ਔਰਤਾਂ ਦੀ ਸਿੱਖਿਆ ’ਤੇ ਪਾਬੰਦੀ
ਵੀਰਵਾਰ ਅਫ਼ਗਾਨ ਵਿਦਿਆਰਥਣਾਂ ਨੇ ਕਾਬੁਲ ਯੂਨੀਵਰਸਿਟੀ ਦੇ ਬਾਹਰ ਤਾਲਬਿਾਨ ਸਰਕਾਰ ਦੁਆਰਾ ਔਰਤਾਂ ਦੇ ਯੂਨੀਵਰਸਿਟੀਆਂ ਵਿਚ ਦਾਖ਼ਲੇ ਬੰਦ ਕਰਵਾਉਣ ਦੇ ਹੁਕਮ ਵਿਰੁੱਧ ਮੁਜ਼ਾਹਰਾ ਕੀਤਾ। ਮੰਗਲਵਾਰ ਹਕੂਮਤ ਨੇ ਐਲਾਨ ਕੀਤਾ ਸੀ ਕਿ ਕੁੜੀਆਂ ਦੇ ਉਚੇਰੇ ਵਿਦਿਅਕ ਅਦਾਰਿਆਂ ਵਿਚ ਪੜ੍ਹਨ ‘ਤੇ ਰੋਕ ਲਗਾਈ ਜਾ ਰਹੀ ਹੈ। ਹਕੂਮਤ ਨੇ ਪਿਛਲੇ ਸਾਲ ਸੈਕੰਡਰੀ ਸਕੂਲਾਂ ਵਿਚ ਕੁੜੀਆਂ ਦੀ ਪੜ੍ਹਾਈ ਬੰਦ ਕਰਵਾ ਦਿੱਤੀ ਸੀ। ਇਸ ਤਰ੍ਹਾਂ ਅਫ਼ਗਾਨਿਸਤਾਨ ਦੀ 50 ਫ਼ੀਸਦ ਰਿਆਇਆ ਲਈ ਗਿਆਨ ਦੇ ਦਰ ਬੰਦ ਕੀਤੇ ਜਾ ਰਹੇ ਹਨ।
ਤਾਲਬਿਾਨ ਹਕੂਮਤ ਔਰਤਾਂ ਨੂੰ ਉਚੇਰੀ ਸਿੱਖਿਆ, ਖ਼ਾਸਕਰ ਆਧੁਨਿਕ ਸਿੱਖਿਆ ਦੇਣ ਦੇ ਵਿਰੁੱਧ ਹੈ। ਮਾਰਚ ਵਿਚ ਹਕੂਮਤ ਨੇ ਕੁੜੀਆਂ ਲਈ ਕੁਝ ਹਾਈ ਸਕੂਲ ਖੋਲ੍ਹਣ ਦਾ ਫੈਸਲਾ ਕੀਤਾ ਸੀ ਜਿਹੜਾ ਬਾਅਦ ਵਿਚ ਰੱਦ ਕਰ ਦਿੱਤਾ ਗਿਆ। ਧਰਮ ਆਧਾਰਿਤ ਦੇਸ਼ਾਂ ਵਿਚ ਮੁੱਖ ਸਮੱਸਿਆ ਇਹ ਹੁੰਦੀ ਹੈ ਕਿ ਸ਼ਾਸਨ ਧਾਰਮਿਕ ਆਗੂਆਂ ਦੁਆਰਾ ਬਣਾਏ ਅਸੂਲਾਂ ਤਹਿਤ ਚਲਾਇਆ ਜਾਂਦਾ ਹੈ। ਹਰ ਧਾਰਮਿਕ ਆਗੂ ਆਪਣੇ ਆਪ ਨੂੰ ਜ਼ਿਆਦਾ ਪ੍ਰਮਾਣਿਕ ਸਿੱਧ ਕਰਨ ਦਾ ਯਤਨ ਕਰਦਾ ਹੋਇਆ ਧਾਰਮਿਕ ਕੱਟੜਤਾ ਵੱਲ ਵਧਦਾ ਹੈ। ਧਾਰਮਿਕ ਮਾਮਲਿਆਂ ਵਿਚ ਅਗਵਾਈ ਮਰਦਾਂ ਦੇ ਹੱਥ ਹੁੰਦੀ ਹੈ ਅਤੇ ਉਹ ਧਾਰਮਿਕ ਵਿਸ਼ਵਾਸਾਂ ਅਤੇ ਮਰਦ-ਪ੍ਰਧਾਨ ਸੋਚ ਨੂੰ ਰਲਗੱਡ ਕਰ ਦਿੰਦੇ ਹਨ। ਸਾਰਾ ਜ਼ੋਰ ਔਰਤਾਂ ਨੂੰ ਮਰਿਆਦਾ ਸਿਖਾਉਣ ਤੇ ਮਰਿਆਦਾ ਵਿਚ ਰੱਖਣ ‘ਤੇ ਲਗਾਇਆ ਜਾਂਦਾ ਹੈ; ਇਹ ਮਰਿਆਦਾ ਮਰਦ ਧਾਰਮਿਕ ਆਗੂਆਂ ਵੱਲੋਂ ਤੈਅ ਕੀਤੀ ਜਾਂਦੀ ਹੈ। ਇਹ ਸਵਾਲ ਪੁੱਛਿਆ ਜਾਣਾ ਵੀ ਸੁਭਾਵਿਕ ਹੈ ਕਿ ਕੀ ਪੜ੍ਹੀਆਂ ਲਿਖੀਆਂ ਮੁਸਲਮਾਨ ਔਰਤਾਂ ਮੁਸਲਮਾਨ ਨਹੀਂ ਹਨ? ਮੁਸਲਮਾਨਾਂ ਦੀ ਸਭ ਤੋਂ ਵੱਡੀ ਗਿਣਤੀ ਇੰਡੋਨੇਸ਼ੀਆ ਵਿਚ ਹੈ; ਸਾਰੀ ਦੁਨੀਆ ਵਿਚ ਇਸ ਭਾਈਚਾਰੇ ਦੀ ਕੁਲ ਵਸੋਂ ਦਾ 13 ਫ਼ੀਸਦ ਇੰਡੋਨੇਸ਼ੀਆ ਵਿਚ ਰਹਿੰਦੇ ਹਨ। ਇੰਡੋਨੇਸ਼ੀਅਨ ਔਰਤਾਂ ਵਿਚੋਂ 99.76 ਫ਼ੀਸਦ ਔਰਤਾਂ ਪੜ੍ਹੀਆਂ ਲਿਖੀਆਂ ਹਨ। ਤੁਰਕੀ ਵਿਚ ਪੜ੍ਹੀਆਂ ਲਿਖੀਆਂ ਔਰਤਾਂ ਦੀ ਗਿਣਤੀ 91 ਫ਼ੀਸਦ ਹੈ। ਯੂਰੋਪ ਤੇ ਅਮਰੀਕਾ ਵਿਚ ਰਹਿੰਦੀਆਂ ਔਰਤਾਂ ਹਰ ਤਰ੍ਹਾਂ ਦੀ ਸਿੱਖਿਆ ਪ੍ਰਾਪਤ ਕਰਦੀਆਂ ਤੇ ਹਰ ਖੇਤਰ ਵਿਚ ਨੌਕਰੀਆਂ ਕਰਦੀਆਂ ਹਨ। ਇਨ੍ਹਾਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਔਰਤਾਂ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਦੀਆਂ ਹਨ। ਕੀ ਇਹ ਔਰਤਾਂ ਮੁਸਲਮਾਨ ਨਹੀਂ ਹਨ?
ਦੁਨੀਆ ਭਰ ‘ਚ ਔਰਤਾਂ ਨੂੰ ਵਿੱਦਿਆ ਤੋਂ ਵਿਰਵੇ ਰੱਖਣ ਦਾ ਯਤਨ ਕੀਤਾ ਜਾਂਦਾ ਹੈ। 2011 ਦੀ ਮਰਦਮਸ਼ੁਮਾਰੀ ਅਨੁਸਾਰ ਸਾਡੇ ਦੇਸ਼ ‘ਚ ਔਰਤਾਂ ਦੀ ਸਾਖ਼ਰਤਾ ਦਰ 65.4 ਫ਼ੀਸਦ ਅਤੇ ਮਰਦਾਂ ਵਿਚ 82 ਫ਼ੀਸਦ ਸੀ। ਇਸ ਮਰਦਮਸ਼ੁਮਾਰੀ ਅਨੁਸਾਰ ਮੁਸਲਿਮ ਭਾਈਚਾਰਾ ਵਿਦਿਅਕ ਤੌਰ ‘ਤੇ ਪਛੜਿਆ ਹੋਇਆ ਹੈ ਅਤੇ ਭਾਈਚਾਰੇ ਵਿਚ ਸਾਖ਼ਰਤਾ ਦਰ 59 ਫ਼ੀਸਦ ਸੀ; ਭਾਈਚਾਰੇ ਦੀਆਂ ਸਿਰਫ਼ 50 ਫ਼ੀਸਦ ਔਰਤਾਂ ਪੜ੍ਹੀਆਂ ਲਿਖੀਆਂ ਸਨ ਜਦੋਂਕਿ ਜੈਨ ਧਰਮ ਦੀਆਂ 90 ਫ਼ੀਸਦ ਔਰਤਾਂ ਨੇ ਸਿੱਖਿਆ ਪ੍ਰਾਪਤ ਕੀਤੀ ਸੀ। ਔਰਤਾਂ ਨਾਲ ਵਿਤਕਰਾ ਸਿਰਫ਼ ਮੁਸਲਿਮ ਭਾਈਚਾਰੇ ਵਿਚ ਨਹੀਂ ਸਗੋਂ ਹੋਰ ਭਾਈਚਾਰਿਆਂ ਵਿਚ ਵੀ ਹੁੰਦਾ ਹੈ ਪਰ ਜ਼ਿਆਦਾ ਧਰਮਾਂ ਵਿਚ ਔਰਤਾਂ ਦੇ ਉਚੇਰੀ ਵਿੱਦਿਆ ਦੇ ਅਧਿਕਾਰ ਨੂੰ ਸਵੀਕਾਰ ਕਰ ਲਿਆ ਗਿਆ। ਇੰਗਲੈਂਡ ਵਿਚ ਔਰਤਾਂ ਲਈ ਯੂਨੀਵਰਸਿਟੀਆਂ ਵਿਚ ਪੜ੍ਹਾਈ ਦੇ ਦਰਵਾਜ਼ੇ 1868 ਵਿਚ ਖੋਲ੍ਹੇ ਗਏ ਅਤੇ ਯੂਨੀਵਰਸਿਟੀ ਆਫ ਲੰਡਨ ਔਰਤਾਂ ਨੂੰ ਡਿਗਰੀਆਂ ਦੇਣ ਵਾਲੀ ਪਹਿਲੀ ਯੂਨੀਵਰਸਿਟੀ ਬਣੀ। ਇਸ ਤੋਂ ਪਹਿਲਾਂ ਬੈਡਫੋਰਡ ਕਾਲਜ ਵਿਚ 1840ਵਿਆਂ ਤੋਂ ਔਰਤਾਂ ਦਾ ਦਾਖ਼ਲਾ ਸ਼ੁਰੂ ਹੋ ਗਿਆ ਸੀ। ਇਹ ਨਹੀਂ ਕਿ ਪੁਰਾਣੇ ਸਮੇਂ ਵਿਚ ਔਰਤਾਂ ਪੜ੍ਹਦੀਆਂ ਨਹੀਂ ਸਨ ਜਾਂ ਉਨ੍ਹਾਂ ਨੇ ਉੱਚ ਵਿਦਿਅਕ ਅਦਾਰਿਆਂ ਵਿਚ ਨਹੀਂ ਪੜ੍ਹਾਇਆ। ਇਟਲੀ ਦੀਆਂ ਯੂਨੀਵਰਸਿਟੀਆਂ ਵਿਚ 13ਵੀਂ ਸਦੀ ਤੋਂ ਔਰਤਾਂ ਦੇ ਪੜ੍ਹਨ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਉਣ ਦੀਆਂ ਉਦਾਹਰਨਾਂ ਮਿਲਦੀਆਂ ਹਨ। ਭਾਰਤ ਵਿਚ ਪੁਰਾਤਨ ਸਮਿਆਂ ਵਿਚ ਕਈ ਔਰਤਾਂ ਨੇ ਵੇਦਾਂ ਦੀਆਂ ਰਿਚਾਵਾਂ ਲਿਖੀਆਂ ਅਤੇ ਬੁੱਧ ਧਰਮ ਦੇ ਪ੍ਰਭਾਵ ਵਿਚ ਬਣੇ ਵਿਦਿਅਕ ਕੇਂਦਰਾਂ ਵਿਚ ਔਰਤਾਂ ਵਿੱਦਿਆ ਗ੍ਰਹਿਣ ਕਰਦੀਆਂ ਸਨ। ਪਾਲੀ ਭਾਸ਼ਾ ਵਿਚ ਬੋਧੀ ਭਿਖਸ਼ਣੀਆਂ ਦੀਆਂ ਲਿਖੀਆਂ ਕਵਿਤਾਵਾਂ ਵੱਡੀ ਗਿਣਤੀ ਵਿਚ ਮਿਲਦੀਆਂ ਹਨ। ਔਰਤਾਂ ਨੂੰ ਵਿੱਦਿਆ ਤੋਂ ਵਾਂਝੇ ਰੱਖਣਾ ਮਨੁੱਖਤਾ ਦੇ ਵਿਰੁੱਧ ਅਪਰਾਧ ਹੈ। ਕੌਮਾਂਤਰੀ ਭਾਈਚਾਰੇ ਨੂੰ ਅਫ਼ਗਾਨੀ ਔਰਤਾਂ ਦੇ ਹੱਕ ਵਿਚ ਖਲੋਣਾ ਚਾਹੀਦਾ ਹੈ।