰਗਲਾਦੇਸ਼ ਦੇ ਨਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਇਸ ਤੋਂ ਇੱਕ ਦਿਨ ਪਹਿਲਾਂ ਓਬੈਦੁਲ ਹਸਨ ਨੇ ਚੀਫ ਜਸਟਿਸ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸੇ ਦੌਰਾਨ ਡਾ. ਬਿਧਾਨ ਰੰਜਨ ਰੌਇ ਪੋਦਾਰ ਅਤੇ ਸੁਪਰੋਦੀਪ ਚਕਮਾ ਨੇ ਅੱਜ ਮੁਹੰਮਦ ਯੂਨਸ ਦੀ ਅਗਵਾਈ ਹੇਠਲੀ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੀ ਸਲਾਹਕਾਰ ਕੌਂਸਲ ਦੇ ਮੈਂਬਰਾਂ ਵਜੋਂ ਸਹੁੰ ਚੁੱਕੀ ਹੈ। ਰਾਸ਼ਟਰਪਤੀ ਮੁਹੰਮਦ ਸ਼ਹਾਬੁੂਦੀਨ ਨੇ ਦੋਵਾਂ ਨੂੰ ਅਹੁਦੇ ਦੀ ਸਹੁੰ ਚੁਕਵਾਈ ਜਦਕਿ ਡਾ. ਯੂਨਸ ਇਸ ਸਮਾਗਮ ’ਚ ਹਾਜ਼ਰ ਸਨ। ਉੱਧਰ ਬੰਗਲਾਦੇਸ਼ ਦੀ ਅਤੰਰਿਮ ਸਰਕਾਰ ਨੇ ਫਰਜ਼ੀ ਪ੍ਰਚਾਰ ਰੋਕਣ ਲਈ ਅੱਜ ਮੀਡੀਆ ਸੰਸਥਾਵਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਉਨ੍ਹਾਂ ਫਰਜ਼ੀ ਜਾਂ ਗੁੰਮਰਾਹਕੁਨ ਸਮੱਗਰੀ ਪ੍ਰਕਾਸ਼ਿਤ ਜਾਂ ਪ੍ਰਸਾਰਤ ਕੀਤੀ ਤਾਂ ਉਨ੍ਹਾਂ ਨੂੰ ਬੰਦ ਕਰ ਦਿੱਤਾ ਜਾਵੇਗਾ। -ਪੀਟੀਆਈ

Advertisement
Advertisement
Author Image

sukhwinder singh

View all posts

Advertisement