ਸੰਵਿਧਾਨ ਬਚਾਉਣ ਲਈ ‘ਇੰਡੀਆ’ ਦਾ ਸਾਥ ਦੇਵੇ ਬਹੁਜਨ ਸਮਾਜ: ਅਖਿਲੇਸ਼
ਗਾਜ਼ੀਪੁਰ, 27 ਮਈ
ਸਮਾਜਵਾਦੀ ਪਾਰਟੀ (ਸਪਾ) ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਅਤੇ ਬਸਪਾ ਨੇ ਅੰਦਰਖਾਤੇ ਹੱਥ ਮਿਲਾ ਲਏ ਹਨ। ਉਨ੍ਹਾਂ ਮਾਇਆਵਤੀ ਦੀ ਪਾਰਟੀ ਦਾ ਸਮਰਥਨ ਕਰਨ ਵਾਲੇ ਐੱਸਸੀ, ਐੱਸਟੀ ਤੇ ਓਬੀਸੀ ਭਾਈਚਾਰਿਆਂ ਦੇ ਵੋਟਰਾਂ ਨੂੰ ਇਸ ਵਾਰ ‘ਸੰਵਿਧਾਨ ਬਚਾਉਣ’ ਲਈ ‘ਇੰਡੀਆ’ ਗੱਠਜੋੜ ਨੂੰ ਸਮਰਥਨ ਦੇਣ ਦੀ ਅਪੀਲ ਕੀਤੀ। ਇੱਥੇ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਯਾਦਵ ਨੇ ਕਿਹਾ ਕਿ ਸਿਰਫ਼ ਉੱਤਰ ਪ੍ਰਦੇਸ਼ ਹੀ ਭਾਜਪਾ ਖ਼ਿਲਾਫ਼ ਵੋਟ ਪਾ ਕੇ ਦੇਸ਼ ਬਚਾ ਸਕਦਾ ਹੈ। ਉਨ੍ਹਾਂ ਕਿਹਾ, ‘‘ਇਹ ਚੋਣ ਸਾਡਾ ਭਵਿੱਖ ਬਚਾਉਣ ਦੇ ਨਾਲ ਸੰਵਿਧਾਨ ਬਚਾਉਣ ਬਾਰੇ ਵੀ ਹੈ। ਸੰਵਿਧਾਨ ਸਾਨੂੰ ਸਨਮਾਨ ਦਿੰਦਾ ਹੈ ਅਤੇ ਸਾਡੇ ਅਧਿਕਾਰਾਂ ਦੀ ਰੱਖਿਆ ਕਰਦਾ ਹੈ।’’ ਸਾਬਕਾ ਮੁੱਖ ਮੰਤਰੀ ਨੇ ਕਿਹਾ, ‘‘ਦੇਖਿਆ ਜਾ ਰਿਹਾ ਹੈ ਕਿ ਭਾਜਪਾ ਤੇ ਬਸਪਾ ਨੇ ਅੰਦਰਖਾਤੇ ਹੱਥ ਮਿਲਾ ਲਿਆ ਹੈ। ਅਸੀਂ ‘ਬਹੁਜਨ ਸਮਾਜ’ ਦੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਇਹ ਚੋਣ ਡਾਕਟਰ ਅੰਬੇਡਕਰ ਦਾ ਸੰਵਿਧਾਨ ਬਚਾਉਣ ਲਈ ਵੀ ਹੈ। ਇਸ ਲਈ ‘ਇੰਡੀਆ’ ਗੱਠਜੋੜ ਦਾ ਸਾਥ ਦਿਓ।’’ -ਪੀਟੀਆਈ