ਬਜਰਾਵਰ ਵਾਸੀਆਂ ਵਲੋਂ ਮਿਨੀ ਸਕੱਤਰੇਤ ਅੱਗੇ ਮੁਜ਼ਾਹਰਾ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 3 ਜੁਲਾਈ
ਜ਼ਰੂਰਤਮੰਦ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਦੇ ਵਿਰੋਧ ’ਚ ਅੱਜ ਪਿੰਡ ਬਜਰਾਵਰ ਦੇ ਲੋਕਾਂ ਨੇ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਰਾਜਵਿੰਦਰ ਕੌਰ ਤੇ ਕਰਮ ਚੰਦ ਦੀ ਅਗਵਾਈ ਹੇਠ ਮਿਨੀ ਸਕੱਤਰੇਤ ਦੇ ਬਾਹਰ ਪੰਜਾਬ ਸਰਕਾਰ ਖਿਲਾਫ਼ ਰੋਸ ਮੁਜ਼ਾਹਰਾ ਕੀਤਾ। ਉਨ੍ਹਾਂ ਨੇ ਮਾਨ ਸਰਕਾਰ ਦੇ ਝੂਠੇ ਪ੍ਰਚਾਰ ਅਤੇ ਗੁੰਮਰਾਹਕੁਨ ਨੀਤੀਆਂ ਦਾ ਡਟ ਕੇ ਵਿਰੋਧ ਕੀਤਾ। ਬਾਅਦ ਵਿਚ ਜ਼ਿਲ੍ਹਾ ਖੁਰਾਕ ਸਪਲਾਈ ਅਫ਼ਸਰ ਸੰਜੀਵ ਕੁਮਾਰ ਨੂੰ ਮੰਗ ਪੱਤਰ ਦਿੱਤਾ ਗਿਆ।
ਮੁਜ਼ਾਹਰੇ ਦੌਰਾਨ ਬੋਲਦਿਆਂ ਧੀਮਾਨ ਨੇ ਕਿਹਾ ਕਿ ਸਰਮਾਏਦਾਰ ਸਰਕਾਰਾਂ ਨੂੰ ਹਮੇਸ਼ਾਂ ਗਰੀਬ ਲੋਕ ਹੀ ਤਸ਼ੱਦਦ ਕਰਨ ਨੂੰ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਕੱਟਣ ਦਾ ਕੁਲਹਾੜਾ ਵੀ ਉਨ੍ਹਾਂ ਲੋਕਾਂ ’ਤੇ ਹੀ ਚਲਾਇਆ ਗਿਆ ਹੈ ਜੋ ਗਰੀਬ ਤੇ ਜ਼ਰੂਰਤਮੰਦ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਜਿੱਥੇ ਗਰੀਬ ਲੋਕਾਂ ਨਾਲ ਵਿਤਕਰਾ ਕਰ ਰਹੀ ਹੈ ਉੱਥੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਵੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਹਰੇਕ ਪਰਿਵਾਰ ’ਚ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ ਅਤੇ ਜ਼ਰੂਰਤਮੰਦ ਲੋਕਾਂ ਦੇ ਕੱਟੇ ਰਾਸ਼ਨ ਕਾਰਡ ਮੁੜ ਬਹਾਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਅਜਿਹਾ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।