ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ: ਜਲੰਧਰ ਨੇ ਲਖਨਊ ਦੀ ਟੀਮ ਨੂੰ ਹਰਾਇਆ
ਪੱਤਰ ਪ੍ਰੇਰਕ
ਜਲੰਧਰ, 23 ਨਵੰਬਰ
ਸਰਕਾਰੀ ਮਾਡਲ ਸਕੂਲ ਜਲੰਧਰ ਨੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਨੂੰ 5-3 ਦੇ ਫਰਕ ਨਾਲ ਹਰਾ ਕੇ 17ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ’ਚ ਜਾਰੀ ਟੂਰਨਾਮੈਂਟ ਦੇ ਦੂਜੇ ਕੁਆਰਟਰ ਫਾਈਨਲ ਵਿੱਚ ਸਟੇਟ ਸਪੋਰਟਸ ਹੋਸਟਲ ਲਖਨਊ ਨੇ ਕਿਸ਼ਤਿਜ ਹਾਈ ਸਕੂਲ ਜਮਸ਼ੇਦਪੁਰ ਨੂੰ 2-1 ਦੇ ਫਰਕ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਪਹਿਲਾ ਕੁਆਰਟਰ ਫਾਈਨਲ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਦਰਮਿਆਨ ਖੇਡਿਆ ਗਿਆ। ਖੇਡ ਦੇ 17ਵੇਂ ਮਿੰਟ ਵਿੱਚ ਜਲੰਧਰ ਦੇ ਗੁਰਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 39ਵੇਂ,40ਵੇਂ ਅਤੇ 41ਵੇਂ ਮਿੰਟ ਵਿੱਚ ਜਲੰਧਰ ਦੇ ਦਿਲਰਾਜ ਸਿੰਘ, ਮਨਮੀਤ ਸਿੰਘ ਅਤੇ ਸਹਿਜਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 4-1 ਕੀਤਾ। ਖੇਡ ਦੇ 52ਵੇਂ ਮਿੰਟ ਵਿੱਚ ਲਖਨਊ ਦੇ ਰਾਹੁਲ ਰਾਜਭਰ ਨੇ ਗੋਲ ਕਰਕੇ ਸਕੋਰ 3-5 ਕੀਤਾ, ਪਰ ਮੈਚ ਨਾ ਬਚਾ ਸਕੇ। ਸਰਕਾਰੀ ਮਾਡਲ ਸਕੂਲ ਜਲੰਧਰ ਦੇ ਸ਼ਾਹਿਦ ਠਾਕੁਰ ਨੂੰ ਬੇਹਤਰੀਨ ਖਿਡਾਰੀ ਐਲਾਨਦੇ ਹੋਏ ਹਾਕੀ ਸਟਿੱਕ ਨਾਲ ਸਨਮਾਨਿਤ ਕੀਤਾ ਗਿਆ।
ਦੂਜਾ ਕੁਆਰਟਰ ਫਾਈਨਲ ਕਿਸ਼ਤਿਜ ਹਾਈ ਸਕੂਲ ਜਮਸ਼ੇਦਪੁਰ ਅਤੇ ਸਟੇਟ ਸਪੋਰਟਸ ਹੋਸਟਲ ਲਖਨਊ ਦਰਮਿਆਨ ਖੇਡਿਆ ਗਿਆ। ਖੇਡ ਦੇ 18ਵੇਂ ਮਿੰਟ ਵਿੱਚ ਜਮਸ਼ੇਦਪੁਰ ਦੇ ਉਜਵਲ ਪਾਲ ਨੇ ਮੈਦਾਨੀ ਗੋਲ ਕਰਕੇ ਸਕੋਰ 1-0 ਕੀਤਾ। ਖੇਡ ਦੇ 49ਵੇਂ ਮਿੰਟ ਵਿੱਚ ਲਖਨਊ ਵਲੋਂ ਸਿਧਾਂਤ ਸਿੰਘ ਨੇ ਫੈਸਲਾਕੁੰਨ ਗੋਲ ਕਰਕੇ ਸਕੋਰ 2-1 ਕਰਦੇ ਹੋਏ ਮੈਚ ਜਿੱਤ ਕੇ ਸੈਮੀਪਾਇਨਲ ਵਿੱਚ ਜਗ੍ਹਾ ਬਣਾਈ। ਲਖਨਊ ਦੇ ਕੇਤਨ ਖੁਸ਼ਵਾਹਾ ਨੂੰ ਮੈਚ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ ਅਤੇ ਉਸ ਨੂੰ ਹਾਕੀ ਸਟਿਕ ਨਾਲ ਸਨਮਾਨਿਤ ਕੀਤਾ ਗਿਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਉਲੰਪੀਅਨ ਪਰਗਟ ਸਿੰਘ ਵਿਧਾਇਕ ਜਲੰਧਰ ਕੈਂਟ, ਅਨੁਪਮ ਕਲੇਰ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਕਪੂਰਥਲਾ, ਉਲੰਪੀਅਨ ਬਲਜੀਤ ਸਿੰਘ ਢਿਲੋਂ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਅੱਜ ਦੇ ਮੈਚਾਂ ਵਿੱਚ ਤੇਜਾ ਸਿੰਘ, ਸੰਜੇ ਕੋਹਲੀ, ਜਗਦੀਪ ਗਿੱਲ, ਰਜਿੰਦਰ ਸਿੰਘ ਤੇ ਪਰਮਜੀਤ ਸਿੰਘ ਆਦਿ ਹਾਜ਼ਰ ਸਨ।