ਬਹਿਰਾਈਚ: ਦੁਕਾਨਾਂ ਖ਼ਾਲੀ ਕਰਨ ਲੱਗੇ ਦੁਕਾਨਦਾਰ
ਲਖਨਊ/ਬਹਿਰਾਈਚ, 19 ਅਕਤੂਬਰ
ਉੱਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲ੍ਹੇ ਦੀ ਮਹਿਸੀ ਤਹਿਸੀਲ ਦੇ ਹਿੰਸਾ ਪ੍ਰਭਾਵਿਤ ਮਹਾਰਾਜਗੰਜ ਇਲਾਕੇ ਵਿੱਚ ਪ੍ਰਸ਼ਾਸਨ ਵੱਲੋਂ ਕਬਜ਼ਾ ਛੁਡਾਊ ਮੁਹਿੰਮ ਵਿੱਢਣ ਦੇ ਮੱਦੇਨਜ਼ਰ ਦੁਕਾਨਦਾਰ ਦੁਕਾਨਾਂ ਖ਼ਾਲੀ ਕਰਨ ਲੱਗੇ ਹਨ। ਲੋਕ ਨਿਰਮਾਣ ਵਿਭਾਗ ਨੇ 23 ਦੁਕਾਨਾਂ ਨੂੰ ਢਾਹੁਣ ਦੇ ਨੋਟਿਸ ਜਾਰੀ ਕੀਤੇ ਹਨ, ਜਿਨ੍ਹਾਂ ਵਿੱਚੋਂ 20 ਮੁਸਲਮਾਨ ਹਨ। ਮਹਿਸੀ ਤੋਂ ਭਾਜਪਾ ਵਿਧਾਇਕ ਸੁਰੇਸ਼ਵਰ ਸਿੰਘ ਨੇ ਘਟਨਾਕ੍ਰਮ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਜੋ ਲੋਕ ਆਪਣੀਆਂ ਦੁਕਾਨਾਂ ਖ਼ਾਲੀ ਨਹੀਂ ਕਰਨਗੇ, ਉਨ੍ਹਾਂ ਖ਼ਿਲਾਫ਼ ਪ੍ਰਸ਼ਾਸਨ ਕਾਰਵਾਈ ਕਰੇਗਾ। ਉਨ੍ਹਾਂ ਕਿਹਾ ਕਿ ਨਿਰਾਧਾਰਿਤ ਮਾਪਦੰਡਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਹੋਵੇਗੀ ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਣ। ਹਾਲਾਂਕਿ, ਉੱਤਰ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਮਾਤਾ ਪ੍ਰਸਾਦ ਪਾਂਡੇ ਨੇ ਘਟਨਾ ਦੀ ਉੱਚ ਪੱਧਰੀ ਨਿਆਂਇਕ ਜਾਂਚ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਲ੍ਹਾ ਅਧਿਕਾਰੀ ਮੋਨਿਕਾ ਰਾਣੀ ਨੇ ਦੱਸਿਆ, ‘‘ਮਹਾਰਾਜਗੰਜ ਵਿੱਚ ਸੜਕ ਚੌੜੀ ਕਰਨ ਦਾ ਕੰਮ ਕੀਤਾ ਜਾਣਾ ਹੈ, ਇਸ ਲਈ ਕਬਜ਼ੇ ਹਟਾਉਣ ਲਈ ਕਾਰਵਾਈ ਕੀਤੀ ਜਾਵੇਗੀ।’’ ਬਹਿਰਾਈਚ ਵਿੱਚ ਐਤਵਾਰ ਨੂੰ ਦੁਰਗਾ ਪੂਜਾ ਸ਼ੋਭਾ ਯਾਤਰਾ ਮੌਕੇ ਧਾਰਮਿਕ ਸਥਾਨ ਦੇ ਬਾਹਰ ਤੇਜ਼ ਆਵਾਜ਼ ’ਚ ਸੰਗੀਤ ਚਲਾਉਣ ਕਾਰਨ ਹਿੰਸਾ ਭਖ਼ ਗਈ ਸੀ, ਜਿਸ ਵਿੱਚ ਰਾਮ ਗੋਪਾਲ ਮਿਸ਼ਰਾ (22) ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। -ਪੀਟੀਆਈ
ਸਮਾਜਵਾਦੀ ਪਾਰਟੀ ਦੇ ਨੇਤਾ ਨੂੰ ਬਹਿਰਾਈਚ ਜਾਣ ਤੋਂ ਰੋਕਿਆ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਤੇ ਸਮਾਜਵਾਦੀ ਪਾਰਟੀ ਦੇ ਸੀਨੀਅਰ ਆਗੂ ਮਾਤਾ ਪ੍ਰਸਾਦ ਪਾਂਡੇ ਨੇ ਅੱਜ ਘਟਨਾ ਸਥਾਨ ਦਾ ਦੌਰਾਨ ਕਰਨ ਲਈ ਬਹਿਰਾਈਚ ਰਵਾਨਾ ਹੋਣ ਵਾਲੇ ਸੀ ਪਰ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ, ਜਿਸ ਦੀ ਅਗਾਊ ਸੂਚਨਾ ਉਨ੍ਹਾਂ ਨੂੰ ਲਖਨਊ ਵਿੱਚ ਹੀ ਦੇ ਦਿੱਤੀ ਗਈ।