ਬੈਂਸ ਨੇ ਧੁੱਸੀ ਬੰਨ੍ਹ ’ਤੇ ਦੋ ਘੰਟੇ ਸੇਵਾ ਕੀਤੀ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 21 ਜੁਲਾਈ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਦੇਰ ਰਾਤ ਸਤਲੁਜ ਦਰਿਆ ਵਿੱਚ ਪਾੜ ਪੈਣ ਵਾਲੀ ਥਾਂ ਗੱਟਾ ਮੁੰਡੀ ਕਾਸੂ ਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਗਿਆ। ਉਨ੍ਹਾਂ ਨੇ ਧੁੱਸੀ ਬੰਨ੍ਹ ਦੇ ਪਏ ਪਾੜ ਨੂੰ ਪੂਰਨ ਵਿੱਚ ਲੱਗੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਪੰਜਾਬ ਭਰ ਤੋਂ ਆਏ ਨੌਜਵਾਨਾਂ ਵੱਲੋਂ ਕੀਤੇ ਜਾ ਰਹੇ ਕੰਮ ਦੀ ਸ਼ਲਾਘਾ ਕੀਤੀ।
ਸਿੱਖਿਆ ਮੰਤਰੀ ਨੇ ਰਾਤ ਨੂੰ ਚੱਲ ਰਹੀ ਕਾਰਸੇਵਾ ਵਿੱਚ ਹਿੱਸਾ ਲੈਂਦਿਆਂ ਦੋ ਘੰਟੇ ਤੱਕ ਹੱਥੀ ਮਿੱਟੀ ਦੇ ਬੋਰੇ ਚੁੱਕੇ ਤੇ ਸੇਵਾਦਾਰਾਂ ਵੱਲੋਂ ਬਣਾਏ ਜਾ ਰਹੇ ਕਰੇਟਾਂ ਨੂੰ ਦਰਿਆ ਵਿੱਚ ਠੇਲਿਆ। ਸ੍ਰੀ ਬੈਂਸ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਹਰ ਸੰਭਵ ਮਦਦ ਕਰੇਗੀ। ਸਰਕਾਰ ਵੱਲੋਂ ਪਾਣੀ ਉਤਰਨ ਤੋਂ ਬਾਅਦ ਬਹੁ-ਪੱਖੀ ਸਰਵੇਖਣ ਕਰਵਾ ਕੇ ਹਰ ਤਰ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਯਤਨਸ਼ੀਲ ਰਹੇਗੀ। ਸਿੱਖਿਆ ਮੰਤਰੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਦੇ ਉਨ੍ਹਾਂ ਸਾਰਿਆਂ ਇਲਾਕਿਆਂ ਵਿੱਚ ਆਪ ਗਏ ਜਿੱਥੇ ਲੋਕ ਪਾਣੀ ਦੀ ਮਾਰ ਝੱਲ ਰਹੇ ਹਨ। ਸੰਤ ਸੀਚੇਵਾਲ ਵੱਲੋਂ ਰੋਜ਼ਾਨਾ ਬੰਨ੍ਹ ’ਤੇ ਸ਼ਾਮ ਨੂੰ ਲਗਾਏ ਜਾਂਦੇ ਦੀਵਾਨ ਉਪਰੰਤ ਅਰਦਾਸ ਵਿੱਚ ਵੀ ਹਰਜੋਤ ਸਿੰਘ ਬੈਂਸ ਨੇ ਹਾਜ਼ਰੀ ਭਰੀ। ਉਨ੍ਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਮਿੱਟੀ ਦੀਆਂ ਟਰਾਲੀਆਂ ਲੈ ਕੇ ਆਏ ਨੌਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਉਹ ਹੀ ਪੰਜਾਬ ਦਾ ਭਵਿੱਖ ਹਨ ਪਰ ਦੁੱਖ ਇਸ ਗੱਲ ਦਾ ਹੈ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਨੂੰ ਸਿਰਫ਼ ਨਸ਼ੇੜੀ ਹੀ ਐਲਾਨਿਆ ਹੋਇਆ ਸੀ।