ਬੰਗਲਾਦੇਸ਼ ਕੋਟਾ ਮਾਮਲਾ: ਮੌਤਾਂ ਦੀ ਗਿਣਤੀ 105 ਤੱਕ ਪੁੱਜੀ
ਢਾਕਾ, 19 ਜੁਲਾਈ
ਬੰਗਲਾਦੇਸ਼ ’ਚ ਸਰਕਾਰੀ ਨੌਕਰੀਆਂ ’ਚ ਰਾਖਵਾਂਕਰਨ ਪ੍ਰਣਾਲੀ ’ਚ ਸੁਧਾਰ ਦੀ ਮੰਗ ਲਈ ਜਾਰੀ ਪ੍ਰਦਰਸ਼ਨਾਂ ਖ਼ਿਲਾਫ਼ ਪੁਲੀਸ ਕਾਰਵਾਈ ’ਚ ਹੁਣ ਤੱਕ 105 ਵਿਅਕਤੀ ਮਾਰੇ ਜਾ ਚੁੱਕੇ ਹਨ। ਖ਼ਬਰ ਏਜੰਸੀ ਨੇ ਇਹ ਜਾਣਕਾਰੀ ਹਸਪਤਾਲਾਂ ਦੇ ਹਵਾਲੇ ਨਾਲ ਦਿੱਤੀ। ਅੱਜ ਪੁਲੀਸ ਤੇ ਸੁਰੱਖਿਆ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਤੇ ਅੱਥਰੂ ਗੈਸ ਦੇ ਗੋਲੇ ਸੁੱਟੇ। ਹਿੰਸਕ ਪ੍ਰਦਰਸ਼ਨਾਂ ਦੌਰਾਨ ਰਾਜਧਾਨੀ ਢਾਕਾ ਸਣੇ ਹੋਰ ਥਾਈਂ ਇੰਟਰਨੈੱਟ ਤੇ ਮੋਬਾਈਲ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਰਾਜਧਾਨੀ ’ਚ ਪੁਲੀਸ ਤੇ ਨੀਮ ਫੌਜੀ ਬਲ ਤਾਇਨਾਤ ਕੀਤੇ ਹਨ। ਢਾਕਾ ਤੇ ਕੁਝ ਥਾਵਾਂ ’ਤੇ ਰੋਸ ਮੁਜ਼ਾਹਰੇ ਕੁਝ ਹਫ਼ਤੇ ਪਹਿਲਾਂ ਸ਼ੁਰੂ ਹੋਏ ਸਨ ਤੇ ਪ੍ਰ੍ਰਧਾਨ ਮੰਤਰੀ ਸ਼ੇਖ ਹਸੀਨਾ ਲਈ ਚੁਣੌਤੀ ਬਣੇ ਹੋਏ ਹਨ। ਢਾਕਾ ਤੇ ਹੋਰ ਸ਼ਹਿਰਾਂ ’ਚ ਯੂਨੀਵਰਸਿਟੀਆਂ ਦੇ ਵਿਦਿਆਰਥੀ 1971 ’ਚ ਪਾਕਿਸਤਾਨ ਤੋਂ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੇ ਨਾਇਕਾਂ ਦੇ ਰਿਸ਼ਤੇਦਾਰਾਂ ਲਈ ਸਰਕਾਰੀ ਸੈਕਟਰ ਦੀਆਂ ਕੁਝ ਨੌਕਰੀਆਂ ਰਾਖਵੀਆਂ ਕਰਨ ਵਾਲੀ ਪ੍ਰਣਾਲੀ ਖ਼ਿਲਾਫ ਕਈ ਦਿਨਾਂ ਤੋਂ ਰੈਲੀਆਂ ਕਰ ਰਹੇ ਹਨ। ਵਿਦਿਆਰਥੀ ਚਾਹੁੰਦੇ ਹਨ ਇਸ ਨੂੰ ਯੋਗਤਾ ਅਧਾਰਿਤ ਪ੍ਰਣਾਲੀ ’ਚ ਬਦਲਿਆ ਜਾਵੇ। ਪ੍ਰਦਰਸ਼ਨ ਦੌਰਾਨ ਅੱਜ ਸੁਰੱਖਿਆ ਬਲਾਂ ਤੇ ਪੁਲੀਸ ਵਿਚਾਲੇ ਝੜਪਾਂ ਹੋਈਆਂ। ਸਮੋਏ ਟੀਵੀ ਦੀ ਖ਼ਬਰ ’ਚ ਕਿਹਾ ਕਿ ਅੱਜ ਝੜਪਾਂ ਦੌਰਾਨ ਚਾਰ ਵਿਅਕਤੀ ਮਾਰੇ ਗਏ। ਹਾਲਾਂਕਿ ਅਧਿਕਾਰੀਆਂ ਨੇ ਹਾਲੇ ਇਸ ਅੰਕੜੇ ਦੀ ਪੁਸ਼ਟੀ ਨਹੀਂ ਕੀਤੀ। ਸਰਕਾਰ ਨੇ ਕੈਂਪਸ ਬੰਦ ਕਰਨ ਅਤੇ ਵਿਰੋਧ ਪ੍ਰਦਰਸ਼ਨ ਰੋਕਣ ਲਈ ਰਾਜਧਾਨੀ ’ਚ ਪੁਲੀਸ ਤੇ ਨੀਮ ਫੌਜੀ ਬਲ ਤਾਇਨਾਤ ਕੀਤੇ ਹਨ। ਢਾਕਾ ਪੁਲੀਸ ਨੇ ਅੱਜ ਦੱਸਿਆ ਕਿ ਉਹ ਰਾਜਧਾਨੀ ’ਚ ਸਾਰੇ ਇਕੱਠਾਂ ਤੇ ਮੁਜ਼ਾਹਰਿਆਂ ’ਤੇ ਪਾਬੰਦੀ ਲਾ ਰਹੇ ਹਨ। ਅੱਜ ਬਾਰਡਰ ਗਾਰਡ ਅਧਿਕਾਰੀਆਂ ਨੇ ਸਰਕਾਰੀ ਬੰਗਲਾਦੇਸ਼ ਟੈਲੀਵਿਜ਼ਨ ਦੇ ਦਫ਼ਤਰ ਸਾਹਮਣੇ ਇਕੱਠੇ ਹੋਏ 1,000 ਤੋਂ ਵੱਧ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ। -ਏਪੀ/ਰਾਇਟਰਜ਼
ਬੰਗਲਾਦੇਸ਼ ’ਚ ਸਾਰੇ ਭਾਰਤੀ ਸੁਰੱਖਿਅਤ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ: ਭਾਰਤ ਨੇ ਬੰਗਲਾਦੇਸ਼ ’ਚ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਨੂੰ ਗੁਆਂਢੀ ਮੁਲਕ ਦਾ ‘ਅੰਦਰੂਨੀ ਮਾਮਲਾ’ ਕਰਾਰ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਰਣਧੀਰ ਜੈਸਵਾਲ ਨੇ ਕਿਹਾ ਕਿ ਮੌਜੂਦਾ ਸਮੇਂ 8000 ਹਜ਼ਾਰ ਵਿਦਿਆਰਥੀਆਂ ਸਣੇ ਲਗਪਗ 15,000 ਭਾਰਤੀ ਨਾਗਰਿਕ ਬੰਗਲਾਦੇਸ਼ ’ਚ ਹਨ ਅਤੇ ਸਾਰੇ ਹੀ ਸੁਰੱਖਿਅਤ ਹਨ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਰਾਤ 8 ਵਜੇ ਤੱਕ 245 ਭਾਰਤੀ ਵਤਨ ਪਰਤ ਆਏ ਹਨ, ਜਿਨ੍ਹਾਂ ’ਚ 125 ਵਿਦਿਆਰਥੀ ਸ਼ਾਮਲ ਹਨ। ਉਨ੍ਹਾਂ ਆਖਿਆ, ‘‘ਅਸੀਂ ਬੰਗਲਾਦੇਸ਼ ’ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਉਸ ਦੇ ਅੰਦਰੂਨੀ ਮਾਮਲੇ ਵਜੋਂ ਦੇਖਦੇ ਹਾਂ। ਅਸੀਂ ਬੰਗਲਾਦੇਸ਼ ’ਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਲਈ ਲੰਘੇ ਦਿਨ ਐਡਵਾਈਜ਼ਰੀ ਵੀ ਜਾਰੀ ਕੀਤੀ ਸੀ।’’ ਜੈਸਵਾਲ ਮੁਤਾਬਕ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਖ਼ੁਦ ਵੀ ਮਾਮਲੇ ’ਤੇ ਨਜ਼ਰ ਰੱਖ ਰਹੇ ਹਨ। ਇਸ ਦੌਰਾਨ ਬੰਗਲਾਦੇਸ਼ ’ਚ ਹਿੰਸਾ ਦੇ ਚੱਲਦਿਆਂ ਭਾਰਤੀ ਰੇਲਵੇ ਨੇ ਦੋ ਰੇਲਗੱਡੀਆਂ ਰੱਦ ਕੀਤੀਆਂ ਹਨ। ਇੱਕ ਅਧਿਕਾਰੀ ਨੇ ਦੱਸਿਆ ਅੱਜ ਕੋਲਕਾਤਾ-ਢਾਕਾ ਮੈਤਰੀ ਐਕਸਪ੍ਰੈੱਸ ਰੱਦ ਕੀਤੀ ਹੈ ਜੋ ਭਲਕੇ ਵੀ ਰੱਦ ਰਹੇਗੀ। -ਪੀਟੀਆਈ