ਮੁਜੀਬੁਰ ਦੇ ‘ਜੈ ਬੰਗਲਾ’ ਨੂੰ ਕੌਮੀ ਨਾਅਰੇ ਵਜੋਂ ਵਰਤਣ ’ਤੇ ਰੋਕ
ਢਾਕਾ, 12 ਦਸੰਬਰ
ਬੰਗਲਾਦੇਸ਼ ਦੀ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਉਸ ਫੈਸਲੇ ਉੱਤੇ ਰੋਕ ਲਾ ਦਿੱਤੀ ਹੈ, ਜਿਸ ਵਿਚ ਬੰਗਬੰਧੂ ਸ਼ੇਖ ਮੁਜੀਬੁਰ ਰਹਿਮਾਨ ਦੇ ਮਕਬੂਲ ‘ਜੈ ਬੰਗਲਾ’ ਨੂੰ ਦੇਸ਼ ਦਾ ਕੌਮੀ ਨਾਅਰਾ ਐਲਾਨਿਆ ਗਿਆ ਸੀ। ਰਹਿਮਾਨ ਦੀ ਧੀ ਸ਼ੇਖ਼ ਹਸੀਨਾ ਨੂੰ 5 ਅਗਸਤ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਕੇ ਬੰਗਲਾਦੇਸ਼ ’ਚੋਂ ਭੱਜਣ ਲਈ ਮਜਬੂਰ ਹੋਣਾ ਪਿਆ ਸੀ। ਹਾਲ ਹੀ ਵਿਚ ਦੇਸ਼ ਦੇ ਕੇਂਦਰੀ ਬੈਂਕ ਨੇ ਵੀ ਰਹਿਮਾਨ ਦੀ ਤਸਵੀਰ ਕਰੰਸੀ ਨੋਟਾਂ ਤੋਂ ਹਟਾਉਣ ਦਾ ਫੈਸਲਾ ਕੀਤਾ ਸੀ। ਬੰਗਲਾਦੇਸ਼ ਵਿਚ ਸੱਤਾ ਤਬਦੀਲੀ ਮਗਰੋਂ ਅੰਤਰਿਮ ਸਰਕਾਰ ਨੇ ਹਾਈ ਕੋਰਟ ਦੇ ਉਪਰੋਕਤ ਫੈਸਲੇ ਨੂੰ ਮੁਅੱਤਲ ਕਰਦਿਆਂ 2 ਦਸੰਬਰ ਨੂੰ ਸੁਪਰੀਮ ਕੋਰਟ ਵਿਚ ਅਪੀਲ ਦਾਇਰ ਕਰਕੇ ਹਾਈ ਕੋਰਟ ਦੇ 10 ਮਾਰਚ 2020 ਦੇ ਫ਼ੈਸਲੇ ’ਤੇ ਰੋਕ ਲਾਉਣ ਦੀ ਮੰਗ ਕੀਤੀ ਸੀ।
ਚੀਫ਼ ਜਸਟਿਸ ਸੱਯਦ ਰੇਫ਼ਾਤ ਅਹਿਮਦ ਦੀ ਅਗਵਾਈ ਵਾਲੇ ਅਪੀਲੀ ਡਿਵੀਜ਼ਨ ਦੇ ਚਾਰ ਮੈਂਬਰੀ ਬੈਂਚ ਨੇ ‘ਜੌਏ ਬੰਗਲਾ’ ਨੂੰ ਕੌਮੀ ਨਾਅਰਾ ਐਲਾਨਣ ਦੇ ਫੈਸਲੇ ਉੱਤੇ ਇਸ ਅਧਾਰ ’ਤੇ ਰੋਕ ਲਾ ਦਿੱਤੀ ਕਿ ਕੌਮੀ ਨਾਅਰਾ ਸਰਕਾਰ ਦਾ ਨੀਤੀਗਤ ਫੈਸਲਾ ਹੈ ਤੇ ਨਿਆਂਪਾਲਿਕਾ ਇਸ ਵਿਚ ਦਖ਼ਲ ਨਹੀਂ ਦੇ ਸਕਦੀ। ਸਰਕਾਰ ਵੱਲੋਂ ਪੇਸ਼ ਵਧੀਕ ਅਟਾਰਨੀ ਜਨਰਲ ਅਨੀਕ ਆਰ.ਹੱਕ ਨੇ ਕਿਹਾ, ‘‘ਅਪੀਲੀ ਡਿਵੀਜ਼ਨ ਦੇ ਹੁਕਮਾਂ ਮਗਰੋਂ ਜੌਏ ਬੰਗਲਾ ਨੂੰ ਕੌਮੀ ਨਾਅਰੇ ਵਜੋਂ ਨਹੀਂ ਵਿਚਾਰਿਆ ਜਾਵੇਗਾ।’’ ਦੱਸ ਦੇਈਏ ਕਿ ਇਸ ਨਾਅਰੇ ਨੂੰ ਸਾਰੇ ਸਰਕਾਰੀ ਸਮਾਗਮਾਂ ਤੇ ਅਕਾਦਮਿਕ ਸੰਸਥਾਵਾਂ ਦੀਆਂ ਅਸੈਂਬਲੀਆਂ ਵਿਚ ਵਰਤਿਆ ਜਾਂਦਾ ਸੀ। -ਪੀਟੀਆਈ