ਬਹਿਰਾਈਚ ਹਿੰਸਾ: ਪੁਲੀਸ ਮੁਕਾਬਲੇ ਤੋਂ ਬਾਅਦ ਪੰਜ ਮਸ਼ਕੂਕ ਕਾਬੂ
ਬਹਿਰਾਈਚ (ਉੱਤਰ ਪ੍ਰਦੇਸ਼), 17 ਅਕਤੂਬਰ
ਪੁਲੀਸ ਨੇ ਬਹਿਰਾਈਚ ਹਿੰਸਾ ਮਾਮਲੇ ਵਿਚ ਪੰਜ ਸ਼ੱਕੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਸ਼ੱਕੀਆਂ ਦਾ ਉਤਰ ਪ੍ਰਦੇਸ਼ ਤੇ ਨੇਪਾਲ ਸਰਹੱਦ ’ਤੇ ਪੁਲੀਸ ਮੁਕਾਬਲਾ ਹੋਇਆ ਜਿਸ ਵਿਚ ਦੋ ਜਣੇ ਜ਼ਖ਼ਮੀ ਹੋ ਗਏ ਤੇ ਇਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਹਿਰਾਈਚ ਹਿੰਸਾ ਮਾਮਲੇ ਦੇ ਸ਼ੱਕੀ ਨੇਪਾਲ ਭੱਜਣ ਦੀ ਫਿਰਾਕ ਵਿਚ ਸਨ। ਵਧੀਕ ਡਾਇਰੈਕਟਰ ਜਨਰਲ ਆਫ ਪੁਲੀਸ (ਕਾਨੂੰਨ ਵਿਵਸਥਾ) ਅਮਿਤਾਭ ਯਸ਼ ਨੇ ਦੱਸਿਆ, ‘ਬਹਿਰਾਈਚ ਹਿੰਸਾ ਮਾਮਲੇ ਵਿਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।’ ਉੱਤਰ ਪ੍ਰਦੇਸ਼ ਪੁਲੀਸ ਦੀ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਨੇ ਕਿਹਾ ਕਿ ਇਨ੍ਹਾਂ ਸ਼ੱਕੀਆਂ ਦੀ ਨੇਪਾਲ ਵਿਚ ਮਦਦ ਕਰਨ ਵਾਲੇ ਦੀ ਪਛਾਣ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਮੁਕਾਬਲੇ ਵਿਚ ਦੋ ਜਣਿਆਂ ਨੂੰ ਗੋਲੀ ਲੱਗੀ ਹੈ ਜਿਨ੍ਹਾਂ ਦੀ ਹਾਲਤ ਸਥਿਰ ਹੈ। ਪੁਲੀਸ ਦੇ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮੁਹੰਮਦ ਫਹੀਨ, ਮੁਹੰਮਦ ਸਰਫਰਾਜ਼ ਅਤੇ ਅਬਦੁਲ ਹਮੀਦ ਵਜੋਂ ਹੋਈ ਹੈ ਜਿਨ੍ਹਾਂ ਦੇ ਨਾਂ ਐਫਆਈਆਰ ਵਿੱਚ ਦਰਜ ਹਨ ਜਦਕਿ ਦੋ ਹੋਰਾਂ ਦੀ ਪਛਾਣ ਮੁਹੰਮਦ ਤਲੀਮ ਉਰਫ਼ ਸਬਲੂ ਅਤੇ ਮੁਹੰਮਦ ਅਫਜ਼ਲ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਫਹੀਨ ਅਤੇ ਤਲੀਮ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ।
ਯੋਗੀ ਆਦਿਤਿਆਨਾਥ ਸਰਕਾਰ ਨੇ ਢੁਕਵੇਂ ਸੁਰੱਖਿਆ ਪ੍ਰਬੰਧ ਨਹੀਂ ਕੀਤੇ: ਅਖਿਲੇਸ਼
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਬਹਿਰਾਈਚ ਵਿੱਚ ਹਿੰਸਾ ਦੇ ਮਾਮਲੇ ’ਤੇ ਸੂਬਾ ਸਰਕਾਰ ਤੇ ਸਥਾਨਕ ਪ੍ਰਸ਼ਾਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਯੋਗੀ ਆਦਿਤਿਆਨਾਥ ਸਰਕਾਰ ਨੇ ਇੰਨੇ ਵੱਡੇ ਸਮਾਗਮ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਜਿਸ ਕਾਰਨ ਹਿੰਸਾ ਭੜਕੀ। -ਪੀਟੀਆਈ