For the best experience, open
https://m.punjabitribuneonline.com
on your mobile browser.
Advertisement

ਬੈਂਡ ਗਰਲਜ਼: ਕੱਚੇ ਸ਼ਗਨਾਂ ਨੂੰ ਚੜ੍ਹੇ ਕਿਵੇਂ ਰੰਗ ਪੱਕਾ....

07:57 AM Jul 08, 2023 IST
ਬੈਂਡ ਗਰਲਜ਼  ਕੱਚੇ ਸ਼ਗਨਾਂ ਨੂੰ ਚੜ੍ਹੇ ਕਿਵੇਂ ਰੰਗ ਪੱਕਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 7 ਜੁਲਾਈ
ਪੰਜਾਬ ਵਿੱਚ ਹੁਣ ਨਵਾਂ ਮੋੜਾ ਪੈਣ ਲੱਗਾ ਹੈ। ਵਿਦੇਸ਼ ਵਿੱਚ ਪੱਕਾ ਹੋਣ ਖ਼ਾਤਰ ‘ਬੈਂਡ ਗਰਲਜ਼’ ਦਾ ਪੱਲਾ ਫੜਨ ਵਾਲਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਪੰਜਾਬ ਵਿੱਚ ਜਿਨ੍ਹਾਂ ਕੁੜੀਆਂ ਦੇ ਆਇਲਸ (ਆਇਲੈਟਸ) ’ਚੋਂ ਚੰਗੇ ਬੈਂਡ ਆ ਜਾਂਦੇ ਸਨ, ਉਨ੍ਹਾਂ ਦੇ ਰਿਸ਼ਤੇ ਬਿਨਾਂ ਖ਼ਰਚੇ ਤੋਂ ਹੱਥੋ-ਹੱਥ ਹੁੰਦੇ ਸਨ। ਬੈਂਡ ਲੈਣ ਵਾਲੀ ਲੜਕੀ ਦਾ ਸਾਰਾ ਖਰਚਾ ਵੀ ਲੜਕੇ ਵਾਲੇ ਚੁੱਕਦੇ ਸਨ। ਪਰ ਕੇਂਦਰ ਸਰਕਾਰ ਵੱਲੋਂ ਲੜਕੀਆਂ ਦੀ ਵਿਆਹ ਉਮਰ 18 ਤੋਂ 21 ਸਾਲ ਕੀਤੇ ਜਾਣ ਦੇ ਰੌਲ਼ੇ ਨੇ ਇਨ੍ਹਾਂ ‘ਬੈਂਡ ਗਰਲਜ਼’ ਦੀ ਵੁੱਕਤ ਘਟਾ ਦਿੱਤੀ ਹੈ। ਬੇਸ਼ੱਕ ਲੜਕੀਆਂ ਲਈ ਵਿਆਹ ਦੀ ਘੱਟੋ ਘੱਟ ਉਮਰ ਹਾਲੇ 18 ਸਾਲ ਹੀ ਹੈ, ਪਰ ਹੁਣ ਇਨ੍ਹਾਂ ਲੜਕੀਆਂ ਨਾਲ ਰਿਸ਼ਤੇ ਜੋੜਨ ਵਾਲੇ ਖਰਚਾ ਚੁੱਕਣ ਤੋਂ ਡਰਨ ਲੱਗੇ ਹਨ।
‘ਪੰਜਾਬੀ ਟ੍ਰਿਬਿਊਨ’ ਵੱਲੋਂ ਕੀਤੇ ਸਰਵੇਖਣ ਅਨੁਸਾਰ ਪਹਿਲਾਂ ਜਿਸ ਲੜਕੀ ਦੇ ਆਇਲਸ ’ਚੋਂ ਲੋੜੀਂਦੇ ਬੈਂਡ ਆ ਜਾਂਦੇ ਸਨ, ਲੜਕੇ ਵਾਲੇ ਉਸ ਲੜਕੀ ਦਾ ਸਾਰਾ ਖਰਚਾ ਚੁੱਕਣ ਲਈ ਤਿਆਰ ਹੋ ਜਾਂਦੇ ਸਨ। ਇੱਕ-ਇੱਕ ਲੜਕੀ ਲਈ ਕਈ-ਕਈ ਲੜਕੇ ਕਤਾਰ ’ਚ ਲੱਗੇ ਹੁੰਦੇ ਸਨ। ਬਾਕਾਇਦਾ ਮੈਰਿਜ ਰਜਿਸਟਰੇਸ਼ਨ ਹੋਣ ਮਗਰੋਂ ਲੜਕੀ ਵਿਦੇਸ਼ ਜਾਂਦੀ ਅਤੇ ਖਰਚਾ ਲੜਕੇ ਦਾ ਪਰਿਵਾਰ ਚੁੱਕਦਾ। ਬੈਂਡ ਵਾਲੀਆਂ ਲੜਕੀਆਂ ਦੇ ਵਿਆਹ ਕਰਾਉਣ ਵਾਲੇ ਕਈ ਵਿਚੋਲਿਆਂ ਨੇ ਦੱਸਿਆ ਕਿ ਹੁਣ ਲੜਕੀਆਂ ਦੀ ਵਿਆਹ ਦੀ ਘੱਟੋ-ਘੱਟ ਉਮਰ 21 ਸਾਲ ਕੀਤੇ ਜਾਣ ਦੇ ਰੌਲ਼ੇ ਨੇ ਬੈਂਡ ਲੈਣ ਵਾਲੀਆਂ ਲੜਕੀਆਂ ਦੀ ਪੁੱਛਗਿੱਛ ਘਟਾ ਦਿੱਤੀ ਹੈ।
ਰਾਮਪੁਰਾ ਇਲਾਕੇ ਦੇ ਸੁਖਦੀਪ ਸਿੰਘ ਦੀਪਾ (ਮੰਡੀ ਕਲਾਂ) ਨੇ ਕਿਹਾ ਕਿ ਬਾਰ੍ਹਵੀਂ ਜਮਾਤ ਪਾਸ ਲੜਕੀ ਦੀ ਉਮਰ 18 ਸਾਲ ਹੋ ਜਾਂਦੀ ਹੈ ਤੇ ਉਸ ਮਗਰੋਂ ਲੜਕੀ ਆਇਲਸ ਕਰ ਲੈਂਦੀ ਹੈ। ਵਿਆਹ ਦੀ ਉਮਰ 21 ਸਾਲ ਕੀਤੇ ਜਾਣ ਦੇ ਰੌਲ਼ੇ ਕਰਕੇ ਲੜਕੇ ਵਾਲਿਆਂ ’ਚ ਇਹ ਗੱਲ ਘਰ ਕਰ ਗਈ ਹੈ ਕਿ 21 ਸਾਲ ਤੋਂ ਪਹਿਲਾਂ ਮੈਰਿਜ ਰਜਿਸਟਰੇਸ਼ਨ ਨਹੀਂ ਹੋਣੀ, ਜਿਸ ਤੋਂ ਬਿਨਾਂ ਉਹ ਲੜਕੀ ’ਤੇ ਖਰਚਾ ਕਰਨ ਨੂੰ ਤਿਆਰ ਨਹੀਂ ਹੁੰਦੇ। ਉਨ੍ਹਾਂ ਦੱਸਿਆ ਕਿ ਲੜਕੇ ਵਾਲੇ ਕੱਚਾ ਸ਼ਗਨ ਕਰਕੇ ਖਰਚਾ ਕਰਨ ਦਾ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਾਣਕਾਰੀ ਵਿੱਚ ਬੈਂਡ ਲੈਣ ਵਾਲੀਆਂ ਪੰਜ-ਛੇ ਲੜਕੀਆਂ ਨੇ ਵਿਦੇਸ਼ ਜਾਣਾ ਹੈ, ਪਰ ਉਨ੍ਹਾਂ ਨੂੰ ਕੋਈ ਖਰਚਾ ਕਰਨ ਵਾਲਾ ਪਰਿਵਾਰ ਨਹੀਂ ਮਿਲ ਰਿਹਾ। ਯਾਦ ਰਹੇ ਕਿ ਆਪਣੇ ਲੜਕੇ ਨੂੰ ‘ਬੈਂਡ ਗਰਲਜ਼’ ਦੇ ਲੜ ਲਾ ਕੇ ਵਿਦੇਸ਼ ਭੇਜਣ ਵਾਲੇ ਪਰਿਵਾਰਾਂ ਦਾ ਕਰੀਬ 22 ਤੋਂ 25 ਲੱਖ ਰੁਪਏ ਖ਼ਰਚ ਆਉਂਦਾ ਹੈ ਤੇ ਇੱਥੋਂ ਤੱਕ ਵਿਆਹ ਦਾ ਪੂਰਾ ਖਰਚਾ ਵੀ ਲੜਕੇ ਦਾ ਪਰਿਵਾਰ ਹੀ ਕਰਦਾ ਹੈ। ਲੜਕੇ ਦਾ ਪਰਿਵਾਰ ਵੀ ਵਿਆਹ ਦੇ ਦੋ-ਤਿੰਨ ਪਰੂਫ਼ ਇਕੱਠੇ ਹੋਣ ਮਗਰੋਂ ਹੀ ਲੜਕੀ ’ਤੇ ਖਰਚਾ ਕਰਨ ਲਈ ਤਿਆਰ ਹੁੰਦਾ ਹੈ। ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿਚ ਇਹ ਰੁਝਾਨ ਸਭ ਤੋਂ ਵੱਧ ਹੈ। ਕੋਟਕਪੂਰਾ ’ਚ ਮੈਰਿਜ ਬਿਊਰੋ ਚਲਾਉਂਦੇ ਗੁਰਵਿੰਦਰ ਸਿੰਘ ਨੇ ਕਿਹਾ ਕਿ ਪਹਿਲਾਂ ਉਸ ਕੋਲ ਬੈਂਡ ਵਾਲੀ ਇੱਕ ਲੜਕੀ ਵਾਸਤੇ ਦਸ-ਦਸ ਪਰਿਵਾਰ ਵਿਆਹ ਤੇ ਪੜ੍ਹਾਈ ਦਾ ਖਰਚਾ ਚੁੱਕਣ ਵਾਸਤੇ ਤਿਆਰ ਹੁੰਦੇ ਸਨ, ਪਰ ਹੁਣ ਮੁੰਡੇ ਵਾਲੇ ਕੱਚੇ ਸ਼ਗਨ ਦੇ ਸਹਾਰੇ ਖਰਚਾ ਚੁੱਕਣ ਲਈ ਤਿਆਰ ਨਹੀਂ। ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਲੜਕੀਆਂ ਲਈ ਵਿਆਹ ਦੀ ਉਮਰ 21 ਸਾਲ ਕੀਤੇ ਜਾਣ ਦੀ ਖ਼ਬਰ ਨੇ ਕਹਾਣੀ ਵਿਗਾੜ ਦਿੱਤੀ ਹੈ। ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਪੁਰ ਦੇ ਹਰਜਿੰਦਰ ਸਿੰਘ ਨੇ ਕਿਹਾ ਕਿ ਬੈਂਡ ਵਾਲੇ ਵਿਆਹਾਂ ਵਿੱਚ ਸਾਹਮਣੇ ਆ ਰਹੇ ਠੱਗੀ ਦੇ ਮਾਮਲਿਆਂ ਕਰਕੇ ਬੈਂਡਾਂ ਵਾਲੀਆਂ ਕੁੜੀਆਂ ਦੀ ਪਹਿਲਾਂ ਵਾਲੀ ਕਦਰ ਨਹੀਂ ਰਹੀ। ਉਨ੍ਹਾਂ ਦੱਸਿਆ ਕਿ ਲੜਕੇ ਹੁਣ ਖ਼ੁਦ ਹੀ ਆਈਲਸ ਕਰਨ ਲੱਗੇ ਹਨ। ਜਗਰਾਉਂ ਦੇ ਇੱਕ ਮੈਰਿਜ ਬਿਊਰੋ ਵਾਲੇ ਨੇ ਪੁਸ਼ਟੀ ਕੀਤੀ ਹੈ ਕਿ ਵਿਆਹ ਦੀ ਉਮਰ ਹੱਦ ਵਧਾਏ ਜਾਣ ਦੀ ਚਰਚਾ ਨੇ ਬੈਂਡ ਲੈਣ ਵਾਲੀਆਂ ਗ਼ਰੀਬ ਘਰਾਂ ਦੀਆਂ ਲੜਕੀਆਂ ਲਈ ਮੌਕੇ ਘਟਾ ਦਿੱਤੇ ਹਨ। ਕਈ ਬੈਂਡ ਵਾਲੀਆਂ ਲੜਕੀਆਂ ਆਈਲਸ ਕਰਨ ਮਗਰੋਂ ਫ਼ੌਰੀ ਵਿਦੇਸ਼ ਨਹੀਂ ਜਾ ਸਕੀਆਂ। ਮਾਨਸਾ ਜ਼ਿਲ੍ਹੇ ਦੇ ਕਾਕਾ ਸਿੰਘ ਨੇ ਦੱਸਿਆ ਕਿ ਬੈਂਡ ਵਾਲੀਆਂ ਕੁੜੀਆਂ ਦੇ ਰਿਸ਼ਤੇ ਪਹਿਲਾਂ ਵਾਂਗ ਨਹੀਂ ਹੋ ਰਹੇ ਤੇ ਛੋਟੀ ਤੇ ਦਰਮਿਆਨੀ ਕਿਸਾਨੀ ਲੜਕੀ ਨਾਲ ਕੱਚਾ ਸ਼ਗਨ ਕਰਕੇ ਖਰਚਾ ਕਰਨ ਦੀ ਹੁਣ ਹਾਮੀ ਨਹੀਂ ਭਰ ਰਹੇ ਹਨ। ਪੰਜਾਬ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਪੰਜਾਬ ਵਿੱਚ ਲੜਕੀ ਦੀ ਵਿਆਹ ਉਮਰ ਹਾਲੇ ਵੀ 18 ਸਾਲ ਹੀ ਹੈ ਤੇ ਉਮਰ ਹੱਦ 21 ਸਾਲ ਕੀਤੇ ਜਾਣ ਬਾਰੇ ਹਾਲੇ ਕੋਈ ਨੋਟੀਫ਼ਿਕੇਸ਼ਨ ਨਹੀਂ ਹੋਇਆ ਹੈ।

Advertisement

ਉਮਰ ਹੱਦ ਬਾਰੇ ਫ਼ੈਸਲਾ ਲਟਕਿਆ

ਕੇਂਦਰ ਸਰਕਾਰ ਨੇ ਅਸਲ ਵਿੱਚ ‘ਬਾਲ ਵਿਆਹ ਦੀ ਮਨਾਹੀ (ਸੋਧ) ਐਕਟ 2021’ ਨੂੰ 21 ਦਸੰਬਰ 2021 ਨੂੰ ਪਾਰਲੀਮੈਂਟ ਵਿੱਚ ਪੇਸ਼ ਕੀਤਾ ਸੀ ਤੇ ਮਗਰੋਂ ਇਸ ਨੂੰ ਸਟੈਂਡਿੰਗ ਕਮੇਟੀ ਕੋਲ ਭੇਜ ਦਿੱਤਾ ਗਿਆ। ਕੇਂਦਰੀ ਟਾਸਕ ਫੋਰਸ ਨੇ ਦਸੰਬਰ 2020 ਵਿੱਚ ਨੀਤੀ ਆਯੋਗ ਕੋਲ ਸਿਫ਼ਾਰਸ਼ ਕੀਤੀ ਸੀ ਕਿ ਲੜਕੀਆਂ ਦੀ ਘੱਟੋ-ਘੱਟ ਵਿਆਹ ਦੀ ਉਮਰ 21 ਸਾਲ ਕੀਤੀ ਜਾਵੇ। ਕੇਂਦਰ ਨੇ ਸਪੱਸ਼ਟ ਕੀਤਾ ਸੀ ਕਿ ਜਦੋਂ ਇਸ ਦਾ ਨੋਟੀਫ਼ਿਕੇਸ਼ਨ ਹੋਵੇਗਾ, ਉਸ ਮਗਰੋਂ ਵੀ ਲਾਗੂ ਕਰਨ ਵਾਸਤੇ ਦੋ ਸਾਲਾਂ ਦਾ ਸਮਾਂ ਦਿੱਤਾ ਜਾਵੇਗਾ।

Advertisement
Tags :
Author Image

joginder kumar

View all posts

Advertisement
Advertisement
×