ਵਿਸਾਖੀ: ਅਤੀਤ ਤੇ ਆਦਰਸ਼
ਪਾਕਿਸਤਾਨ ਅਖ਼ਬਾਰ ‘ਦਿ ਨਿਊਜ਼’ ਦੇ ਬੁੱਧਵਾਰ (10 ਅਪਰੈਲ) ਦੇ ਅੰਕ ਵਿਚ ਮਸਰੂਰ ਅਹਿਮਦ ਨਾਮ ਦੇ ਪਾਠਕ ਦੀ ਨਿੱਕੀ ਜਿਹੀ ਚਿੱਠੀ ਹੈ: “ਵਿਸਾਖੀ ਕਦੋਂ ਪਾਕਿਸਤਾਨ ਪਰਤੇਗੀ? ਕੀ ਇਹ ਸਿਰਫ਼ ਸਿੱਖਾਂ ਦਾ ਹੀ ਤਿਉਹਾਰ ਹੈ, ਸਾਰੇ ਪੰਜਾਬੀਆਂ ਦਾ ਨਹੀਂ?” ਇਸ ਚਿੱਠੀ ਦੇ ਜਵਾਬ ਵਿਚ ਸੰਪਾਦਕੀ ਟਿੱਪਣੀ ਹੈ, ਅਸਲ ਚਿੱਠੀ ਨਾਲੋਂ ਵੱਡੀ: “ਵਿਸਾਖੀ ਪਾਕਿਸਤਾਨ ਵਿਚ ਵੀ ਮਨਾਈ ਜਾਂਦੀ ਹੈ। ਸਿਰਫ਼ ਸਿੱਖਾਂ ਜਾਂ ਹਿੰਦੂਆਂ ਵੱਲੋਂ ਨਹੀਂ, ਮੁਸਲਮਾਨਾਂ ਤੇ ਇਸਾਈਆਂ ਵੱਲੋਂ ਵੀ। ਮਜ਼ਹਬੀ ਨਹੀਂ, ਤਹਿਜ਼ੀਬੀ ਤਿਉਹਾਰ ਦੇ ਰੂਪ ਵਿੱਚ, ਬਸੰਤ ਪੰਚਮੀ ਵਾਂਗ। ਇਹ ਅਖ਼ਬਾਰ ਕੁਝ ਧਿਆਨ ਨਾਲ ਪੜ੍ਹ ਲਿਆ ਕਰੋ, ਖ਼ਾਸ ਕਰ ਕੇ 13-14-15 ਅਪਰੈਲ ਨੂੰ।” ਵਿਸਾਖੀ ਬਾਰੇ ਉਪਰੋਕਤ ਦਾਅਵਾ ਹੈ ਵੀ ਸਹੀ। ਨਵੇਂ ਫ਼ਸਲ ਵਰ੍ਹੇ ਦੇ ਆਗਾਜ਼ ਸਮੇਂ ਦੀਆਂ ਖ਼ੁਸ਼ੀਆਂ-ਖੇਡਿ਼ਆਂ ਵਾਲਾ ਇਹ ਤਿਉਹਾਰ ਭਾਰਤੀ ਉਪ-ਮਹਾਂਦੀਪ ਦੇ ਉੱਤਰ ਪੱਛਮੀ ਖਿੱਤੇ ਵਿਚ ਹਜ਼ਾਰ ਵਰ੍ਹੇ ਤੋਂ ਵੀ ਪਹਿਲਾਂ ਤੋਂ ਮਨਾਇਆ ਜਾ ਰਿਹਾ ਹੈ। ਖ਼ਾਲਸਾ ਪੰਥ ਦੇ ਜਨਮ ਵਰ੍ਹੇ ਤੋਂ ਤਕਰੀਬਨ ਸੱਤ ਸਦੀਆਂ ਪਹਿਲਾਂ ਤੋਂ। ਇਸ ਦੀ ਪੁਰਾਤਨਤਾ ਦੇ ਸਬੂਤ ਕਟਾਸਰਾਜ ਤੀਰਥ, ਦਰਬਾਰ ਹਜ਼ਰਤ ਬਾਬਾ ਸ਼ੇਖ ਫਰੀਦ (ਪਾਕਿ ਪਟਨ) ਜਾਂ ਠਾਕੁਰਦਵਾਰਾ ਭਗਵਾਨ ਨਰਾਇਣਜੀ (ਗੁਰਦਾਸਪੁਰ) ਵਿਚ ਲੱਗਦੇ ਮੇਲਿਆਂ ਦੇ ਇਤਿਹਾਸ ਵਿੱਚ ਮੌਜੂਦ ਹਨ। ਉਂਝ ਵੀ ਇਹ ਸਿਰਫ਼ ਪੰਜਾਬੀਆਂ ਜਾਂ ਉੱਤਰ ਭਾਰਤੀਆਂ ਦਾ ਤਿਉਹਾਰ ਨਹੀਂ, ਨਵ-ਫ਼ਸਲੀ ਵਰ੍ਹੇ ਦੀ ਸ਼ੁਰੂਆਤ ਵਜੋਂ ਖੁਸ਼ੀਆਂ ਮਨਾਉਣ ਤੇ ਆਪੋ-ਆਪਣੇ ਧਾਰਮਿਕ ਇਸ਼ਟਾਂ ਦਾ ਸ਼ੁਕਰਾਨਾ ਕਰਨ ਦੇ ਉੱਦਮ ਵਜੋਂ ਸਮੁੱਚੇ ਦੱਖਣੀ ਏਸ਼ੀਆ ਵਿਚ ਵੱਖ-ਵੱਖ ਨਾਵਾਂ ਹੇਠ ਮਨਾਇਆ ਜਾਣ ਵਾਲਾ ਉਤਸਵ ਹੈ; ਇਰਾਨ ਦੀ ਪੂਰਬੀ ਸਰਹੱਦ ਤੋਂ ਲੈ ਕੇ ਮਿਆਂਮਾਰ ਦੇ ਉੱਤਰੀ ਸੂਬਿਆਂ ਤਕ। ਕਿਤੇ 13, ਕਿਤੇ 14 ਤੇ ਕਿਤੇ 15 ਅਪਰੈਲ ਨੂੰ।
ਇਹ ਕੋਈ ਅਤਿਕਥਨੀ ਨਹੀਂ ਕਿ ਵਿਸਾਖੀ (ਜਾਂ ਵੈਸਾਖੀ) ਨੂੰ ਜਿਹੜੀ ਕੇਸਰੀ ਰੰਗਤ, ਖ਼ਾਲਸਾ ਸਾਜਨਾ ਦਿਵਸ ਵਜੋਂ ਮਿਲੀ, ਉਸ ਨੇ ਹੋਰਨਾਂ ਰੰਗਾਂ ਦੀ ਆਭਾ ਮੁਕਾਬਲਤਨ ਫਿੱਕੀ ਪਾ ਦਿੱਤੀ। ਕੇਸਰੀ ਰੰਗ ਵਿਸਮਾਦ ਵਾਲੀ ਅਵਸਥਾ ਦਾ ਰੰਗ ਹੈ; ਇਹ ਰੂਹ ਦੇ ਕਰਤਾਰ ਨਾਲ ਇਕ-ਮਿਕ ਹੋਣ ਵਾਲੀ ਅਵਸਥਾ ਦਾ ਰੰਗ ਮੰਨਿਆ ਜਾਂਦਾ ਹੈ। ਹੁਨਾਲ ਦੇ ਆਰੰਭ ਦੇ ਦਿਨਾਂ ਵਿੱਚ ਵੱਧ ਚਮਕੀਲਾ, ਵੱਧ ਚਟਕੀਲਾ। ਖ਼ਾਲਸੇ ਦੇ ਨਿਵੇਕਲੇ ਸਰੂਪ ਨੂੰ ਵੱਧ ਦ੍ਰਿਸ਼ਟੀਮਾਨ, ਵੱਧ ਮੁਖ਼ਰਿਤ ਬਣਾਉਣ ਵਾਲਾ। ਇਸੇ ਵਰਤਾਰੇ ਨੇ ਵਿਸਾਖੀ ਦੇ ਜਸ਼ਨਾਂ ਨੂੰ ਮੁੱਖ ਤੌਰ ’ਤੇ ਖਾਲਸਈ ਰੰਗਤ ਵਿੱਚ ਰੰਗਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ‘ਫ਼ਸਲਾਂ ਦੀ ਮੁੱਕ ਗਈ ਰਾਖੀ’ ਵਾਲਾ ਦਿਨ, ਨਵੇਂ ਪੰਥ ਦੀ ਸਥਾਪਨਾ ਵਾਲੇ ਦਿਨ ਦਾ ਅਕਸ ਗ੍ਰਹਿਣ ਗਿਆ। ਇਹ ਛਬ ਘਟਣ ਦੀ ਸੰਭਾਵਨਾ ਵੀ ਹੁਣ ਅਸੁਭਾਵਿਕ ਜਾਪਦੀ ਹੈ।
ਆਨੰਦਪੁਰ ਸਾਹਿਬ ਵਿਖੇ 13 ਅਪਰੈਲ 1699 ਨੂੰ ਵਿਸਾਖੀ ਮੌਕੇ ਖ਼ਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਵੀ ਸਿੱਖ ਸੰਗਤ, ਵਿਸਾਖੀ ਨੂੰ ਸੱਭਿਆਚਾਰਕ ਉਤਸਵ ਦੀ ਥਾਂ ਧਰਮ-ਉੁਤਸਵ ਦੇ ਰੂਪ ਵਿਚ ਮਨਾਉਂਦੀ ਆ ਰਹੀ ਸੀ, ਇਸ ਦੀ ਪੁਸ਼ਟੀ ‘ਮਹਾਨ ਕੋਸ਼’ ਤੋਂ ਹੁੰਦੀ ਹੈ। ਇਸ ਕੋਸ਼ ਮੁਤਾਬਿਕ “ਗੁਰ-ਦਰਸ਼ਨ ਲਈ ਵੈਸਾਖੀ ਦੇ ਦਿਨ ਦੇਸ਼-ਦੇਸਾਂਤਰਾਂ ਦੀ ਸੰਗਤਿ ਦਾ ਏਕਤ੍ਰ ਹੋਣਾ ਅਰਥਾਤ ਵੈਸਾਖੀ ਦਾ ਮੇਲਾ, ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਜੀ ਦੀ ਆਗਯਾ ਨਾਲ ਕਾਇਮ ਕੀਤਾ। ਖ਼ਾਲਸਾ ਪੰਥ ਦਾ ਇਹ ਜਨਮ ਦਿਨ ਭੀ ਹੈ, ਇਸ ਲਈ ਸਿੱਖਾਂ ਦਾ ਮਹਾਨ ਦਿਨ ਹੈ।” (ਪੰਨਾ 1110)। ਗਿਆਨੀ ਗਿਆਨ ਸਿੰਘ ਮੁਤਾਬਿਕ, “ਇਹ ਤੀਜੇ ਗੁਰੂ ਦੀ ਮਿਹਰੇ-ਨਜ਼ਰ ਨਾਲ ਆਰੰਭੇ ਧਾਰਮਿਕ ਅਨੁਸ਼ਠਾਨ ਦਾ ਹੀ ਆਸਰਾ ਸੀ ਕਿ ਕਲਗੀਧਰ ਨੇ ਇਸ ਤਿਉਹਾਰ ਸਿੱਖੀ ਨੂੰ ‘ਨਵਾਂ ਵੇਸ, ਨਵਾਂ ਭੇਸ’ ਬਖ਼ਸ਼ਣ ਲਈ ਚੁਣਿਆ।” ਇਹ ਕਾਰਜ ਸੰਪੂਰਨ ਹੋਣ ’ਤੇ ਕਲਗੀਧਰ ਨੇ ਨਵ-ਸਥਾਪਿਤ ਖ਼ਾਲਸਾ ਕੌਮ ਦੇ ਗੁਣ ਇਸ ਸ਼ਬਦ ਰਾਹੀਂ ਪ੍ਰਗਟਾਏ:
ਜਾਗਤ ਜੋਤ ਜਪੈ ਨਿਸ ਬਾਸੁਰ,
ਏਕ ਬਿਨਾ ਮਨ ਨੈਕ ਨਾ ਆਨੈ॥
ਪੂਰਨ ਪ੍ਰੇਮ ਪ੍ਰਤੀਤ ਸਜੈ,
ਬ੍ਰਤ, ਗੋਰ ਮੜ੍ਹੀ ਮਟ ਭੂਲ ਨਾ ਮਾਨੈ॥
ਤੀਰਥ ਦਾਨ ਦਇਆ ਤਪ ਸੰਜਮ,
ਏਕ ਬਿਨਾ ਨਹਿ ਏਕ ਪਛਾਨੈ॥
ਪੂਰਨ ਜੋਤ ਜਗੈ ਘਟ ਮੈ,
ਤਬ ਖ਼ਾਲਸ ਤਾਹਿ ਨਾਖਾਲਸ ਜਾਨੈ॥ (33 ਸਵੱਯੇ)।
ਆਨੰਦਪੁਰ ਸਾਹਿਬ ਵਿਖੇ ਵਿਸਾਖੀ ਦਾ ਇਹ ਜਾਹੋ-ਜਲਾਲ 1703 ਤਕ ਰਿਹਾ। ਇਸ ਤੋਂ ਬਾਅਦ ਮੁਗ਼ਲ ਹਕੂਮਤ ਅਤੇ 22 ਧਾਰ ਦੇ ਰਾਜਿਆਂ ਨਾਲ ਜੰਗਾਂ-ਯੁੱਧਾਂ ਨੇ ਕਲਗੀਧਰ ਤੇ ਉਨ੍ਹਾਂ ਦੇ ਮੁਰੀਦਾਂ ਨੂੰ ਦੋ ਵਰ੍ਹੇ ਜਸ਼ਨਾਂ ਤੋਂ ਦੂਰ ਰੱਖਿਆ। ਵਿਸਾਖੀ ਉਤਸਵ ਦੀ ਵਾਪਸੀ 1706 ਵਿੱਚ ਤਲਵੰਡੀ ਸਾਬੋ (ਦਮਦਮਾ ਸਾਹਿਬ) ਵਿਖੇ ਹੋਈ ਜਿੱਥੇ ਦਸਮ ਪਿਤਾ ਦੇ ਹੁਕਮਾਂ ’ਤੇ ਫੁੱਲ ਚੜ੍ਹਾਉਂਦਿਆਂ ਬੇਸ਼ੁਮਾਰ ਸੰਗਤ ਜੁੜੀ। ਇਤਿਹਾਸ ਦੱਸਦਾ ਹੈ ਕਿ ਉਸ ਸਮਾਗਮ ਵਿਚ ਸਵਾ ਲੱਖ ਤੋਂ ਵੀ ਵੱਧ ਗੁਰੂ ਪਿਆਰਿਆਂ ਨੇ ਅੰਮ੍ਰਿਤਪਾਨ ਕੀਤਾ। 1708 ਮਗਰੋਂ ਸਿੱਖਾਂ ’ਤੇ ਜ਼ੁਲਮ-ਓ-ਤਸ਼ੱਦਦ ਦਾ ਦੌਰ ਵਧ ਗਿਆ, ਇਸ ਲਈ ਤਲਵੰਡੀ ਸਾਬੋ ਵਿਖੇ ਵਿਸਾਖੀ ਦੇ ਜਸ਼ਨਾਂ ਵਿੱਚ ਵਿਘਨ ਪਿਆ ਪਰ ਤਸ਼ੱਦਦ ਦਾ ਦੌਰ ਮੱਠਾ ਪੈਂਦਿਆਂ ਹੀ ਦਮਦਮਾ ਸਾਹਿਬ ਦੇ ਮਹੰਤ, ਗਿਆਨੀ ਭਗਵਾਨ ਸਿੰਘ ਦੇ ਯਤਨਾਂ ਸਦਕਾ ਵਿਸਾਖੀ ਪੁਰਬ ਐਸਾ ਸੁਰਜੀਤ ਹੋਇਆ ਕਿ ਇਸ ਦਾ ਜਲੌਅ ਹੁਣ ਸਭ ਤੋਂ ਨਿਵੇਕਲਾ ਮੰਨਿਆ ਜਾਂਦਾ ਹੈ। ਇਹ ਸਹੀ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਆਨੰਦਪੁਰ ਸਾਹਿਬ ਵਿਖੇ ਵੀ ਵਿਸਾਖੀ ਮੌਕੇ ਸ਼ਰਧਾਵਾਨ ਹੁੰਮ-ਹੁਮਾ ਕੇ ਪੁੱਜਦੇ ਹਨ ਪਰ ਦਮਦਮਾ ਸਾਹਿਬ ਵਾਲਾ ਜੋੜ ਮੇਲਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ।
ਕੁਝ ਇਸੇ ਹੀ ਤਰਜ਼ ’ਤੇ ਜਲਵਾ ਹੋਰਨਾਂ ਸੂਬਿਆਂ ਵਿੱਚ ਵੀ ਨਜ਼ਰ ਆਉਂਦਾ ਹੈ; ਖ਼ਾਸ ਤੌਰ ’ਤੇ ਬੰਗਲਾ ਮੂਲ ਦੇ ਲੋਕਾਂ ਦੀ ਵਸੋਂ ਵਾਲੇ ਸੂਬਿਆਂ- ਪੱਛਮੀ ਬੰਗਾਲ, ਅਸਾਮ, ਤ੍ਰਿਪੁਰਾ, ਬਿਹਾਰ, ਝਾਰਖੰਡ ਤੇ ਨਾਲ ਹੀ ਬੰਗਲਾਦੇਸ਼ ਵਿੱਚ ਇਨ੍ਹੀਂ ਥਾਈਂ ਫ਼ਸਲੀ ਵਰ੍ਹੇ ਦਾ ਆਗਾਜ਼ ‘ਪੌਇਲਾ ਬੈਸਾਖੀ’ ‘ਸ਼ੁਭੋ ਨੌਬੋਬੋਰਸ’ (ਸ਼ੁਭ ਨਵ-ਵਰਸ਼) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਅਮੂਮਨ ਵਿਸਾਖੀ ਤੋਂ ਅਗਲੇ ਦਿਨ, ਭਾਵ, 14 ਜਾਂ 15 ਅਪਰੈਲ ਤੋਂ ਆਰੰਭ ਹੁੰਦਾ ਹੈ। ਇਸ ਨੂੰ ਹਿੰਦੂ ਤੇ ਮੁਸਲਮਾਨ ਇੱਕੋ ਜਿਹੇ ਉਤਸ਼ਾਹ ਨਾਲ ਮਨਾਉਂਦੇ ਹਨ। ਹਿੰਦੂ ਗੰਗਾ, ਹੁਗਲੀ ਤੇ ਹੋਰ ਨਦੀਆਂ ਵਿੱਚ ਇਸ਼ਨਾਨ ਤੇ ਪੂਜਾ ਪਾਠ ਮਗਰੋਂ ਦੀਵਾਲੀ ਵਰਗੇ ਉਤਸ਼ਾਹ ਨਾਲ ਜਸ਼ਨਾਂ ਵਿੱਚ ਸ਼ਰੀਕ ਹੁੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਇਸ ਤਿਉਹਾਰ ਦਾ ਆਰੰਭ ਮੁਗਲ ਬਾਦਸ਼ਾਹ ਜਲਾਲੂਦੀਨ ਮੁਹੰਮਦ ਅਕਬਰ ਨੇ ਕੀਤਾ ਸੀ। ਅਕਬਰ ਦੇ ਰਾਜ ਕਾਲ ਤੋਂ ਪਹਿਲਾਂ ਕਾਸ਼ਤਕਾਰਾਂ ਤੋਂ ਮਾਲੀਆ, ਹਿਜਰੀ ਵਰ੍ਹੇ ਦੇ ਅੱਧ ਸਮੇਂ ਤੋਂ ਵਸੂਲਿਆ ਜਾਂਦਾ ਸੀ। ਕਾਸ਼ਤਕਾਰਾਂ ਕੋਲ ਉਸ ਸਮੇਂ ਨਾ ਤਾਂ ਪੈਸਾ ਹੁੰਦਾ ਸੀ ਅਤੇ ਨਾ ਹੀ ਉਪਜ। ਸਭ ਸਦੀਆਂ ਤੋਂ ਚਲੀ ਆ ਰਹੀ ਇਸ ਪ੍ਰਥਾ ਅੰਦਰਲੀਆਂ ਖ਼ਾਮੀਆਂ ਨੂੰ ਬੰਗਾਲ ਦੇ ਤੱਤਕਾਲੀ ਸੂਬੇਦਾਰ, ਨਵਾਬ ਮੁਰਸ਼ਦ ਕੁਲੀ ਖਾਨ ਨੇ ਬਾਦਸ਼ਾਹ ਦੇ ਧਿਆਨ ਵਿੱਚ ਲਿਆਂਦਾ। ਬਾਦਸ਼ਾਹ ਨੇ ਮਾਲੀਆ, ਬੰਗਾਲੀ ਨਵ-ਰੋਜ਼ ਸਮੇਂ ਉਗਰਾਹੁਣ ਦਾ ਫ਼ਰਮਾਨ ਜਾਰੀ ਕਰ ਦਿੱਤਾ। ਇਸ ਫ਼ਰਮਾਨ ਸਦਕਾ ਮਿਲੀ ਰਾਹਤ ਨੂੰ ਬੰਗਾਲੀ ਵਸੋਂ ਨੇ ਉਤਸਵ ਦੇ ਰੂਪ ਵਿੱਚ ਮਨਾਉਣਾ ਵਾਜਿਬ ਸਮਝਿਆ। ਇਹ ਦਿਨ ਬੰਗਾਲੀ ਸਭਿਅਤਾ ਦਾ ਅਤਿਅੰਤ ਅਹਿਮ ਹਿੱਸਾ ਬਣ ਗਿਆ।
ਬੰਗਾਲੀਆਂ ਵਾਂਗ ਮਲਿਆਲੀ ਵੀ ਨਵ-ਵਰ੍ਹਾ ਵੈਸਾਖੀ ਦੀ ਪਹਿਲੀ ਤਰੀਕ ਨੂੰ ਮਨਾਉਂਦੇ ਹਨ। ਕੇਰਲ ਤੇ ਉੱਤਰੀ ਕਰਨਾਟਕ ਵਿਚ ਇਸ ਤਿਉਹਾਰ ਦਾ ਨਾਮ ਵਿਸ਼ੂ ਹੈ। ਦੀਵਾਲੀਨੁਮਾ ਤਿਉਹਾਰ। ਭਗਵਾਨ ਵਿਸ਼ਨੂੰ ਨੂੰ ਹਰ ਕਿਸਮ ਦੇ ਫ਼ਸਲੀ ਚੜ੍ਹਾਵੇ ਚੜ੍ਹਾਉਣ ਦਾ ਤਿਉਹਾਰ। ਤਾਮਿਲ ਨਾਡੂ ਤੇ ਉੱਤਰੀ ਸ੍ਰੀਲੰਕਾ ਵਿੱਚ ਵਿਸਾਖ ਦੀ ਪਹਿਲੀ ਤਰੀਕ ਪੁਡਾਂਡੂ ਉਤਸਵ ਹੈ ਭਗਵਾਨ ਵਿਸ਼ਨੂੰ ਨੂੰ ਸਮਰਪਿਤ ਦਿਨ। ਅਸਾਮ ਤੇ ਮਨੀਪੁਰ ਵਿੱਚ ਫ਼ਸਲਾਂ ਦੇ ਤਿੰਨ ਸੀਜ਼ਨ, ਤਿੰਨ ਬੀਹੂ ਹੁੰਦੇ ਹਨ ਪਰ 14 ਅਪਰੈਲ ਵਾਲਾ ਬੀਹੂ ਸਭ ਤੋਂ ਵੱਧ ਅਹਿਮ ਮੰਨਿਆ ਜਾਂਦਾ ਹੈ। ਇਸ ਨੂੰ ਬੋਹਾਂਗ (ਭਰਪੂਰ) ਜਾਂ ਰੌਂਗਲੀ (ਰੰਗਲੀ) ਬੀਹੂ ਕਿਹਾ ਜਾਂਦਾ ਹੈ।
ਗੱਲ ਪਾਕਿਸਤਾਨ ਤੋਂ ਤੁਰੀ ਸੀ, ਖ਼ਤਮ ਵੀ ਉੱਥੇ ਹੀ ਹੋਣੀ ਚਾਹੀਦੀ ਹੈ। ਉੱਥੇ ਸਾਂਝੀ ਵਿਰਾਸਤ ਦੇ ਪੈਰੋਕਾਰਾਂ ਨੇ ਪਿਛਲੇ ਸਾਲ ਵਿਸਾਖੀ ਮੌਕੇ ਝਨਾਅ, ਜਿਹਲਮ, ਰਾਵੀ ਤੇ ਸਤਲੁਜ (ਪਾਕਿਸਤਾਨੀ ਨਾਮ ਹਾਕਰਾ) ਵਿੱਚ ਇਸ਼ਨਾਨ ਵੀ ਕੀਤੇ ਸਨ ਅਤੇ ਲਾਹੌਰ, ਐਮਨਾਬਾਦ, ਫ਼ੈਸਲਾਬਾਦ ਵਿਚ ਸੱਭਿਆਚਾਰਕ ਸਮਾਗਮ ਵੀ ਕੀਤੇ ਸਨ। ਇਸਲਾਮਾਬਾਦ ਦੀ ਸਰਕਾਰੀ ਸੰਸਥਾ, ਨਿਫਟ ਦੇ ਕੈਂਪਸ ਵਿੱਚ ਤਿੰਨ ਰੋਜ਼ਾ ਵਿਸਾਖੀ ਮੇਲਾ ਵੀ ਲਾਇਆ ਗਿਆ ਸੀ ਜੋ ਇਸ ਵਾਰ ਵੀ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ ਦੀ ਸਾਂਝੀ ਵਿਰਾਸਤ ਦੇ ਪੈਰੋਕਾਰਾਂ ਤੇ ਪੈਰਵੀਕਾਰਾਂ ਲਈ ਵਿਸਾਖੀ ਦੋ ਹੋਰ ਪੱਖੋਂ ਵੀ ਮਹੱਤਵਪੂਰਨ ਹੈ। 1919 ਵਿਚ ਇਸੇ ਦਿਹਾੜੇ ਜੱਲ੍ਹਿਆਂਵਾਲਾ ਬਾਗ਼, ਅੰਮ੍ਰਿਤਸਰ ਵਿਚ ਬ੍ਰਿਟਿਸ਼ ਬ੍ਰਿਗੇਡੀਅਰ ਜਨਰਲ ਰੈਗੀਨਾਲਡ ਡਾਇਰ ਦੇ ਹੁਕਮਾਂ ’ਤੇ 379 ਆਜ਼ਾਦੀ ਘੁਲਾਟੀਆਂ ਨੂੰ ਗੋਲੀਆਂ ਨਾਲ ਵਿੰਨ੍ਹ ਦਿੱਤਾ ਗਿਆ ਸੀ ਅਤੇ 1200 ਨੂੰ ਜ਼ਖ਼ਮੀ ਕੀਤਾ ਗਿਆ ਸੀ। ਇਹ ਘੁਲਾਟੀਏ ਕਿਸੇ ਇੱਕ ਨਹੀਂ, ਤਿੰਨਾਂ ਮੁੱਖ ਮਜ਼ਹਬਾਂ ਨਾਲ ਸਬੰਧਿਤ ਸਨ। ਇਸੇ ਤਰ੍ਹਾਂ 1801 ਵਿੱਚ ਵਿਸਾਖੀ ਵਾਲੇ ਦਿਹਾੜੇ ਤੋਂ ਇੱਕ ਦਿਨ ਪਹਿਲਾਂ, 12 ਅਪਰੈਲ ਨੂੰ ਸ਼ੁੱਕਰਚੱਕੀਆ ਮਿਸਲਦਾਰ ਰਣਜੀਤ ਸਿੰਘ ਨੂੰ ਪੰਜਾਬ ਜਾਂ ਸਰਕਾਰ-ਇ-ਖ਼ਾਲਸਾ ਦੇ ਤਾਜਦਾਰ ਦਾ ਤਿਲਕ, ਮਜ਼ਹਬੀ ਤੇ ਸਮਾਜਿਕ ਤੌਹੀਦ ਦੇ ਪੈਗੰਬਰ ਬਾਬਾ ਨਾਨਕ ਦੇਵ ਦੇ ਵੰਸ਼ਜ਼ ਬਾਬਾ ਸਾਹਿਬ ਸਿੰਘ ਬੇਦੀ ਨੇ ਲਾਇਆ ਸੀ। ਇਸ ਤਾਜਦਾਰ ਨੇ ਧਰਮ ਨਿਰਪੱਖ ਹਕੂਮਤ ਦਾ ਸ਼ਾਨਦਾਰ ਤੇ ਲਾਮਿਸਾਲ ਆਦਰਸ਼ ਕਾਇਮ ਕੀਤਾ। ਸਰਹੱਦੀ ਹੱਦਬੰਦੀਆਂ ਅਤੇ ਸਿਆਸੀ, ਸਮਾਜਿਕ, ਮਜ਼ਹਬੀ ਵਲਗਣਾਂ ਦੇ ਬਾਵਜੂਦ ਹੁਣ ਉਸ ਆਦਰਸ਼ ਨੂੰ ਸੁਰਜੀਤ ਕੀਤੇ ਜਾਣ ਦੀ ਲੋੜ ਹੈ। ਸਾਡਾ ਸਭਨਾਂ ਦਾ ਭਲਾ ਵੀ ਇਸੇ ਵਿੱਚ ਹੀ ਹੈ।