For the best experience, open
https://m.punjabitribuneonline.com
on your mobile browser.
Advertisement

ਬੰਗਲਾਦੇਸ਼: ਅਸਤੀਫ਼ੇ ਮਗਰੋਂ ਸ਼ੇਖ਼ ਹਸੀਨਾ ਨੇ ਦੇਸ਼ ਛੱਡਿਆ, ਕਮਾਨ ਫ਼ੌਜ ਹੱਥ

06:58 AM Aug 06, 2024 IST
ਬੰਗਲਾਦੇਸ਼  ਅਸਤੀਫ਼ੇ ਮਗਰੋਂ ਸ਼ੇਖ਼ ਹਸੀਨਾ ਨੇ ਦੇਸ਼ ਛੱਡਿਆ  ਕਮਾਨ ਫ਼ੌਜ ਹੱਥ
ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫਾ ਦੇਣ ਦੀ ਖ਼ਬਰ ਆਉਣ ਮਗਰੋਂ ਢਾਕਾ ਵਿੱਚ ਸਰਕਾਰੀ ਇਮਾਰਤ ’ਤੇ ਚੜ੍ਹ ਕੇ ਜਸ਼ਨ ਮਨਾਉਂਦੇ ਹੋਏ ਪ੍ਰਦਰਸ਼ਨਕਾਰੀ। -ਫੋਟੋ: ਪੀਟੀਆਈ
Advertisement

* ਥਲ ਸੈਨਾ ਮੁਖੀ ਨੇ ਫੌਜ ਤੇ ਪੁਲੀਸ ਨੂੰ ਗੋਲੀ ਚਲਾਉਣ ਤੋਂ ਵਰਜਿਆ
* ਪ੍ਰਦਰਸ਼ਨਕਾਰੀਆਂ ਵੱਲੋੋਂ ਹਸੀਨਾ ਦੀ ਸਰਕਾਰੀ ਰਿਹਾਇਸ਼ ’ਚ ਵੜ ਕੇ ਲੁੱਟ-ਖੋਹ, ਹਸੀਨਾ ਦੇ ਦਫ਼ਤਰ ਨੂੰ ਅੱਗ ਲਾਈ
* ਰਾਸ਼ਟਰਪਤੀ ਵੱਲੋਂ ਜੇਲ੍ਹ ’ਚ ਬੰਦ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੂੰ ਰਿਹਾਅ ਕਰਨ ਦੇ ਹੁਕਮ

Advertisement

ਢਾਕਾ/ਨਵੀਂ ਦਿੱਲੀ, 5 ਅਗਸਤ
ਸਰਕਾਰੀ ਨੌਕਰੀਆਂ ’ਚ ਵਿਵਾਦਿਤ ਰਾਖਵੇਂਕਰਨ ਖਿਲਾਫ਼ ਦੇਸ਼ ਭਰ ਵਿਚ ਜਾਰੀ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਅੱਜ ਅਹੁਦੇ ਤੋਂ ਅਸਤੀਫ਼ਾ ਦੇਣ ਮਗਰੋਂ ਚੋਰੀ ਛੁਪੇ ਪਹਿਲਾਂ ਹੈਲੀਕਾਪਟਰ ਰਾਹੀਂ ਅਗਰਤਲਾ (ਿਤ੍ਰਪੁਰਾ) ਤੇ ਉਥੋਂ ਹਵਾਈ ਸੈਨਾ ਦੇ ਮਾਲਵਾਹਕ ਜਹਾਜ਼ (ਸੀ-130ਜੇ) ’ਤੇ ਸਵਾਰ ਹੋ ਕੇ ਭਾਰਤ ਦੇ ਹਿੰਡਨ ਏਅਰਬੇਸ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਅੱਗੇ ਲੰਡਨ ਜਾਣ ਦੀਆਂ ਕਨਸੋਆਂ ਹਨ। ਉਧਰ ਬੰਗਲਾਦੇਸ਼ ਦੀ ਫੌਜ ਨੇ ਅੰਤਰਿਮ ਸਰਕਾਰ ਦੀ ਕਮਾਨ ਆਪਣੇ ਹੱਥਾਂ ਵਿਚ ਲੈ ਲਈ ਹੈ। ਥਲ ਸੈਨਾ ਮੁਖੀ ਵਕਾਰ-ਉਜ਼-ਜ਼ਮਾਨ ਨੇ ਫੌਜ ਤੇ ਪੁਲੀਸ ਨੂੰ ਮੁਜ਼ਾਹਰਾਕਾਰੀਆਂ ’ਤੇ ਗੋਲੀ ਨਾ ਚਲਾਉਣ ਦੇ ਹੁਕਮ ਦਿੱਤੇ ਹਨ। ਬੰਗਲਾਦੇਸ਼ ਵਿਚ ਪ੍ਰਦਰਸ਼ਨਾਂ ਦੇ ਲੰਘੇ ਦਿਨ ਹਿੰਸਕ ਰੂਪ ਧਾਰਨ ਮਗਰੋਂ ਪਿਛਲੇ ਦੋ ਦਿਨਾਂ ਵਿਚ 100 ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ। ਮੁਲਕ ਦੀ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੇ ਦੇਸ਼ ਦੀ ਅਵਾਮ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਹੈ। ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਜੇਲ੍ਹ ’ਚ ਬੰਦ ਵਿਰੋਧੀ ਧਿਰ ਦੀ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਮੁਲਕ ਛੱਡ ਕੇ ਜਾਂਦੀ ਹੋਈ। -ਫੋਟੋ: ਪੀਟੀਆਈ

ਇਸ ਦੌਰਾਨ ਲੰਡਨ ਜਾਂਦਿਆਂ ਹਸੀਨਾ ਦਾ ਜਹਾਜ਼ ਸ਼ਾਮੀਂ ਸਾਢੇ ਪੰਜ ਵਜੇ ਦੇ ਕਰੀਬ ਨਵੀਂ ਦਿੱਲੀ ਨੇੜੇ ਗਾਜ਼ੀਆਬਾਦ ਵਿਚ ਹਿੰਡਨ ਏਅਰਬੇਸ ’ਤੇ ਉੱਤਰਿਆ। ਕੂਟਨੀਤਕ ਸੂਤਰਾਂ ਨੇ ਕਿਹਾ ਕਿ ਹਸੀਨਾ ਦਿੱਲੀ ਅਧਾਰਿਤ ਆਪਣੀ ਧੀ ਸਾਇਮਾ ਵਾਜ਼ਿਦ, ਜੋ ਦੱਖਣ-ਪੂਰਬ ਏਸ਼ੀਆ ਲਈ ਕੌਮੀ ਸਿਹਤ ਸੰਸਥਾ (ਡਬਲਿਊਐੱਚਓ) ਦੀ ਖੇਤਰੀ ਡਾਇਰੈਕਟਰ ਹੈ, ਨੂੰ ਮਿਲਣ ਲਈ ਆਈ ਹੈ। ਦਿੱਲੀ ਪਹੁੰਚਣ ’ਤੇ ਹਸੀਨਾ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਵੀ ਮਿਲੀ। ਉਨ੍ਹਾਂ ਡੋਵਾਲ ਨਾਲ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਤੇ ਆਪਣੀ ਭਵਿੱਖੀ ਯੋਜਨਾ ਬਾਰੇ ਚਰਚਾ ਕੀਤੀ। ਭਾਰਤੀ ਹਵਾਈ ਸੈਨਾ ਤੇ ਹੋਰਨਾਂ ਸੁਰੱਖਿਆ ਏਜੰਸੀਆਂ ਵੱਲੋਂ ਹਸੀਨਾ ਨੂੰ ਸੁਰੱਖਿਆ ਮੁਹੱਈਆ ਕੀਤੀ ਜਾ ਰਹੀ ਹੈ ਤੇ ਸੂਤਰਾਂ ਮੁਤਾਬਕ ਹਸੀਨਾ ਨੂੰ ਸੁਰੱਖਿਅਤ ਟਿਕਾਣੇ ’ਤੇ ਤਬਦੀਲ ਕੀਤਾ ਜਾ ਰਿਹਾ ਹੈ। ਉਧਰ ਹਸੀਨਾ ਦੇ ਪੁੱਤਰ ਤੇ ਸਾਬਕਾ ਅਧਿਕਾਰਤ ਸਲਾਹਕਾਰ ਸਾਜੀਬ ਵਾਜ਼ਿਦ ਜੋਏ ਨੇ ਕਿਹਾ ਕਿ ਉਨ੍ਹਾਂ ਦੀ ਮਾਂ ਨੂੰ ਪਰਿਵਾਰ ਦੇ ਜ਼ੋਰ ਪਾਉਣ ’ਤੇ ਆਪਣੀ ਸੁਰੱਖਿਆ ਕਰਕੇ ਦੇਸ਼ ਛੱਡਣਾ ਪਿਆ ਹੈ। ਇਸ ਤੋਂ ਪਹਿਲਾਂ ਅੱਜ ਦਿਨੇ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਵੱਲੋਂ ਢਾਕਾ ਛੱਡਣ ਮਗਰੋਂ ਬੰਗਲਾਦੇਸ਼ ਦੇ ਥਲ ਸੈਨਾ ਮੁਖੀ ਨੇ ਟੈਲੀਵਿਜ਼ਨ ’ਤੇ ਆਪਣੇ ਸੰਬੋਧਨ ਦੌਰਾਨ ਕਿਹਾ, ‘‘ਮੈਂ (ਦੇਸ਼ ਦੀ) ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ। ਕ੍ਰਿਪਾ ਕਰਕੇ ਸਹਿਯੋਗ ਦਿਓ।’’ ਥਲ ਸੈਨਾ ਮੁਖੀ ਨੇ ਕਿਹਾ ਕਿ ਉਨ੍ਹਾਂ ਸਿਆਸੀ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦੱਸ ਦਿੱਤਾ ਹੈ ਕਿ ਫੌਜ ਨੇ ਦੇਸ਼ ਦੇ ਅਮਨ ਤੇ ਕਾਨੂੰਨ ਦੀ ਜ਼ਿੰਮੇਵਾਰੀ ਲੈ ਲਈ ਹੈ। ਹਾਲਾਂਕਿ ਇਸ ਬੈਠਕ ਵਿਚ ਹਸੀਨਾ ਦੀ ਅਵਾਮੀ ਲੀਗ ਪਾਰਟੀ ਦਾ ਕੋਈ ਵੀ ਆਗੂ ਮੌਜੂਦ ਨਹੀਂ ਸੀ। ਬੰਗਲਾਦੇਸ਼ ਦੇ ਬਾਨੀ ਸ਼ੇਖ ਮੁਜੀਬੁਰ ਰਹਿਮਾਨ ਦੀ ਧੀ ਹਸੀਨਾ (76) ਇਸ ਦੱਖਣ ਏਸ਼ਿਆਈ ਮੁਲਕ ’ਤੇ 2009 ਤੋਂ ਰਾਜ ਕਰ ਰਹੀ ਹੈ। ਇਸ ਸਾਲ ਜਨਵਰੀ ਵਿਚ ਹੋਈਆਂ 12ਵੀਆਂ ਆਮ ਚੋਣਾਂ ਦੌਰਾਨ ਉਹ ਲਗਾਤਾਰ ਰਿਕਾਰਡ ਚੌਥੀ ਵਾਰ ਤੇ ਕੁੱਲ ਮਿਲਾ ਕੇ 5ਵੀਂ ਵਾਰ ਚੁਣੀ ਗਈ ਸੀ। ਇਨ੍ਹਾਂ ਚੋਣਾਂ ਦਾ ਸਾਬਕਾ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਤੇ ਉਸ ਦੇ ਭਾਈਵਾਲਾਂ ਨੇ ਬਾਈਕਾਟ ਕੀਤਾ ਸੀ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੱਲੋਂ ਅਸਤੀਫਾ ਦੇਣ ਮਗਰੋਂ ਮੁਜ਼ਾਹਰਾਕਾਰੀ ਸੰਸਦ ’ਚ ਦਾਖਲ ਹੁੰਦੇ ਹੋਏ। -ਫੋਟੋ: ਏਪੀ

ਪਿਛਲੇ ਦੋ ਦਿਨਾਂ ਵਿਚ ਹਸੀਨਾ ਸਰਕਾਰ ਖਿਲਾਫ਼ ਜਾਰੀ ਪ੍ਰਦਰਸ਼ਨਾਂ ਵਿਚ ਸੌ ਤੋਂ ਵੱਧ ਲੋਕਾਂ ਦੀ ਜਾਨ ਜਾਂਦੀ ਰਹੀ ਹੈ। 1971 ਵਿਚ ਬੰਗਲਾਦੇਸ਼ ਦੀ ਆਜ਼ਾਦੀ ਲਈ ਜੰਗ ਲੜਨ ਵਾਲਿਆਂ ਦੇ ਸਕੇ-ਸਬੰਧੀਆਂ ਨੂੰ ਸਰਕਾਰੀ ਨੌਕਰੀਆਂ ਵਿਚ 30 ਫੀਸਦ ਰਾਖਵਾਂਕਰਨ ਦੇਣ ਦੇ ਵਿਵਾਦਿਤ ਫੈਸਲੇ ਖਿਲਾਫ਼ ਦੇਸ਼ ਵਿਚ ਜਾਰੀ ਰੋਸ ਪ੍ਰਦਰਸ਼ਨਾਂ ਨੇ ਹਿੰਸਕ ਰੂਪ ਧਾਰ ਲਿਆ ਸੀ। ਪੂਰੇ ਦੇਸ਼ ਵਿਚ ਜਾਰੀ ਪ੍ਰਦਰਸ਼ਨਾਂ ਦਰਮਿਆਨ ਥਲ ਸੈਨਾ ਮੁਖੀ ਨੇ ਥਲ ਸੈਨਾ ਤੇ ਪੁਲੀਸ ਨੂੰ ਗੋਲੀ ਨਾ ਚਲਾਉਣ ਦੀ ਹਦਾਇਤ ਕੀਤੀ ਹੈ। ਜ਼ਮਾਨ ਨੇ ਪ੍ਰਦਰਸ਼ਨਕਾਰੀਆਂ ਨੂੰ ਵੀ ਜ਼ਾਬਤੇ ਵਿਚ ਰਹਿਣ ਤੇ ਹਿੰਸਾ ਖ਼ਤਮ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਵਾਅਦਾ ਕੀਤਾ ਕਿ ਸਾਰਿਆਂ ਨੂੰ ‘ਨਿਆਂ’ ਮਿਲੇਗਾ। ਥਲ ਸੈਨਾ ਮੁਖੀ ਵੱਲੋਂ ਹਸੀਨਾ ਦੇ ਅਸਤੀਫ਼ੇ ਦੇ ਕੀਤੇ ਐਲਾਨ ਮਗਰੋਂ ਸੈਂਕੜੇ ਪ੍ਰਦਰਸ਼ਨਕਾਰੀ ਪ੍ਰਧਾਨ ਮੰਤਰੀ ਦੀ ਸਰਕਾਰੀ ਰਿਹਾਇਸ਼ ‘ਗਣਭਵਨ’ ਵਿਚ ਦਾਖ਼ਲ ਹੋ ਗਏ। ਤਸਵੀਰਾਂ ਵਿਚ ਪ੍ਰਦਰਸ਼ਨਕਾਰੀ ਹਸੀਨਾ ਦੀ ਸਰਕਾਰੀ ਰਿਹਾਇਸ਼ ਵਿਚ ਲੁੱਟ-ਮਾਰ ਕਰਦੇ ਨਜ਼ਰ ਆਏ। ਕੁਝ ਲੋਕ ਤਾਂ ਕੁਰਸੀਆਂ ਤੇ ਸੋਫੇ ਚੁੱਕ ਕੇ ਲਿਜਾਂਦੇ ਵੀ ਦਿਸੇ। ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਕਿ ਪ੍ਰਦਰਸ਼ਨਕਾਰੀਆਂ ਨੇ ਰਾਜਧਾਨੀ ਢਾਕਾ ਵਿਚ ਹਸੀਨਾ ਦੇ 3/ਏ ਧਾਨਮੰਡੀ ਸਥਿਤ ਦਫ਼ਤਰ ਨੂੰ ਅੱਗ ਲਾ ਦਿੱਤੀ। ਮੁਜ਼ਾਹਰਾਕਾਰੀਆਂ ਨੇ ਗ੍ਰਹਿ ਮੰਤਰੀ ਅਸਦੂਜ਼ਮਾਨ ਖ਼ਾਨ ਦੇ ਘਰ ਵਿਚ ਦਾਖ਼ਲ ਹੋ ਕੇ ਭੰਨ-ਤੋੜ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹਸੀਨਾ ਦੇ ਦੇਸ਼ ਛੱਡ ਕੇ ਜਾਣ ਦਾ ਜਸ਼ਨ ਮਨਾਉਂਦਿਆਂ ਉਨ੍ਹਾਂ ਦੇ ਪਿਤਾ ਮੁਜੀਬੁਰ ਰਹਿਮਾਨ ਦੇ ਬੁੱਤ ਦੀ ਹਥੌੜੇ ਨਾਲ ਭੰਨ-ਤੋੜ ਕੀਤੀ। ਹਜੂਮ ਨੇ ਹਸੀਨਾ ਦੇ ਸ਼ੌਹਰ ਡਾ. ਵਾਜਿਦ ਮੀਆਂ ਦੇ ਘਰ ਨੂੰ ਵੀ ਨਹੀਂ ਛੱਡਿਆ। ਹਿੰਸਾ ਉੱਤੇ ਉਤਾਰੂ ਹਜੂਮ ਨੇ ਢਾਕਾ ਵਿਚ ਭਾਰਤੀ ਕਲਚਰਲ ਸੈਂਟਰ ਦੀ ਵੀ ਭੰਨ-ਤੋੜ ਕੀਤੀ ਤੇ ਪੂਰੇ ਦੇਸ਼ ਵਿਚ ਚਾਰ ਹਿੰਦੂ ਮੰਦਿਰਾਂ ਨੂੰ ‘ਮਾਮੂਲੀ’ ਨੁਕਸਾਨ ਪੁੱਜਾ। ਹਿੰਦੂ ਬੋੋਧੀ ਕ੍ਰਿਸਚੀਅਨ ਯੂਨਿਟੀ ਕੌਂਸਲ ਦੇ ਆਗੂ ਕਾਜੋਲ ਦੇਬਨਾਥ ਨੇ ਕਿਹਾ ਕਿ ਉਨ੍ਹਾਂ ਨੂੰ ਬੰਗਲਾਦੇਸ਼ ਵਿਚ ਘੱਟੋ ਘੱਟ ਚਾਰ ਹਿੰਦੂ ਮੰਦਿਰ ਨੁਕਸਾਨੇ ਜਾਣ ਦੀਆਂ ਰਿਪੋਰਟਾਂ ਮਿਲੀਆਂ ਹਨ। ਚਸ਼ਮਦੀਦਾਂ ਮੁਤਾਬਕ ਢਾਕਾ ਦੇ ਧਾਨਮੰਡੀ ਇਲਾਕੇ ਵਿਚ ਹਜੂਮ ਨੇ ਇੰਦਰਾ ਗਾਂਧੀ ਕਲਚਰਲ ਸੈਂਟਰ ਨੂੰ ਨੁਕਸਾਨ ਪਹੁੰਚਾਇਆ। ਅਖ਼ਬਾਰ ‘ਢਾਕਾ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਬੰਗਬੰਧੂ ਭਵਨ, ਜਿਸ ਨੂੰ ਬੰਗਬੰਧੂ ਮੈਮੋਰੀਅਲ ਮਿਊਜ਼ੀਅਮ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਅੱਗ ਲਾ ਦਿੱਤੀ। ਇਹ ਮਿਊਜ਼ੀਅਮ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਨੂੰ ਸਮਰਪਿਤ ਸੀ।
ਪ੍ਰਦਰਸ਼ਨਕਾਰੀਆਂ ਵੱਲੋਂ ਲੋਕਾਂ ਨੂੰ ‘ਢਾਕਾ ਤੱਕ ਮਾਰਚ’ ਦੇ ਦਿੱਤੇ ਸੱਦੇ ਮਗਰੋਂ ਸਰਕਾਰ ਨੇ ਪੂਰੇ ਦੇਸ਼ ਵਿਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਸਨ। ਹਾਲਾਂਕਿ ਸਰਕਾਰੀ ਏਜੰਸੀ ਨੇ ਸੋਮਵਾਰ ਨੂੰ ਸਵਾ ਇਕ ਵਜੇ ਦੇ ਕਰੀਬ ਬਰੌਡਬੈਂਡ ਇੰਟਰਨੈੱਟ ਸ਼ੁਰੂ ਕਰਨ ਦੇ ਜ਼ੁਬਾਨੀ ਕਲਾਮੀ ਹੁਕਮ ਦੇ ਦਿੱਤੇ। ‘ਢਾਕਾ ਮਾਰਚ’ ਲਈ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਦੇ ਇਕੱਤਰ ਹੋਣ ਮਗਰੋਂ ਅੱਜ ਸਵੇਰੇ ਸੱਜਰੇ ਗੇੜ ਦੀ ਹਿੰਸਾ ਵਿਚ ਛੇ ਵਿਅਕਤੀਆਂ ਦੀ ਮੌਤ ਹੋ ਗਈ। ਐਤਵਾਰ ਨੂੰ ਪ੍ਰਧਾਨ ਮੰਤਰੀ ਹਸੀਨਾ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਸੱਤਾਧਾਰੀ ਅਵਾਮੀ ਲੀਗ ਦੇ ਹਮਾਇਤੀਆਂ ਵਿਚਾਲੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਹੋਈਆਂ ਝੜਪਾਂ ਮਗਰੋਂ ਸਰਕਾਰ ਨੇ ਮੋਬਾਈਲ ਇੰਟਰਨੈੱਟ ਬੰਦ ਕਰਨ ਤੇ ਪੂਰੇ ਦੇਸ਼ ਵਿਚ ਅਣਮਿੱਥੇ ਸਮੇਂ ਦਾ ਕਰਫਿਊ ਲਾਉਣ ਦਾ ਫੈਸਲਾ ਕੀਤਾ ਸੀ। ਬੰਗਾਲੀ ਭਾਸ਼ਾ ਦੇ ਉੱਘੇ ਅਖਬਾਰ ‘ਪ੍ਰਥਮ ਆਲੋ’ ਨੇ ਲੰਘੇ ਦਿਨ ਹੋਈਆਂ ਝੜਪਾਂ ਵਿਚ 14 ਪੁਲੀਸ ਮੁਲਾਜ਼ਮਾਂ ਸਣੇ 101 ਵਿਅਕਤੀਆਂ ਦੇ ਮਾਰੇ ਜਾਣ ਦਾ ਦਾਅਵਾ ਕੀਤਾ ਸੀ।
ਇਸ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਗੁਆਂਢ ਮੱਥੇ ਬੰਗਲਾਦੇਸ਼ ਵਿਚ ਜਾਰੀ ਅਸ਼ਾਂਤੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਮਨ-ਸ਼ਾਂਤੀ ਬਣਾ ਕੇ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਭੜਕਾਹਟ ਤੋਂ ਬਚਣ। ਮੁੱਖ ਮੰਤਰੀ ਨੇ ਪੱਛਮੀ ਬੰਗਾਲ ਅਸੈਂਬਲੀ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬੰਗਲਾਦੇਸ਼ ਦੇ ਘਟਨਾਕ੍ਰਮ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਵਿਦੇਸ਼ ਮੰਤਰਾਲੇ ਨਾਲ ਜੁੜਿਆ ਮਸਲਾ ਹੈ। ਉਂਜ ਇਹਤਿਆਤ ਵਜੋਂ ਪੱਛਮੀ ਬੰਗਾਲ ਵਿਚ ਭਾਰਤ-ਬੰਗਲਾਦੇਸ਼ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਉਧਰ ਮੇਘਾਲਿਆ ਨੇ ਵੀ ਬੰਗਲਾਦੇਸ਼ ਸਰਹੱਦ ਨਾਲ ਲੱਗਦੇ ਇਲਾਕੇ ਵਿਚ ਰਾਤ ਦਾ ਕਰਫਿਊ ਲਾ ਦਿੱਤਾ ਹੈ। -ਪੀਟੀਆਈ

ਬੰਗਲਾਦੇਸ਼ ਦੇ ਹਾਲਾਤ ਭਾਰਤ ਲਈ ਚਿੰਤਾ ਦਾ ਵਿਸ਼ਾ: ਵੀਨਾ ਸੀਕਰੀ

ਨਵੀਂ ਦਿੱਲੀ (ਟਨਸ):

ਬੰਗਲਾਦੇਸ਼ ਵਿਚ ਭਾਰਤ ਦੀ ਸਾਬਕਾ ਹਾਈ ਕਮਿਸ਼ਨਰ ਵੀਨਾ ਸੀਕਰੀ ਨੇ ਅੱਜ ਕਿਹਾ ਕਿ ਬੰਗਲਾਦੇਸ਼ ’ਚ ਅਸਥਿਰਤਾ ‘ਭਾਰਤ ਲਈ ਚਿੰਤਾ ਦਾ ਵਿਸ਼ਾ ਹੈ’ ਅਤੇ ਸਰਕਾਰ ਹਿੰਸਾ ਪ੍ਰਭਾਵਿਤ ਮੁਲਕ ਨਾਲ ਲਗਦੀ ਤਕਰੀਬਨ ਚਾਰ ਹਜ਼ਾਰ ਕਿਲੋਮੀਟਰ ਲੰਮੀ ਸਰਹੱਦ ’ਤੇ ਉੱਚ ਪੱਧਰੀ ਚੌਕਸੀ ਰੱਖ ਰਹੀ ਹੈ। ‘ਦਿ ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨਾਲ ਗੱਲਬਾਤ ਕਰਦਿਆਂ ਸੀਕਰੀ ਨੇ ਬੰਗਲਾਦੇਸ਼ ’ਚ ਵਾਪਰੇ ਘਟਨਾਕ੍ਰਮ ’ਚ ਵਿਦੇਸ਼ੀ ਹੱਥ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਅਤੇ ਕਿਹਾ ਕਿ ਗੁਆਂਢੀ ਮੁਲਕ ’ਚ ਕੋਟਾ ਖਤਮ ਕਰਨ ਲਈ ਵਿਦਿਆਰਥੀ ਅੰਦੋਲਨ ਪਾਬੰਦੀਸ਼ੁਦਾ ਜਮਾਤ-ਏ-ਇਸਲਾਮੀ ਦੇ ਤੱਤਾਂ ਦੇ ਨਾਲ ਨਾਲ ਸਿਆਸੀ ਵਿਰੋਧ ਵਿੱਚ ਤਬਦੀਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਦੇ ਘਟਨਾਕ੍ਰਮ ’ਚ ਵਿਦੇਸ਼ੀ ਹੱਥ ਹੋਣ ਦਾ ਪਹਿਲਾ ਸੰਕੇਤ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਚੀਨ ਦੀ ਲੀਡਰਸ਼ਿਪ ਨੇ ਮੁਲਕ ਦੀ ਹਾਲੀਆ ਯਾਤਰਾ ਦੌਰਾਨ ਸ਼ੇਖ਼ ਹਸੀਨਾ ਪ੍ਰਤੀ ਬੇਰੁਖ਼ੀ ਦਿਖਾਈ ਸੀ।

ਬੀਐੱਸਐੱਫ ਵੱਲੋਂ ਭਾਰਤ-ਬੰਗਲਾਦੇਸ਼ ਸਰਹੱਦ ’ਤੇ ‘ਹਾਈ ਅਲਰਟ’ ਜਾਰੀ

ਨਵੀਂ ਦਿੱਲੀ/ਕੋਲਕਾਤਾ:

ਸੀਮਾ ਸੁਰੱਖਿਆ ਬਲ (ਬੀਐੱਸਐੱਫ) ਨੇ ਬੰਗਲਾਦੇਸ਼ ਵਿਚ ਨਿੱਤ ਬਦਲਦੇ ਘਟਨਾਕ੍ਰਮ ਦਰਮਿਆਨ ਗੁਆਂਢੀ ਮੁਲਕ ਨਾਲ ਲੱਗਦੀ 4096 ਕਿਲੋਮੀਟਰ ਲੰਮੀ ਸਰਹੱਦ ਦੇ ਨਾਲ ਆਪਣੇ ਸਾਰੇ ਅਹਿਮ ਟਿਕਾਣਿਆਂ ਲਈ ‘ਹਾਈ ਅਲਰਟ’ ਜਾਰੀ ਕੀਤਾ ਹੈ। ਬੀਐੱਸਐੱਫ ਦੇ ਡਾਇਰੈਕਟਰ ਜਨਰਲ (ਕਾਰਜਕਾਰੀ) ਦਲਜੀਤ ਸਿੰਘ ਚੌਧਰੀ ਤੇ ਹੋਰ ਸੀਨੀਅਰ ਕਮਾਂਡਰ ਸੁਰੱਖਿਆ ਹਾਲਾਤ ਦੇ ਜਾਇਜ਼ੇ ਲਈ ਕੋਲਕਾਤਾ ਪਹੁੰਚ ਗਏ ਹਨ। ਇਕ ਸੀਨੀਅਰ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ, ‘‘ਬੀਐੱਸਐੱਫ ਨੇ ਆਪਣੇ ਸਾਰੀ ਫੀਲਡ ਕਮਾਂਡਰਾਂ ਨੂੰ ‘ਗਰਾਊਂਡ’ ਉੱਤੇ ਹਾਜ਼ਰ ਰਹਿਣ ਦੇ ਹੁਕਮ ਦਿੱਤੇ ਹਨ ਤੇ ‘ਆਪਣਾ ਸਾਰਾ ਅਮਲਾ ਫੌਰੀ ਸਰਹੱਦੀ ਡਿਊਟੀ ’ਤੇ ਤਾਇਨਾਤ ਕਰ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਗੁਆਂਢੀ ਮੁਲਕ ਵਿਚ ਪਿਛਲੇ ਕੁਝ ਦਿਨਾਂ ਤੋਂ ਵੱਡੇ ਪੱਧਰ ’ਤੇ ਜਾਰੀ ਪ੍ਰਦਰਸ਼ਨਾਂ ਕਰਕੇ ਬੰਗਲਾਦੇਸ਼ ਸਰਹੱਦ ’ਤੇ ਤਾਇਨਾਤ ਅਮਲੇ ਦੀਆਂ ਛੁੱਟੀਆਂ ਪਹਿਲਾਂ ਹੀ ਰੱਦ ਕੀਤੀਆਂ ਜਾ ਚੁੱਕੀਆਂ ਹਨ ਤੇ ਸਾਰੀਆਂ ਯੂਨਿਟਾਂ ਨੂੰ ‘ਤਿਆਰ-ਬਰ-ਤਿਆਰ’ ਰਹਿਣ ਲਈ ਆਖ ਦਿੱਤਾ ਹੈ। ਉਧਰ ਕੋਲਕਾਤਾ-ਢਾਕਾ-ਕੋਲਕਾਤਾ ਮੈਤਰੀ ਐਕਸਪ੍ਰੈੱਸ ਵੀ ਰੱਦ ਕਰ ਦਿੱਤੀ ਗਈ ਹੈ। ਪੂਰਬੀ ਰੇਲਵੇ ਨੇ ਕਿਹਾ ਕਿ ਮੈਤਰੀ ਐਕਸਪ੍ਰੈੱਸ, ਜੋ 19 ਜੁਲਾਈ ਤੋਂ ਬੰਦ ਹੈ, ਦੀਆਂ ਸੇਵਾਵਾਂ ਭਲਕੇ 6 ਅਗਸਤ ਨੂੰ ਮੁਅੱਤਲ ਰਹਿਣਗੀਆਂ। ਹਫ਼ਤੇ ਵਿਚ ਦੋ ਵਾਰ ਚੱਲਣ ਵਾਲੀ ਕੋਲਕਾਤਾ-ਖੁਲਨਾ-ਕੋਲਕਾਤਾ ਬੰਧਨ ਐਕਸਪ੍ਰੈੱਸ 21 ਜੁਲਾਈ ਤੋਂ ਬੰਦ ਹੈ। ਉਧਰ ਏਅਰ ਇੰਡੀਆ ਨੇ ਵੀ ਢਾਕਾ ਜਾਣ ਤੇ ਆਉਣ ਵਾਲੀਆਂ ਆਪਣੀਆਂ ਸਾਰੀਆਂ ਤਜਵੀਜ਼ਤ ਉਡਾਣਾਂ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤੀਆਂ ਹਨ। -ਪੀਟੀਆਈ

ਪ੍ਰਧਾਨ ਮੰਤਰੀ ਮੋਦੀ ਵੱਲੋਂ ਬੰਗਲਾਦੇਸ਼ ਸੰਕਟ ਬਾਰੇ ਕੈਬਨਿਟ ਕਮੇਟੀ ’ਚ ਚਰਚਾ

ਨਵੀਂ ਦਿੱਲੀ:

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਰਾਤੀਂ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਥੀ ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਨਾਲ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ। ਬੈਠਕ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਤੋਂ ਇਲਾਵਾ ਕਮੇਟੀ ਦੇ ਹੋਰ ਮੈਂਬਰ ਸ਼ਾਮਲ ਸਨ। ਇਸ ਤੋਂ ਪਹਿਲਾਂ ਅੱਜ ਸ਼ਾਮੀਂ ਬੰਗਲਾਦੇਸ਼ੀ ਆਗੂ ਸ਼ੇਖ਼ ਹਸੀਨਾ ਦੇ ਲੰਡਨ ਜਾਂਦਿਆਂ ਗਾਜ਼ੀਆਬਾਦ ਨੇੜੇ ਹਿੰਡਨ ਏਅਰਬੇਸ ਉੱਤੇ ਪਹੁੰਚਣ ਮਗਰੋਂ ਵਿਦੇਸ਼ ਮੰਤਰੀ ਜੈਸ਼ੰਕਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੱਖਰੇ ਤੌਰ ’ਤੇ ਬੈਠਕ ਕੀਤੀ। ਜੈਸ਼ੰਕਰ ਨੇ ਸੰਖੇਪ ਮਿਲਣੀ ਦੌਰਾਨ ਸ੍ਰੀ ਮੋਦੀ ਨੂੰ ਗੁਆਂਢੀ ਮੁਲਕ ਦੇ ਮੌਜੂਦਾ ਹਾਲਾਤ ਬਾਰੇ ਜਾਣੂ ਕਰਵਾਇਆ। ਹਾਲਾਂਕਿ ਬੈਠਕ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ। ਇਸ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅੱਜ ਸੰਸਦ ਭਵਨ ਵਿਚ ਵਿਦੇਸ਼ ਮੰਤਰੀ ਜੈਸ਼ੰਕਰ ਨੂੰ ਮਿਲੇ ਤੇ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕੀਤੀ। ਕਾਂਗਰਸ ਸੂਤਰਾਂ ਨੇ ਕਿਹਾ, ‘‘ਗਾਂਧੀ ਲੋਕ ਸਭਾ ਵਿਚ ਸੰਸਦੀ ਕਾਰਵਾਈ ਤੋਂ ਇਕਪਾਸੇ ਜੈਸ਼ੰਕਰ ਨੂੰ ਮਿਲੇ ਤੇ ਬੰਗਲਾਦੇਸ਼ ਦੀਆਂ ਹਾਲੀਆ ਘਟਨਾਵਾਂ ਬਾਰੇ ਚਰਚਾ ਕੀਤੀ।’’ ਉਧਰ ਸੀਨੀਅਰ ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਬੰਗਲਾਦੇਸ਼ ਦੇ ਮੌਜੂਦਾ ਹਾਲਾਤ ’ਤੇ ਫ਼ਿਕਰ ਜਤਾਉਂਦਿਆਂ ਕਿਹਾ ਕਿ ਗੁਆਂਢੀ ਮੁਲਕ ਵਿਚ ਸ਼ਾਂਤੀ ਤੇ ਤਰੱਕੀ ‘ਸਾਡੇ ਆਪਣੇ ਹਿੱਤ’ ਵਿਚ ਹੈ। ਥਰੂਰ ਨੇ ਕਿਹਾ, ‘‘ਪਹਿਲੀ ਜੁਲਾਈ ਤੋਂ ਹੁਣ ਤੱਕ ਬੰਗਲਾਦੇਸ਼ ਵਿਚ 300 ਦੇ ਕਰੀਬ ਜਾਨਾਂ ਗਈਆਂ ਹਨ। ਇਹ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ।’’ -ਪੀਟੀਆਈ

ਦਿੱਲੀ ’ਚ ਬੰਗਲਾਦੇਸ਼ ਹਾਈ ਕਮਿਸ਼ਨ ਦੀ ਸੁਰੱਖਿਆ ਵਧਾਈ

ਨਵੀਂ ਦਿੱਲੀ:

ਦਿੱਲੀ ਪੁਲੀਸ ਨੇ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਦੇ ਅਸਤੀਫ਼ੇ ਤੇ ਫੌਜ ਵੱਲੋਂ ਅੰਤਰਿਮ ਸਰਕਾਰ ਦੀ ਕਮਾਨ ਆਪਣੇ ਹੱਥਾਂ ’ਚ ਲੈਣ ਮਗਰੋਂ ਇਥੇ ਬੰਗਲਾਦੇਸ਼ ਹਾਈ ਕਮਿਸ਼ਨ ਦੀ ਸੁਰੱਖਿਆ ਵਧਾ ਦਿੱਤੀ ਹੈ। ਇਹੀ ਨਹੀਂ ਪੁਲੀਸ ਨੇ ਹਸੀਨਾ ਦਾ ਜਹਾਜ਼ ਕੌਮੀ ਰਾਜਧਾਨੀ ਵਿਚ ਉਤਰਨ ਦੇ ਮੱਦੇਨਜ਼ਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਦੇ ਬਾਹਰ ਵੀ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤਾ ਹੈ। ਦਿੱਲੀ ਪੁਲੀਸ ਦੇ ਅਧਿਕਾਰੀ ਨੇ ਕਿਹਾ, ‘‘ਕਮਿਸ਼ਨ ਦੇ ਬਾਹਰ ਵਧੇਰੇ ਬੈਰੀਕੇਡਿੰਗ ਕੀਤੀ ਗਈ ਹੈ ਤੇ ਉਥੇ ਤਾਇਨਾਤ ਪੁਲੀਸ ਅਮਲੇ ਦੀ ਨਫ਼ਰੀ ਵੀ ਵਧਾ ਦਿੱਤੀ ਹੈ।’’ -ਪੀਟੀਆਈ

Advertisement
Tags :
Author Image

joginder kumar

View all posts

Advertisement
Advertisement
×