ਬਲਵਿੰਦਰ ਬੁਲਟ ਦੀ ਪੁਸਤਕ ‘ਮਰਨਾ ਮੁਰਨਾ ਕੁਝ ਨਈਂ ਹੁੰਦਾ’ ਰਿਲੀਜ਼
ਪੱਤਰ ਪ੍ਰੇਰਕ
ਪਟਿਆਲਾ, 19 ਅਕਤੂਬਰ
ਮੈਗਜ਼ੀਨ ‘ਤਾਸਮਨ’ ਦੇ ਪ੍ਰਬੰਧਕੀ ਸੰਪਾਦਕ ਤਰਨਦੀਪ ਬਿਲਾਸਪੁਰ ਨਾਲ ਸਾਹਿਤਕਾਰਾਂ ਦੇ ਕਮਰੇ ਵਿੱਚ ਅੱਜ ‘ਪ੍ਰਵਾਸ: ਮੌਜੂਦਾ ਸਥਿਤੀ ਤੇ ਸੰਭਾਵਨਾਵਾਂ’ ਵਿਸ਼ੇ ਉਪਰ ਸੰਵਾਦ ਰਚਾਇਆ ਗਿਆ ਜਿਸ ਦੀ ਪ੍ਰਧਾਨਗੀ ਭੁਪਿੰਦਰ ਬਰਗਾੜੀ ਨੇ ਕੀਤੀ। ਡਾ. ਰੁਪਿੰਦਰ ਢਿੱਲੋਂ ਨੇ ਤਰਨਦੀਪ ਬਿਲਾਸਪੁਰ ਵਾਰੇ ਬੋਲਦਿਆਂ ਕਿਹਾ ਕਿ ਉਹ ਵਿਦਿਆਰਥੀ ਜੀਵਨ ਤੋਂ ਹੀ ਬਹੁਤ ਮਿਹਨਤੀ, ਸਿਰੜੀ ਤੇ ਸੰਭਾਵਨਾਵਾਂ ਭਰਪੂਰ ਨੌਜਵਾਨ ਰਿਹਾ ਹੈ। ਸ਼ਾਇਰ ਸਤਪਾਲ ਭੀਖੀ ਨੇ ਕਿਹਾ ਕਿ ਤਰਨਦੀਪ ਬਿਲਾਸਪੁਰ ਪੱਤਰਕਾਰੀ ਖੇਤਰ ਵਿੱਚ ਵੱਖਰੀਆਂ ਪੈੜਾਂ ਪਾਉਂਦਿਆਂ ਮੌਜੂਦਾ ਰਾਜਨੀਤੀ, ਆਰਥਿਕਤਾ, ਸਭਿਆਚਾਰਕ ਤੇ ਪਰਵਾਸ ਸੰਜੀਦਾ ਵਿਸ਼ਿਆਂ ਦੀ ਪੈਰਵਈ ਕਰਦਾ ਹੈ।
ਤਰਨਦੀਪ ਬਿਲਾਸਪੁਰ ਨੇ ਪਰਵਾਸ ਬਾਰੇ ਆਪਣੇ ਨਿੱਜੀ ਤਜਰਬੇ ਵਿੱਚੋਂ ਪਰਵਾਸ ਦੀਆਂ ਮੌਜੂਦਾ ਸਥਿਤੀਆਂ ਬਾਰੇ ਗੰਭੀਰ ਚਰਚਾ ਕਰਦਿਆਂ ਕਿਹਾ ਕਿ ਸਾਡੇ ਪੰਜਾਬੀ ਲੋਕ ‘ਪੱਛਮੀ ਕਲਚਰ’ ਅਨੁਸਾਰ ਢਲਦੇ ਨਹੀਂ ਅਤੇ ‘ਪੰਜਾਬੀ ਕਲਚਰ’ ਨੂੰ ਭੁੱਲਣਾ ਨਹੀਂ ਚਾਹੁੰਦੇ। ਇਸ ਕਰਕੇ ਦੋ ਬੇੜੀਆਂ ਦੇ ਸਵਾਰ ਲੋਕ ਖ਼ੁਦ ਹੀ ਸਮੱਸਿਆਵਾਂ ਦੇ ਘੇਰੇ ਵਿੱਚ ਫਸ ਜਾਂਦੇ ਹਨ। ਪੱਤਰਕਾਰ ਗੁਰਬਖਸ਼ੀਸ਼ ਸਿੰਘ, ਡਾ. ਹਰਵੀਰ ਸਿੰਘ, ਨਰਿੰਦਰ ਪਾਲ ਕੌਰ, ਚਮਕੌਰ ਬਿੱਲਾ, ਸਾਹਿਲ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ। ਪ੍ਰਧਾਨਗੀ ਸ਼ਬਦ ਬੋਲਦਿਆਂ ਭੁਪਿੰਦਰ ਬਰਗਾੜੀ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਪਰਵਾਸ ‘ਵੇਖਾ ਵੇਖੀ’ ਤੇ ਪੰਜਾਬੀਆਂ ਦੀ ਵਡਿਆਈ ਦੀ ਭੁੱਖ ਨੇ ਉਨ੍ਹਾਂ ਲਈ ਬਹੁਤ ਮੁਸ਼ਕਲਾਂ ਖੜ੍ਹੀਆਂ ਕੀਤੀਆਂ ਹਨ। ਸਮਾਗਮ ਦੇ ਦੂਜੇ ਸੈਸ਼ਨ ਵਿਚ ਫ਼ਿਲਮੀ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਬਲਵਿੰਦਰ ਬੁਲਟ ਦੀ ਪਲੇਠੀ ਕਾਵਿ ਪੁਸਤਕ ‘ਮਰਨਾ ਮੁਰਨਾ ਕੁਝ ਨਈਂ ਹੁੰਦਾ’ ਰਿਲੀਜ਼ ਕੀਤੀ ਗਈ। ਚਿੱਟਾ ਸਿੱਧੂ ਨੇ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਸੁਰ ਇੰਦਰ, ਡਾ. ਦੀਪਕ ਧਲੇਵਾਂ, ਸੁਖਵਿੰਦਰ, ਬਖਸ਼ਪ੍ਰੀਤ ਕੌਰ ਆਦਿ ਹਾਜ਼ਰ ਸਨ।