For the best experience, open
https://m.punjabitribuneonline.com
on your mobile browser.
Advertisement

ਝੋਨੇ ਤੇ ਬਾਸਮਤੀ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ

09:09 AM Jul 01, 2023 IST
ਝੋਨੇ ਤੇ ਬਾਸਮਤੀ ਵਿਚ ਖਾਦਾਂ ਦੀ ਸੰਤੁਲਿਤ ਵਰਤੋਂ
Advertisement

ਅਸ਼ੋਕ ਕੁਮਾਰ ਗਰਗ, ਮਨਦੀਪ ਸਿੰਘ*

ਪੰਜਾਬ ਵਿੱਚ ਝੋਨਾ ਸਾਉਣੀ ਰੁੱਤ ਦੀ ਪ੍ਰਮੁੱਖ ਫ਼ਸਲ ਹੈ। ਇਸ ਦੀ ਕਾਸ਼ਤ ਲਗਭਗ 30-31 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਂਦੀ ਹੈ। ਝੋਨੇ ਹੇਠ ਰਕਬਾ ਸੂਬੇ ਦੇ ਕੁੱਲ ਸੇਂਜੂ ਖੇਤਰ ਦਾ ਲਗਪਗ 77 ਫ਼ੀਸਦੀ ਬਣਦਾ ਹੈੈ। ਫ਼ਸਲਾਂ ਵਿੱਚ ਬੇਲੋੜੀਆਂ ਅਤੇ ਬੇਵਕਤੀ ਖਾਦਾਂ ਦੀ ਵਰਤੋਂ ਨਾਲ ਜਿੱਥੇ ਫ਼ਸਲ ਦੀ ਉਤਪਾਦਨ ਲਾਗਤ ਵਧਦੀ ਹੈ, ਉੱਥੇ ਸਮਰੱਥਾ ਤੋਂ ਘੱਟ ਝਾੜ ਮਿਲਣ ਕਰ ਕੇ ਸ਼ੁੱਧ ਆਮਦਨ ਵੀ ਘਟਦੀ ਹੈ ਅਤੇ ਭੂਮੀ ਦੀ ਸਿਹਤ ’ਤੇ ਵੀ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਰ ਕੇ ਰਸਾਇਣਕ ਖਾਦਾਂ ਦੀ ਸੁਚੱਜੀ ਅਤੇ ਸੰਤੁਲਿਤ ਵਰਤੋਂ ਦੇ ਨਾਲ-ਨਾਲ ਜੈਵਿਕ ਖਾਦਾਂ ਨੂੰ ਵੀ ਤਰਜ਼ੀਹ ਦੇਣੀ ਚਾਹੀਦੀ ਹੈ। ਝੋਨੇ ਅਤੇ ਬਾਸਮਤੀ ਵਿੱਚ ਰਸਾਇਣਕ ਅਤੇ ਜੈਵਿਕ ਖਾਦਾਂ ਦਾ ਸੁਮੇਲ ਕਰ ਕੇ ਚੰਗੀ ਪੈਦਾਵਾਰ ਦੇ ਨਾਲ-ਨਾਲ ਜ਼ਮੀਨ ਦੀ ਸਿਹਤ ਨੂੰ ਵੀ ਬਰਕਰਾਰ ਰੱਖਿਆ ਜਾ ਸਕਦਾ ਹੈ।

Advertisement

ਇਸ ਦੀ ਸੁਚੱਜੀ ਵਰਤੋਂ ਲਈ ਵਿਉਂਤਬੰਦੀ ਹੇਠ ਲਿਖੇ ਅਨੁਸਾਰ ਹੈ:
(ੳ) ਝੋਨੇ ਦੀ ਸਿੱਧੀ ਬਿਜਾਈ ਲਈ 130 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ 4, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਉ। ਫਾਸਫੋਰਸ ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਮਿੱਟੀ ਸਿਹਤ ਕਾਰਡ ਦੇ ਆਧਾਰ ’ਤੇ ਹੀ ਕਰੋ। ਬਾਸਮਤੀ ਦੀ ਸਿੱਧੀ ਬਿਜਾਈ ਵਾਲੀ ਫ਼ਸਲ ਨੂੰ ਕੇਵਲ 54 ਕਿਲੋ ਯੂਰੀਆ ਪ੍ਰਤੀ ਏਕੜ ਤਿੰਨ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ 3, 6 ਅਤੇ 9 ਹਫ਼ਤਿਆਂ ਬਾਅਦ ਛੱਟੇ ਨਾਲ ਪਾਇਆ ਜਾ ਸਕਦਾ ਹੈ। ਦੇਖਣ ਵਿੱਚ ਆਉਂਦਾ ਹੈ ਕਿ ਫ਼ਸਲ ਵਿੱਚ ਜ਼ਿੰਕ ਦੀ ਘਾਟ ਨਾਲ ਬੂਟੇ ਮੱਧਰੇ ਰਹਿ ਜਾਂਦੇ ਹਨ ਅਤੇ ਬੂਝਾ ਬਹੁਤ ਘੱਟ ਬਣਦਾ ਹੈ। ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਤੇ ਨਜ਼ਰ ਆਉਂਦੀਆਂ ਹਨ। ਪੱਤਿਆਂ ਦੀਆਂ ਨਾੜੀਆਂ ਵਿਚਕਾਰਲੀ ਜਗ੍ਹਾ ’ਤੇ ਹਲਕੇ ਪੀਲੇ ਧੱਬੇ ਬਣ ਜਾਂਦੇ ਹਨ ਜਿਹੜੇ ਕਿ ਬਾਅਦ ਵਿੱਚ ਭੂਰੇ ਰੰਗ ਦੇ ਹੋ ਜਾਂਦੇ ਹਨ। ਹੌਲੀ-ਹੌਲੀ ਇਹ ਧੱਬੇ ਵੱਡੇ ਹੋ ਜਾਂਦੇ ਹਨ ਅਤੇ ਪੱਤੇ ਜੰਗਾਲੇ ਜਿਹੇ ਲੱਗਣ ਲੱਗ ਜਾਂਦੇ ਹਨ। ਅਖੀਰ ਵਿੱਚ ਇਹ ਪੱਤੇ ਸੁੱਕ ਜਾਂਦੇ ਹਨ। ਇਸ ਦੀ ਘਾਟ ਨੂੰ ਪੂਰਾ ਕਰਨ ਲਈ 0.5 ਫ਼ੀਸਦੀ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ਦਾ (ਅੱਧਾ ਕਿਲੋ ਜ਼ਿੰਕ ਸਲਫੇਟ 100 ਲਿਟਰ ਪਾਣੀ ਵਿੱਚ ਘੋਲ ਕੇ) ਛਿੜਕਾਅ ਕਰੋ। ਲੋਹੇ ਦੀ ਘਾਟ ਪਹਿਲਾਂ ਨਵੇਂ ਪੱਤਿਆਂ ’ਤੇ ਆਉਂਦੀ ਹੈ ਅਤੇ ਜ਼ਿਆਦਾਤਰ ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਅਕਸਰ ਆ ਜਾਂਦੀ ਹੈ। ਹਲਕੀਆਂ ਜ਼ਮੀਨਾਂ ਜਿਵੇਂ ਕਿ ਰੇਤਲੀ ਤੇ ਮੈਰਾ ਰੇਤਲੀ ਜ਼ਮੀਨ, ਜਿਨ੍ਹਾਂ ਵਿੱਚ ਪਾਣੀ ਜਜ਼ਬ ਕਰਨ ਦੀ ਸਮਰੱਥਾ ਘੱਟ ਹੁੰਦੀ ਹੈ ਤੇ ਹਵਾਖੋਰੀ ਜ਼ਿਆਦਾ ਹੁੰਦੀ ਹੈ। ਹਵਾਖੋਰੀ ਜ਼ਿਆਦਾ ਹੋਣ ਕਰ ਕੇ ਲੋਹੇ ਦੀ ਫੈਰਿਕ ਕਿਸਮ ਫੈਰਸ ਰੂਪ ਵਿੱਚ ਨਹੀਂ ਬਦਲਦੀ। ਕਿਉਂਕਿ ਬੂਟੇ ਕੇਵਲ ਫੈਰਸ ਰੂਪ ਵਿੱਚ ਹੀ ਲੋਹਾ ਤੱਤ ਨੂੰ ਲੈਂਦੇ ਹਨ, ਇਸ ਲਈ ਲੋਹੇ ਦੀ ਘਾਟ ਕਰ ਕੇ ਇਨ੍ਹਾਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਲੋਹੇ ਦੀ ਘਾਟ ਨਾਲ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ ਤੇ ਜ਼ਿਆਦਾ ਘਾਟ ਹੋਣ ’ਤੇ ਪੱਤਿਆਂ ਦਾ ਰੰਗ ਸਫੈਦ ਹੋ ਜਾਂਦਾ ਹੈ। ਲੋਹੇ ਦੀ ਘਾਟ ਨੂੰ ਪੂਰਾ ਕਰਨ ਲਈ 1 ਫ਼ੀਸਦੀ ਫੈਰਸ ਸਲਫੇਟ ਦੇ (1 ਕਿਲੋ ਫੈਰਸ ਸਲਫੇਟ 100 ਲਿਟਰ ਪਾਣੀ ਵਿੱਚ ਘੋਲ ਕੇ) ਦੋ ਛਿੜਕਾਅ ਹਫ਼ਤੇ-ਹਫ਼ਤੇ ਦੀ ਵਿੱਥ ’ਤੇ ਕਰੋ। ਧਿਆਨ ਰਹੇ ਕਿ ਲੋਹੇ ਦੀ ਘਾਟ ਲਈ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ, ਇਸ ਲਈ ਹਮੇਸ਼ਾ ਛਿੜਕਾਅ ਹੀ ਕਰੋ। ਲੇਬਰ ਦੀ ਘਾਟ ਵਾਲੇ ਖੇਤਰ ਵਿੱਚ ਸਿੱਧੀ ਬਿਜਾਈ ਲਾਹੇਵੰਦ ਸਿੱਧ ਹੋ ਸਕਦੀ ਹੈ।

Advertisement


(ਅ) ਝੋਨੇ ਦੀ ਪਨੀਰੀ ਤਿਆਰ ਕਰਨ ਲਈ ਖਾਦਾਂ: ਝੋਨੇ ਦੀ ਨਰੋਈ ਪਨੀਰੀ ਤਿਆਰ ਕਰਨ ਲਈ 26 ਕਿਲੋ ਯੂਰੀਆ, 60 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 40 ਕਿਲੋ ਜ਼ਿੰਕ ਸਲਫੇਟ ਹੈਪਟਾਹਾਈਡ੍ਰੇਟ ਪ੍ਰਤੀ ਏਕੜ ਬਿਜਾਈ ਵੇਲੇ ਪਾਉਣ ਦੀ ਸਿਫ਼ਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਕੀਤੀ ਜਾਂਦੀ ਹੈ। ਪਨੀਰੀ ਬੀਜਣ ਤੋਂ 15 ਦਿਨ ਬਾਅਦ ਦੁਬਾਰਾ 26 ਕਿਲੋ ਯੂਰੀਆ ਪ੍ਰਤੀ ਏਕੜ ਪਾਉ ਤਾਂ ਜੋ 25-30 ਦਿਨਾਂ ਦੀ ਪਨੀਰੀ ਲਾਉਣ ਲਈ ਤਿਆਰ ਹੋ ਜਾਵੇ। ਪਨੀਰੀ ਦੇ ਪੱਤੇ ਪੀਲੇ ਜਾਂ ਸਫੈਦ ਪੈ ਜਾਣ ਤੇ ਫੈਰਸ ਸਲਫੇਟ ਦੇ 3 ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ’ਤੇ ਪਹਿਲਾਂ ਦੱਸੇ ਅਨੁਸਾਰ ਘੋਲ ਬਣਾ ਕੇ ਕਰੋ। ਪਨੀਰੀ ਵਿੱਚ ਜ਼ਿੰਕ ਦੀ ਘਾਟ ਨੂੰ ਵੀ ਪਹਿਲਾਂ ਦੱਸੇ ਅਨੁਸਾਰ ਪੂਰਾ ਕਰੋ।
ਜੈਵਿਕ ਖਾਦਾਂ ਦੀ ਵਰਤੋਂ: ਜ਼ਮੀਨ ਦੀ ਜੈਵਿਕ ਸਿਹਤ ਬਰਕਰਾਰ ਰੱਖਣ ਲਈ ਅਤੇ ਚੰਗਾ ਝਾੜ ਪ੍ਰਾਪਤ ਕਰਨ ਲਈ ਰਸਾਇਣਕ ਖਾਦਾਂ ਦੇ ਨਾਲ ਨਾਲ ਜੈਵਿਕ ਖਾਦਾਂ ਅਤੇ ਜੀਵਾਣੂੰਆਂ ਦਾ ਪ੍ਰਯੋਗ ਕਰਨਾ ਵੀ ਅਤਿ ਲੋੜੀਂਦਾ ਹੈ। ਇਸ ਲਈ ਪੀਏਯੂ, ਲੁਧਿਆਣਾ ਵੱਲੋਂ ਤਿਆਰ ਕੀਤੀ ਜੀਵਾਣੂੰ ਖਾਦ ਦਾ ਟੀਕਾ ਜਿਸ ਦੇ ਇੱਕ ਪੈਕੇਟ (ਐਜ਼ੋਸਪਾਇਰੀਲਮ) ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਇੱਕ ਏਕੜ ਝੋਨੇ ਦੀ ਪਨੀਰੀ ਦੀਆਂ ਜੜ੍ਹਾਂ ਨੂੰ ਘੱਟੋ-ਘੱਟ 45 ਮਿੰਟਾਂ ਲਈ ਡੁਬੋਣ ਨਾਲ 3-4 ਫ਼ੀਸਦੀ ਝਾੜ ਵਧਾਇਆ ਜਾ ਸਕਦਾ ਹੈ। ਇਹ ਟੀਕੇ ਵੱਖ-ਵੱਖ ਜੀਵਾਣੂੰਆਂ ਦੇ ਸੁਮੇਲ ਨਾਲ ਬਣਾਏ ਜਾਂਦੇ ਹਨ ਜਿਨ੍ਹਾਂ ਨੂੰ ਪੌਦਿਆਂ ਦੀਆਂ ਜੜ੍ਹਾਂ ਨਾਲ ਲਗਾਉਣ ਨਾਲ ਖੁਰਾਕੀ ਤੱਤਾਂ ਖਾਸ ਤੌਰ ’ਤੇ ਨਾਈਟ੍ਰੋਜਨ ਤੱਤ ਦੀ ਹਵਾ ਵਿੱਚੋਂ ਉਪਲਬੱਧਤਾ ਵਧਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਇਹ ਸੂਖਮ ਜੀਵ ਮਿੱਟੀ ਵਿੱਚ ਕਿਰਿਆਵਾਂ ਕਰ ਕੇ ਹਾਰਮੋਨ ਬਣਾਉਂਦੇ ਹਨ ਜੋ ਕਿ ਬੂਟਿਆਂ ਦੇ ਵਧਣ-ਫੁੱਲਣ ਵਿੱਚ ਸਹਾਈ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਘੱਟ ਖ਼ਰਚੇ ਵਿੱਚ ਬੂਟੇ ਨੂੰ ਪੋਸ਼ਣ ਮਿਲਦਾ ਹੈ ਅਤੇ ਫ਼ਸਲ ਦਾ ਝਾੜ ਵੀ ਵਧਦਾ ਹੈ। ਇਹ ਟੀਕਾ ਵੱਖ-ਵੱਖ ਜ਼ਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਫਾਰਮ ਸਲਾਹਕਾਰ ਸੇਵਾ ਕੇਂਦਰਾਂ ਅਤੇ ਪੀਏਯੂ ਦੀ ਬੀਜਾਂ ਦੀ ਦੁਕਾਨ (ਗੇਟ ਨੰਬਰ 1) ਤੋਂ ਕੇਵਲ 40 ਰੁਪਏ ਵਿੱਚ ਪ੍ਰਾਪਤ ਕੀਤਾ ਜਾ ਸਕਦਾ ਹੈ। ਖੇਤ ਵਿੱਚ ਪਨੀਰੀ ਲਗਾਉਣ ਤੋਂ ਪਹਿਲਾਂ ਪ੍ਰਤੀ ਏਕੜ 6 ਟਨ ਰੂੜੀ ਦੀ ਖਾਦ ਜਾਂ 6 ਟਨ ਪ੍ਰੈੱਸਮੱਡ ਜਾਂ 2.5 ਟਨ ਮੁਰਗੀਆਂ ਦੀ ਖਾਦ ਜਾਂ 2.4 ਟਨ ਸੁੱਕੀ ਗੋਬਰ ਗੈਸ ਸਲਰੀ ਜਾਂ 2 ਟਨ ਝੋਨੇ ਦੀ ਪਰਾਲੀ ਤੋਂ ਬਣੀ ਪਰਾਲੀਚਾਰ ਪਾਉਣ ਨਾਲ ਕ੍ਰਮਵਾਰ 35 ਤੋਂ 55 ਕਿਲੋ ਪ੍ਰਤੀ ਏਕੜ ਯੂਰੀਆ ਦੀ ਬਚਤ ਕੀਤੀ ਜਾ ਸਕਦੀ ਹੈ।
ਝੋਨੇ ਵਿੱਚ ਫੋਕ ਘਟਾਉਣ ਲਈ ਜਦੋਂ ਫ਼ਸਲ ਗੋਭ ਵਿੱਚ ਹੋਵੇ ਤਾਂ 1.5 ਫ਼ੀਸਦੀ ਪੋਟਾਸ਼ੀਅਮ ਨਾਈਟ੍ਰੇਟ (ਤਿੰਨ ਕਿਲੋ ਪੋਟਾਸ਼ੀਅਮ ਨਾਈਟ੍ਰੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ) ਪ੍ਰਤੀ ਏਕੜ ਦਾ ਛਿੜਕਾਅ ਕਰੋ। ਜ਼ਿੰਕ ਅਤੇ ਲੋਹੇ ਦੀ ਘਾਟ ਆਉਣ ਤੇ ਪਹਿਲਾਂ ਦੱਸੇ ਅਨੁਸਾਰ ਰੋਕਥਾਮ ਕਰੋ।
ਇਹ ਅਕਸਰ ਦੇਖਣ ਵਿੱਚ ਆਇਆ ਹੈ ਕਿ ਕਿਸਾਨ ਬਾਸਮਤੀ ਨੂੰ ਵੀ ਝੋਨੇ ਵਾਂਗੂ ਹੀ ਯੂਰੀਆ ਖਾਦ ਪਾ ਦਿੰਦੇ ਹਨ। ਇਸ ਲਈ ਵੱਖ-ਵੱਖ ਕਿਸਮਾਂ ਦੀ ਬਾਸਮਤੀ ਵਿੱਚ ਲੋਡ਼ ਮੁਤਾਬਕ ਹੀ ਯੂਰੀਆ ਖਾਦ ਦੀ ਵਰਤੋਂ ਕਰੋ ਕਿਉਂਕਿ ਵਧੇਰੇ ਯੂਰੀਆ ਨਾਲ ਪੌਦੇ ਦਾ ਫੈਲਾਅ ਅਤੇ ਉਚਾਈ ਜ਼ਿਆਦਾ ਵਧ ਜਾਂਦੀ ਹੈ, ਜਿਸ ਨਾਲ ਫ਼ਸਲ ਡਿੱਗ ਪੈਂਦੀ ਹੈ ਅਤੇ ਝਾੜ ਘਟ ਜਾਂਦਾ ਹੈ।
ਝੋਨੇ ਅਤੇ ਬਾਸਮਤੀ ਵਿੱਚ ਰਸਾਇਣਕ ਅਤੇ ਜੈਵਿਕ ਖਾਦਾਂ ਦੀ ਸੁਯੋਗ ਵਰਤੋਂ ਲਈ ਪੱਤਾ ਰੰਗ ਚਾਰਟ ਦੀ ਵਰਤੋਂ ਕਾਫ਼ੀ ਲਾਹੇਵੰਦ ਹੈ। ਇਹ ਚਾਰਟ ਭੂਮੀ ਵਿਗਿਆਨ ਵਿਭਾਗ, ਪੀਏਯੂ, ਲੁਧਿਆਣਾ ਤੋਂ ਖ਼ਰੀਦਿਆ ਜਾ ਸਕਦਾ ਹੈ ਜਾਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰਾਂ ਦੇ ਮਾਹਿਰਾਂ ਨਾਲ ਸੰਪਰਕ ਕਰ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ।
*ਕ੍ਰਿਸ਼ੀ ਵਿਗਿਆਨ ਕੇਂਦਰ, ਖੇੜੀ (ਸੰਗਰੂਰ)।
ਸੰਪਰਕ: 95018-55223

Advertisement
Tags :
Author Image

joginder kumar

View all posts

Advertisement