ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ
ਪ੍ਰਿੰ. ਸਰਵਣ ਸਿੰਘ
ਜਸਵੰਤ ਸਿੰਘ ਕੰਵਲ ਨਾਲ ਮੇਰੀ ਗੂੜ੍ਹੀ ਨੇੜਤਾ ਸੀ। ਉਹਦੇ ਕਹਿਣ ’ਤੇ ਮੈਂ ਦਿੱਲੀ ਦਾ ਖ਼ਾਲਸਾ ਕਾਲਜ ਛੱਡ ਕੇ ਢੁੱਡੀਕੇ ਦੇ ਪੇਂਡੂ ਕਾਲਜ ਵਿੱਚ 1967 ਤੋਂ 1996 ਤੱਕ ਪੜ੍ਹਾਇਆ। ਵੀਹ ਸਾਲ ਉਹਦੇ ਗੁਆਂਢ ਰਿਹਾ। ਸ਼ਾਇਦ ਇਸੇ ਕਰ ਕੇ ਪੀਪਲਜ਼ ਫੋਰਮ ਬਰਗਾੜੀ ਵਾਲੇ ਖ਼ੁਸ਼ਵੰਤ ਹੋਰਾਂ ਨੇ ਕੰਵਲ ਦੇ ਸੌਵੇਂ ਜਨਮ ਦਿਵਸ ਮੌਕੇ ਮੈਥੋਂ ਕਿਤਾਬ ਲਿਖਵਾਈ ਸੀ: ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ। 22 ਤੋਂ 24 ਨਵੰਬਰ ਤੱਕ ਢੁੱਡੀਕੇ ’ਚ ਜੁੜ ਰਹੇ ਛੇਵੇਂ ਪੂਰਨਮਾਸ਼ੀ ਮੇਲੇ ਮੌਕੇ ਕੰਵਲ ਦੀਆਂ ਕੁਝ ਗੱਲਾਂ ਕਰਨੀਆਂ ਵਾਜਬ ਹੋਣਗੀਆਂ।
ਕੰਵਲ ਪੰਜਾਬ ਨੂੰ ਦਿਲੋਂ ਪਿਆਰ ਕਰਨ ਵਾਲਾ ਵੇਗਮੱਤਾ ਜਜ਼ਬਾਤੀ ਲੇਖਕ ਸੀ। ਕਈ ਉਸ ਨੂੰ ‘ਪੰਜਾਬ ਦੀ ਪੱਗ’ ਵੀ ਕਹਿੰਦੇ ਹਨ। ਉਹਦੀਆਂ ਲਿਖਤਾਂ ਪਿਆਰ ਮੁਹੱਬਤ ਦੇ ਆਦਰਸ਼ਵਾਦੀ ਰੁਮਾਂਸ ਨਾਲ ਓਤ-ਪੋਤ ਸਨ। ਉਹ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਆਸ਼ਕ ਹੋਣ ਦੇ ਨਾਲ-ਨਾਲ ਪਹਿਰੇਦਾਰ ਵੀ ਸੀ। ਉਹਦੇ ਨਾਵਲਾਂ ਵਿੱਚ ਪੰਜਾਬ ਦਾ ਪੇਂਡੂ ਜੀਵਨ ਪਹਿਲੀ ਵਾਰ ਭਰਵੇਂ ਰੂਪ ’ਚ ਉਜਾਗਰ ਹੋਇਆ। ਜੇ ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਦਾ ਬੋਹੜ ਸੀ ਤਾਂ ਜਸਵੰਤ ਸਿੰਘ ਕੰਵਲ ਸਰੂ ਦਾ ਬੂਟਾ ਸੀ। ਉਹ ਵਗਦੀਆਂ ’ਵਾਵਾਂ ਦੇ ਵੇਗ ਵਿੱਚ ਝੂਮਦਾ। ਕਦੇ ਖੱਬੇ ਲਹਿਰਾਉਂਦਾ, ਕਦੇ ਸੱਜੇ ਤੇ ਕਦੇ ਵਾਵਰੋਲੇ ਵਾਂਗ ਘੁੰਮਦਾ। ਉਹਦਾ ਤਣਾ ਮਜ਼ਬੂਤ ਸੀ ਤੇ ਜੜ੍ਹਾਂ ਡੂੰਘੀਆਂ ਜਿਸ ਕਰ ਕੇ ਝੱਖੜ ਤੂਫ਼ਾਨ ਵੀ ਉਸ ਨੂੰ ਧਰਤੀ ਤੋਂ ਨਾ ਹਿਲਾ ਸਕੇ। ਉਹਦੇ ਰੁਮਾਂਚਕ ਰਉਂ ’ਚ ਲਿਖੇ ਵਾਕ ਸਿੱਧੇ ਦਿਲਾਂ ’ਤੇ ਵਾਰ ਕਰਦੇ। ਉਸ ਨੇ ਹਜ਼ਾਰਾਂ ਸੰਵਾਦ ਰਚੇ ਜੋ ਨੌਜੁਆਨਾਂ ਦੀਆਂ ਡਾਇਰੀਆਂ ਉੱਤੇ ਚੜ੍ਹਦੇ ਰਹੇ।
ਪੁਸਤਕ ‘ਜੀਵਨ ਕਣੀਆਂ’ ਤੋਂ ‘ਧੁਰ ਦਰਗਾਹ’ ਤੱਕ ਪੁੱਜਦਿਆਂ ਕੰਵਲ ਨੇ ਜੀਵਨ ਦੇ ਅਨੇਕ ਰੰਗ ਦੇਖੇ ਤੇ ਪਾਠਕਾਂ ਨੂੰ ਦਿਖਾਏ। ਚੜ੍ਹਦੀ ਜਵਾਨੀ ਵਿੱਚ ਉਹ ਹੀਰ ਗਾਉਂਦਾ, ਕਵਿਤਾ ਲਿਖਦਾ, ਸਾਧਾਂ ਸੰਤਾਂ ਤੇ ਵੈਲੀਆਂ ਬਦਮਾਸ਼ਾਂ ਦੀ ਸੰਗਤ ਕਰਦਾ, ਵੇਦਾਂਤ ਤੇ ਮਾਰਕਸਵਾਦ ਪੜ੍ਹਦਾ, ਸੱਜੇ ਖੱਬੇ ਦੇ ਕਾਮਰੇਡਾਂ ਤੇ ਨਕਸਲੀਆਂ ਦਾ ਹਮਦਰਦ ਬਣਦਾ, ਪ੍ਰੋ. ਕਿਸ਼ਨ ਸਿੰਘ ਦੇ ਨਿਤਾਰੇ ਮਾਰਕਸੀ ਨਜ਼ਰੀਏ ਤੋਂ ਸਿੱਖ ਇਨਕਲਾਬ ਵੱਲ ਮੋੜਾ ਪਾਉਂਦਾ, ਸਿੱਖ ਹੋਮਲੈਂਡ ਦਾ ਸਮਰਥਨ ਕਰਦਾ, ਖਾੜਕੂਆਂ ਦਾ ਹਮਦਰਦ ਬਣ ਗਿਆ। ਸਿਆਸਤਦਾਨਾਂ ਨੂੰ ਖੁੱਲ੍ਹੀਆਂ ਚਿੱਠੀਆਂ ਲਿਖਦਾ ਪੰਥ-ਪੰਥ ਤੇ ਪੰਜਾਬ-ਪੰਜਾਬ ਕੂਕਣ ਲੱਗ ਪਿਆ। ਅਖ਼ੀਰ ਉਹ ‘ਪੰਜਾਬ ਤੇਰਾ ਕੀ ਬਣੂ?’ ਦੇ ਝੋਰੇ ਝੂਰਨ ਲੱਗ ਪਿਆ। ਕੋਈ ਹਾਲ ਚਾਲ ਪੁੱਛਦਾ ਤਾਂ ਆਖਦਾ, “ਮੇਰਾ ਤਾਂ ਚੰਗਾ ਪਰ ਪੰਜਾਬ ਦਾ ਮਾੜੈ।”
ਪੰਜ ਜਨਵਰੀ 2019 ਨੂੰ ਮੈਂ ਕੈਨੇਡਾ ਤੋਂ ਮਿਲਣ ਗਿਆ ਤਾਂ ਉਹ ਇਹੋ ਸ਼ਿਅਰ ਦੁਹਰਾਈ ਗਿਆ: ਹਮ ਜੋ ਗਏ ਤੋ ਰਾਹ ਗੁਜ਼ਰ ਨਾ ਥੀ, ਤੁਮ ਜੋ ਆਏ ਤੋ ਮੰਜ਼ਿਲੇਂ ਲਾਏਂ...
ਰਾਤ ਮੈਂ ਉਹਦੇ ਕੋਲ ਰਿਹਾ। ਸਵੇਰੇ ਉਹਦੀ ਹੱਥ ਲਿਖਤ ਦੀ ਨਿਸ਼ਾਨੀ ਵਜੋਂ ਕਾਗਜ਼ ਮੇਜ਼ ਤੋਂ ਚੁੱਕ ਲਿਆ ਜੋ ਉਸ ਨੇ ਤਾਜ਼ਾ ਹੀ ਲਿਖਿਆ ਸੀ। ਇਹ ਪੁਰਾਣੇ ਪੈਡ ਦਾ ਅੱਧਾ ਵਰਕਾ ਸੀ। ਮੈਂ ਤਹਿ ਕਰ ਕੇ ਬਟੂਏ ’ਚ ਪਾ ਲਿਆ। ਉਸ ਉੱਤੇ ਲਿਖੀ ਪਹਿਲੀ ਸਤਰ ਸੀ: ਕਾਲੀ ਗਾਨੀ ਮਿੱਤਰਾਂ ਦੀ, ਗਲ ਪਾ ਕੇ ਲੱਖਾਂ ਦੀ ਹੋ ਜਾਹ। ਦੂਜੀ ਸਤਰ ਸੀ: ਛੋਟੀਆਂ ਲੜਾਈਆਂ ਬੰਦ। ਚੜ੍ਹਦੀ ਕਲਾ ਬੁਲੰਦ! ਤੇ ਤੀਜੀ ਸਤਰ ਸੀ: ਸ਼ਕਤੀ ਬੰਦੇ ਨੂੰ ਲਲਕਾਰਦੀ ਹੈ; ਤੇਰੀ ਆਈ ਮੈਂ ਮਰ ਜਾਂ, ਤੇਰਾ ਵਾਲ ਵਿੰਗਾ ਨਾ ਹੋਵੇ। ਕਾਗਜ਼ ਦੇ ਦੋਹੀਂ ਪਾਸੀਂ ਵੀਹ ਕੁ ਸਤਰਾਂ ਸਨ ਜਿਨ੍ਹਾਂ ਦਾ ਇੱਕ ਦੂਜੀ ਨਾਲ ਕੋਈ ਤਾਲਮੇਲ ਨਹੀਂ ਸੀ।
ਉਸ ਨੂੰ ਲਿਖਣ ਦੀ ਪ੍ਰੇਰਨਾ ਗੁਰਬਾਣੀ, ਵਾਰਿਸ ਦੀ ਹੀਰ, ਸੂਫ਼ੀ ਕਵਿਤਾ ਤੇ ਲੋਕ ਗੀਤਾਂ ਤੋਂ ਮਿਲੀ ਸੀ। ਉਹ ਪ੍ਰੋ. ਪੂਰਨ ਸਿੰਘ, ਵਿਕਟਰ ਹਿਊਗੋ, ਚਾਰਲਸ ਡਿਕਨਜ਼, ਬਾਲਜ਼ਾਕ, ਟਾਲਸਟਾਏ ਆਦਿ ਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਇਆ। ਦਸਵੀਂ ’ਚ ਅੜ ਗਿਆ ਸੀ ਪਰ ਲਿਖਣ ’ਚ ਏਨਾ ਚੱਲਿਆ ਕਿ ਉਸ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਡੀਲਿੱਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਆ। ਉਸ ਨੇ ਢੁੱਡੀਕੇ ਦੀ ਸਰਪੰਚੀ ਤੋਂ ਲੈ ਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੀ ਜਨਰਲ ਸਕੱਤਰੀ, ਪ੍ਰਧਾਨਗੀ ਤੇ ਸਰਪ੍ਰਸਤੀ ਕੀਤੀ। ਪੰਜਾਬੀ ਕਨਵੈਨਸ਼ਨਾਂ ਦਾ ਕਨਵੀਨਰ ਰਿਹਾ। ਇੰਗਲੈਂਡ ਵਿੱਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਾਉਣ ਦਾ ਮੁੱਖ ਪ੍ਰੇਰਕ ਬਣਿਆ। ਪੰਜਾਬੀ ਨੂੰ ਦੇਵਨਾਗਰੀ ਲਿੱਪੀ ਵਿੱਚ ਲਿਖਣ ਅਤੇ ਹਿੰਦੀ ਸੰਸਕ੍ਰਿਤ ਦੀ ਸ਼ਬਦਾਵਲੀ ’ਚ ਖੱਚਤ ਹੋਣ ਤੋਂ ਬਚਾਉਣ ਦਾ ਧੜੱਲੇਦਾਰ ਬੁਲਾਰਾ ਹੋ ਨਿਬੜਿਆ। ਉਹ ਭਾਸ਼ਾ ਵਿਭਾਗ ਪੰਜਾਬ ਦੇ ਬੋਰਡ ਦਾ ਸਲਾਹਕਾਰ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਰਿਹਾ। ਸਾਹਿਤ ਟਰੱਸਟ ਢੁੱਡੀਕੇ ਤਾਂ ਸੀ ਹੀ ਉਹਦਾ।
1940 ਦੀ ਲਿਖੀ ਉਹਦੀ ਪਹਿਲੀ ਪੁਸਤਕ ‘ਜੀਵਨ ਕਣੀਆਂ’ 1943 ਵਿੱਚ ਛਪੀ ਤੇ ਅਖ਼ੀਰਲੀ ‘ਧੁਰ ਦਰਗਾਹ’ 2017 ’ਚ ਛਪੀ। ਅੱਸੀ ਕੁ ਸਾਲਾਂ ਦੇ ਅਰਸੇ ਵਿੱਚ ਉਹਦੀਆਂ ਅੱਸੀ ਕੁ ਪੁਸਤਕਾਂ ਪ੍ਰਕਾਸ਼ਿਤ ਹੋਈਆਂ। ਉਨ੍ਹਾਂ ਵਿੱਚੋਂ ਤੀਹਾਂ ਤੋਂ ਵੱਧ ਤਾਂ ਨਾਵਲ ਹਨ। ਦਰਜਨ ਤੋਂ ਵੱਧ ਕਹਾਣੀ ਸੰਗ੍ਰਹਿ, ਕੁਝ ਰੇਖਾ ਚਿੱਤਰ ਸੰਗ੍ਰਹਿ, ਜੀਵਨ ਯਾਦਾਂ, ਕਾਵਿ ਸੰਗ੍ਰਹਿ ਅਤੇ ਕੁਝ ਲੇਖ ਸੰਗ੍ਰਹਿ। ਪੰਜਾਬੀ ਲੇਖਕਾਂ ’ਚੋਂ ਉਹ ਸਭ ਤੋਂ ਵੱਧ ਪੜ੍ਹਿਆ ਗਿਆ। ਉਹਦੇ ਪਾਤਰਾਂ ਤੋਂ ਬੁਲਾਏ ਸੰਵਾਦਾਂ ਦੀ ਗਿਣਤੀ ਪੰਜਾਹ ਹਜ਼ਾਰ ਤੋਂ ਵੱਧ ਹੋਵੇਗੀ। ਉਹਦੀ ਕਲਮ ਨੇ ਪੰਜਾਹ ਲੱਖ ਤੋਂ ਵੱਧ ਲਫ਼ਜ਼ ਲਿਖੇ। ਪਾਠਕਾਂ ਨੂੰ ਲਿਖੀਆਂ ਚਿੱਠੀਆਂ ਇਕੱਠੀਆਂ ਕਰ ਲਈਆਂ ਜਾਣ ਤਾਂ ਅਸਲੀ ਤੇ ਵੱਡੀ ਹੀਰ ਵਰਗਾ ਚਿੱਠਾ ਬਣ ਸਕਦਾ ਹੈ!
ਉਹਦੇ ਨਾਵਲਾਂ ਤੇ ਕੁਝ ਲੇਖ ਸੰਗ੍ਰਹਿਆਂ ਦੇ ਦਰਜਨ ਤੋਂ ਵੱਧ ਐਡੀਸ਼ਨ ਛਪੇ; ਕਿਤਾਬਾਂ ਦੀਆਂ ਕੁੱਲ ਕਾਪੀਆਂ ਦਸ ਲੱਖ ਤੋਂ ਵੀ ਵੱਧ ਛਪੀਆਂ ਹੋਣਗੀਆਂ। ਇੱਕ ਕਾਪੀ ਦੀ ਰਾਇਲਟੀ ਦਸ ਵੀਹ ਰੁਪਏ ਵੀ ਮਿਲੀ ਹੋਵੇ ਤਾਂ ਲਾ ਲਓ ਹਿਸਾਬ ਕਿੰਨੀ ਰਾਇਲਟੀ ਮਿਲੀ? ਜਿਹੜੇ ਕਹਿੰਦੇ ਨੇ ਕਿ ਪੰਜਾਬੀ ’ਚ ਲਿਖਣਾ ਖ਼ਾਕ ਛਾਨਣਾ ਹੈ, ਕੰਵਲ ਨੂੰ ਪੁੱਛਦੇ ਕਿਤਾਬਾਂ ਲਿਖ ਕੇ ਕਿੰਨਾ ਖੱਟਿਆ!
ਭਾਸ਼ਾ ਵਿਭਾਗ ਪੰਜਾਬ ਨੇ 1977-78 ਵਿੱਚ ਉਹਦੀ ਪੁਸਤਕ ‘ਲਹੂ ਦੀ ਲੋਅ’ ਨੂੰ ਇਨਾਮ ਐਲਾਨਿਆ ਤਾਂ ਉਸ ਨੇ ਠੁਕਰਾ ਦਿੱਤਾ ਸੀ। ਕਿਹਾ ਸੀ, ਜਿਹੜੀ ਸਰਕਾਰ ‘ਲਹੂ ਦੀ ਲੋਅ’ ਦੇ ਨਾਇਕਾਂ ਦੀ ਕਾਤਲ ਹੈ, ਉਹਦਾ ਇਨਾਮ ਮੈਂ ਕਿਵੇਂ ਲੈ ਸਕਦਾ ਹਾਂ? ਪਰ ਬਾਅਦ ਵਿੱਚ ਉਸ ਨੇ ਭਾਸ਼ਾ ਵਿਭਾਗ ਦੇ ਅਨੇਕ ਮਾਣ-ਸਨਮਾਨ ਪ੍ਰਾਪਤ ਕੀਤੇ। 1990 ਵਿੱਚ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਪੁਰਸਕਾਰ ਅਤੇ 1997 ਵਿੱਚ ਭਾਰਤੀ ਸਾਹਿਤ ਅਕਾਦਮੀ ਦੇ ਇਨਾਮ ਮਿਲੇ। 1997 ਵਿੱਚ ਹੀ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਨੇ ਉਸ ਨੂੰ ਸਰਬ ਸ਼੍ਰੇਸ਼ਟ ਸਾਹਿਤਕਾਰ ਪੁਰਸਕਾਰ ਦਿੱਤਾ। 2000 ਵਿੱਚ ਗਿਆਨੀ ਲਾਲ ਸਿੰਘ ਯਾਦਗਾਰੀ ਪੁਰਸਕਾਰ ਅਤੇ ਸੰਤ ਸਿੰਘ ਸੇਖੋਂ ਯਾਦਗਾਰੀ ਇਨਾਮ ਮਿਲੇ। ਫਿਰ ਭਾਸ਼ਾ ਵਿਭਾਗ ਦਾ ਸਾਹਿਤ ਰਤਨ ਅਤੇ ਸਾਹਿਤ ਅਕਾਦਮੀ ਦਿੱਲੀ ਰਾਹੀਂ ਟੈਗੋਰ ਯਾਦਗਾਰੀ ਇਨਾਮ। ਉਹਦੇ ਸੌਵੇਂ ਜਨਮ ਦਿਨ ’ਤੇ ਪੰਜਾਬ ਕਲਾ ਪਰਿਸ਼ਦ ਨੇ ਪੰਜਾਬ ਗੌਰਵ ਦਾ ਸਨਮਾਨ ਦਿੱਤਾ। ਦੇਸ਼ ਵਿਦੇਸ਼ ਦੀਆਂ ਸਾਹਿਤ ਸਭਾਵਾਂ ਤੇ ਸੰਸਥਾਵਾਂ ਵੱਲੋਂ ਮਿਲੇ ਮਾਣ-ਸਨਮਾਨਾਂ ਦਾ ਕੋਈ ਲੇਖਾ ਨਹੀਂ। ਉਂਝ ਉਹ ਆਪਣਾ ਸਭ ਤੋਂ ਵੱਡਾ ਸਨਮਾਨ ਆਪਣੇ ਪਾਠਕਾਂ ਤੋਂ ਹੋਇਆ ਮੰਨਦਾ ਸੀ।
ਕੰਵਲ ਦੀ ਵਿਚਾਰਧਾਰਾ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਪਰ ਸਾਰੇ ਮੰਨਦੇ ਹਨ ਕਿ ਉਸ ਨੇ ਸਭ ਤੋਂ ਵੱਧ ਪਾਠਕ ਪੈਦਾ ਕੀਤੇ। ਕਦੇ ਉਸ ਨੂੰ ‘ਪੂਰਨਮਾਸ਼ੀ’ ਵਾਲਾ ਕੰਵਲ, ਕਦੇ ‘ਰਾਤ ਬਾਕੀ ਹੈ’ ਵਾਲਾ ਤੇ ਕਦੇ ‘ਲਹੂ ਦੀ ਲੋਅ’ ਵਾਲਾ ਲੇਖਕ ਕਹਿ ਕੇ ਵਡਿਆਇਆ ਜਾਂਦਾ ਰਿਹਾ। ਕਦੇ ਉਸ ਨੂੰ ਪੰਜਾਬ ਦੇ ਪੇਂਡੂ ਜੀਵਨ, ਖ਼ਾਸ ਕਰ ਕੇ ਕਿਸਾਨੀ ਜੀਵਨ ਦਾ ਮੋਢੀ ਨਾਵਲਕਾਰ ਕਿਹਾ ਗਿਆ। ਉਸ ਨੇ ਮਲਾਇਆ ਵਿੱਚ ਜਾਗੇ ਦੀ ਨੌਕਰੀ, ਸ਼੍ਰੋਮਣੀ ਕਮੇਟੀ ਦੀ ਕਲਰਕੀ ਅਤੇ ਘਰ ਦੀ ਖੇਤੀ ਵਾਹੀ ਕੀਤੀ।
27 ਜੂਨ 2019 ਨੂੰ ਕੰਵਲ ਸੌ ਸਾਲਾਂ ਦਾ ਹੋ ਗਿਆ ਸੀ। ਇਹ ਕਿਸੇ ਨਾਮੀ ਲੇਖਕ ਦੀ ਲੰਮੀ ਉਮਰ ਦਾ ਵਿਸ਼ਵ ਰਿਕਾਰਡ ਸੀ।
ਕੰਵਲ ਨੇ ਪਾਠਕ ਹੀ ਨਹੀਂ, ਲੇਖਕ ਵੀ ਬਣਾਏ। ਜਿਵੇਂ ਸੰਸਾਰਪੁਰ ਨੂੰ ਹਾਕੀ ਖਿਡਾਰੀਆਂ ਦਾ ਪਿੰਡ ਕਿਹਾ ਜਾਂਦਾ, ਉਵੇਂ ਢੁੱਡੀਕੇ ਨੂੰ ਲਿਖਾਰੀਆਂ ਦਾ ਪਿੰਡ ਕਿਹਾ ਜਾ ਸਕਦਾ ਹੈ। ਢੁੱਡੀਕੇ ਨਾਲ ਸਬੰਧਿਤ ਬਥੇਰੇ ਲੇਖਕ ਬਣੇ। ਕੰਵਲ, ਡਾ. ਜਸਵੰਤ ਗਿੱਲ, ਦਰਸ਼ਨ ਗਿੱਲ, ਡਾ. ਅਜੀਤ ਸਿੰਘ, ਹਰੀ ਸਿੰਘ ਢੁੱਡੀਕੇ, ਨਰਿੰਦਰਪਾਲ ਸ਼ਰਮਾ, ਜੋਗਿੰਦਰ ਨਹਿਰੂ, ਪ੍ਰੋ. ਕੰਵਲਜੀਤ ਸਿੰਘ, ਅਮਰਜੀਤ ਸਿੰਘ, ਪ੍ਰਮਿੰਦਰ ਰਮਨ, ਮਾਸਟਰ ਗੁਰਚਰਨ ਸਿੰਘ, ਅੱਛਰ ਸਿੰਘ, ਪਰਵਿੰਦਰ ਗੋਗੀ ਤੇ ਸਤਿਨਾਮ ਸਿੰਘ ਸੰਦੇਸ਼ੀ ਸਭ ਢੁੱਡੀਕੇ ਦੇ ਹਨ/ਸਨ। ਢੁੱਡੀਕੇ ਕਵੀ ਦਰਬਾਰ ਲੱਗਦੇ ਤੇ ਗੋਸ਼ਟੀਆਂ ਹੁੰਦੀਆਂ। ਪਾਠਕ, ਲੇਖਕ ਤੇ ਪ੍ਰਕਾਸ਼ਕ ਕੰਵਲ ਨੂੰ ਮਿਲਣ ਆਉਂਦੇ। ਕੰਵਲ ਕਰ ਕੇ ਢੁੱਡੀਕੇ ਸਾਹਿਤਕ ਸਰਗਰਮੀਆਂ ਦਾ ਗੜ੍ਹ ਰਿਹਾ ਜਿਸ ਨਾਲ ਨਵੇਂ ਲੇਖਕਾਂ ਨੂੰ ਕਾਫ਼ੀ ਕੁਝ ਸਿੱਖਣ ਦੇ ਮੌਕੇ ਮਿਲੇ। ਕੰਵਲ ਨੇ ਆਪ ਅੱਸੀ ਵਰ੍ਹੇ ਲਿਖਣ ਨਾਲ ਘੱਟੋ-ਘੱਟ ਅੱਸੀ ਲੇਖਕਾਂ ਨੂੰ ਲਿਖਣ ਦੀ ਜਾਗ ਵੀ ਲਾਈ। ਬਾਕੀ ਗੱਲਾਂ ਪੂਰਨਮਾਸ਼ੀ ਜੋੜ ਮੇਲੇ ’ਚ ਕਰਾਂਗੇ।
ਸੰਪਰਕ: principalsarwanisngh@gmail.com