ਬੈਂਸ ਵੱਲੋਂ ਪੁਲਾਂ ਦੀ ਸੁਰੱਖਿਆ ਲਈ ਕਮੇਟੀ ਕਾਇਮ
ਪੱਤਰ ਪ੍ਰੇਰਕ
ਨੂਰਪਰ ਬੇਦੀ, 4 ਫਰਵਰੀ
ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਗਰਾਂ ਅਤੇ ਥਾਨਾ ਪੁਲ ਦੀ ਸੁਰੱਖਿਆ ਅਤੇ ਸਥਿਤੀ ਦੀ ਪੜਤਾਲ ਕਰ ਕੇ ਅਗਲੇ ਦੋ ਦਿਨਾਂ ਵਿੱਚ ਰਿਪੋਰਟ ਦੇਣ ਲਈ ਕਿਹਾ ਹੈ। ਨਿਗਰਾਨ ਇੰਜਨੀਅਰ, ਲੋਕ ਨਿਰਮਾਣ ਵਿਭਾਗ ਅਤੇ ਨਿਗਰਾਨ ਇੰਜਨੀਅਰ ਜਲ ਸਰੋਤ ਵਿਭਾਗ ਪੁਲਾਂ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਆਪਣੀ ਰਿਪੋਰਟ ਕੈਬਨਿਟ ਮੰਤਰੀ ਨੂੰ ਸੌਂਪਣਗੇ। ਕੈਬਨਿਟ ਮੰਤਰੀ ਬੈਂਸ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਕਰਨਾ ਅਤੇ ਸਰਕਾਰੀ ਜਾਇਦਾਦਾਂ ਦੀ ਸੁਚੱਜੀ ਦੇਖ-ਰੇਖ ਨੂੰ ਪ੍ਰਮੁੱਖਤਾ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਧਿਆਨ ਵਿਚ ਆਇਆ ਹੈ ਕਿ ਥਾਨਾ ਅਤੇ ਐਲਗਰਾਂ ਪੁਲਾਂ ਦੀ ਮਜ਼ਬੂਤੀ ਲਈ ਵਿਸ਼ੇਸ਼ ਮੁਰੰਮਤ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪੁਲਾਂ ਦੀ ਮਾੜੀ ਹੋ ਰਹੀ ਹਾਲਤ ਬਾਰੇ ਪਿਛਲੀਆਂ ਸਰਕਾਰਾਂ ਨੇ ਕੋਈ ਧਿਆਨ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ‘ਆਪ’ ਨੇ ਉੱਚ ਪੱਧਰੀ ਕਮੇਟੀ ਕਾਇਮ ਕੀਤੀ ਹੈ, ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਅਗਲੇ ਦੋ ਦਿਨਾਂ ਵਿਚ ਰਿਪੋਰਟ ਪੇਸ਼ ਕਰਨਗੇ, ਜਿਸ ਉਪਰੰਤ ਪੁਲਾਂ ਦੀ ਮਜ਼ਬੂਤੀ ਤੇ ਮੁਰੰਮਤ ਲਈ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਅਤੇ ਗਾਰੰਟੀਆਂ ਪੂਰੀਆਂ ਕਰ ਰਹੀ ਹੈ।