ਬੈਂਸ ਵੱਲੋਂ ਪੰਜ ਨਵੇਂ ਪੁਲ ਬਣਾਉਣ ਦੀ ਅਪੀਲ
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕੇਂਦਰੀ ਕੈਬਨਿਟ ਮੰਤਰੀ ਮਨੋਹਰ ਲਾਲ ਖੱਟਰ ਨੂੰ ਪੱਤਰ ਲਿਖ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਅਧੀਨ ਪੈਂਦੀਆਂ ਨਦੀਆਂ ’ਤੇ 5 ਨਵੇਂ ਪੁਲ ਬਣਾਉਣ ਦੀ ਅਪੀਲ ਕੀਤੀ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਨਿਵਾਸੀਆਂ, ਵਿਸ਼ੇਸ਼ ਤੌਰ ’ਤੇ ਨੰਗਲ, ਕੀਰਤਪੁਰ ਸਾਹਿਬ ਤੇ ਆਨੰਦਪੁਰ ਸਾਹਿਬ ਵਰਗੇ ਖੇਤਰਾਂ ਦੇ ਨਿਵਾਸੀ ਜੋ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਹਨ, ਨੂੰ ਸੜਕੀ ਸੰਪਰਕ ਦੀ ਘਾਟ ਕਾਰਨ ਬੁਨਿਆਦੀ ਢਾਂਚੇ ਦੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਨਵੇਂ ਪੁਲਾਂ ਦੇ ਨਿਰਮਾਣ ਨਾਲ ਨਾ ਸਿਰਫ਼ ਸੜਕੀ ਸੰਪਰਕ ਵਿੱਚ ਸੁਧਾਰ ਹੋਵੇਗਾ ਸਗੋਂ ਇਸ ਖੇਤਰ ਦੇ ਸਰਬਪੱਖੀ ਵਿਕਾਸ ਤੇ ਸੈਰ-ਸਪਾਟੇ ਨੂੰ ਵੀ ਹੁਲਾਰਾ ਮਿਲੇਗਾ। ਕੈਬਨਿਟ ਮੰਤਰੀ ਨੇ ਕੇਂਦਰੀ ਮੰਤਰੀ ਨੂੰ ਸਰਸਾ-ਨੰਗਲ ’ਤੇ ਪੁਲ ਬਣਾਉਣ, ਬ੍ਰਹਮਪੁਰ ਤੇ ਡਰੌਲੀ ਵਿਚਲੇ 60 ਸਾਲ ਪੁਰਾਣੇ ਪੁਲਾਂ ਦੀ ਮੁੜ ਉਸਾਰੀ, ਅਟਾਰੀ ਤੇ ਇਸ ਦੇ ਨਾਲ ਲੱਗਦੇ ਪਿੰਡਾਂ ਲਈ ਪੁਲ ਅਤੇ ਪਿੰਡ ਭਾਓਵਾਲ ਲਈ ਪੁਲ ਬਣਾਉਣ ਦੀ ਮੰਗ ਕੀਤੀ। -ਟਨਸ