ਅੱਗ ਦੀ ਭੇਟ ਚੜ੍ਹੀਆਂ ਪੰਜ ਦੁਕਾਨਾਂ
ਐੱਨ.ਪੀ.ਧਵਨ
ਪਠਾਨਕੋਟ, 23 ਦਸੰਬਰ
ਪਠਾਨਕੋਟ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ’ਤੇ ਬਾਰਠ ਸਾਹਿਬ ਨੇੜੇ ਅੱਡੇ ਵਿੱਚ ਬੀਤੀ ਦੇਰ ਅੱਗ ਲੱਗਣ ਕਾਰਨ ਪੰਜ ਦੁਕਾਨਾਂ ਸੜ ਗਈਆਂ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਵਿਭਾਗ ਦੀਆਂ ਗੱਡੀਆਂ ਅਤੇ ਸਥਾਨਕ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਬੜੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ। ਅੱਗ ਇੰਨੀ ਭਿਆਨਕ ਸੀ ਕਿ 5 ਦੁਕਾਨਾਂ ਵਿੱਚ ਰੱਖਿਆ ਸਾਰਾ ਸਾਮਾਨ ਸੜ ਗਿਆ। ਚੌਕੀਦਾਰ ਵੱਲੋਂ ਇਕ ਦੁਕਾਨ ’ਚ ਰੱਖੇ 11 ਹਜ਼ਾਰ 500 ਰੁਪਏ ਵੀ ਅੱਗ ’ਚ ਸੜ ਗਏ।
ਸਬਜ਼ੀ ਦੀ ਦੁਕਾਨ ਲਗਾਉਣ ਵਾਲੀ ਪੀੜਤ ਸ਼ਰਮੀਲਾ ਦੇਵੀ ਪਤਨੀ ਬੋਧ ਰਾਜ ਵਾਸੀ ਰਾਜਪਰੂਰਾ ਨੇ ਦੱਸਿਆ ਕਿ ਬੀਤੀ ਰਾਤ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਦੁਕਾਨ ’ਚ ਅੱਗ ਲੱਗੀ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੀ ਦੁਕਾਨ ’ਤੇ ਇਕ ਚੌਕੀਦਾਰ ਨੇ ਵੀ 11 ਹਜ਼ਾਰ 500 ਰੁਪਏ ਰੱਖੇ ਹੋਏ ਸਨ, ਜੋ ਇਸ ਅੱਗ ਦੀ ਭੇਟ ਚੜ੍ਹ ਗਏ ਹਨ। ਇਸੇ ਦੁਕਾਨ ਦੇ ਨਾਲ ਅੱਗ ਦੀ ਲਪੇਟ ’ਚ ਆਈ ਜੂਸ ਦੀ ਦੁਕਾਨ ਦੇ ਮਾਲਕ ਰਮਨ ਕੁਮਾਰ ਗੋਰਖਾ ਵਾਸੀ ਨਿਊ ਜਸਵਾਲੀ ਨੇ ਦੱਸਿਆ ਕਿ ਅੱਗ ਕਾਰਨ ਉਸ ਦਾ ਕਰੀਬ 30 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਸ ਤਰ੍ਹਾਂ ਖਾਣ-ਪੀਣ ਦੇ ਸਾਮਾਨ ਦੀ ਦੁਕਾਨ ਦੇ ਮਾਲਕ ਮੰਗੂਰਾਮ ਵਾਸੀ ਪੱਚੋਚੱਕ ਸੁਕਾਲਗੜ੍ਹ ਨੇ ਦੱਸਿਆ ਕਿ ਉਸ ਦਾ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਫਾਸਟ ਫੂਡ ਦੀ ਦੁਕਾਨ ਦੇ ਮਾਲਕ ਦਰਸ਼ਨਪਾਲ ਵਾਸੀ ਜਸਵਾਲੀ ਮੁਤਾਬਕ ਉਸ ਦਾ ਵੀ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇੱਕ ਹੋਰ ਜੂਸ ਦੀ ਦੁਕਾਨ ਕਰਨ ਵਾਲੇ ਸੁੱਖਾ ਵਾਸੀ ਸਰਨਾ ਦਾ ਕਹਿਣਾ ਹੈ ਕਿ ਅੱਗ ਲੱਗਣ ਕਾਰਨ ਉਸ ਦਾ ਵੀ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।