ਬਹਿਰਾਈਚ: ਤੀਜੇ ਦਿਨ ਵੀ ਮੋਬਾਈਲ ਇੰਟਰਨੈੱਟ ਸੇਵਾਵਾਂ ਠੱਪ
ਬਹਿਰਾਈਚ, 16 ਅਕਤੂਬਰ
ਬਹਿਰਾਈਚ ਦੇ ਹਿੰਸਾ ਪ੍ਰਭਾਵਿਤ ਮਹਾਰਾਜਗੰਜ ਕਸਬੇ ਅਤੇ ਉਸ ਦੇ ਨੇੜਲੇ ਇਲਾਕੇ ਵਿੱਚ ਅੱਜ ਲਗਾਤਾਰ ਤੀਜੇ ਦਿਨ ਵੀ ਮੋਬਾਈਲ ਇੰਟਰਨੈੱਟ ਅਤ ਬ੍ਰਾਂਡਬੈਂਡ ਸੇਵਾਵਾਂ ਠੱਪ ਰਹੀਆਂ, ਜਿਸ ਕਾਰਨ ਰੋਜ਼-ਮਰ੍ਹਾ ਦੀ ਜ਼ਿੰਦਗੀ ਅਤੇ ਕਾਰੋਬਾਰ ਪ੍ਰਭਾਵਿਤ ਹੋਇਆ। ਇੱਕ ਅਧਿਕਾਰੀ ਨੇ ਦੱਸਿਆ ਕਿ ਹਾਲਾਂਕਿ ਇਲਾਕੇ ਵਿੱਚ ਹਾਲਾਤ ਆਮ ਵਾਂਗ ਹੋਣੇ ਸ਼ੁਰੂ ਹੋ ਗਏ ਹਨ ਅਤੇ ਮੰਗਲਾਵਾਰ ਤੋਂ ਕੋਈ ਅਣਸੁਖਾਵੀਂ ਘਟਨਾ ਸਾਹਮਣੇ ਨਹੀਂ ਆਈ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੇਪਾਲ ਨਾਲ ਲੱਗਦੀ ਕੌਮਾਂਤਰੀ ਸਰਹੱਦ ਸਾਂਝੀ ਕਰਨ ਵਾਲੇ ਬਹਿਰਾਈਚ ਵਿੱਚ ਹਾਲਾਤ ਦੇ ਮੱਦੇਨਜ਼ਰ ਸਸ਼ਤਰ ਸੀਮਾ ਬਲ (ਐੱਸਐੱਸਬੀ) ਨੇ ਸਰਹੱਦ ’ਤੇ ਚੌਕਸੀ ਵਧਾ ਦਿੱਤੀ ਹੈ। ਐਤਵਾਰ ਨੂੰ ਬਹਿਰਾਈਚ ਵਿੱਚ ਦੁਰਗਾ ਪੂਜਾ ਮੌਕੇ ਮੂਰਤੀ ਵਿਸਰਜਨ ਯਾਤਰਾ ਦੌਰਾਨ ਫਿਰਕੂ ਹਿੰਸਾ ਕਾਰਨ 22 ਸਾਲਾ ਰਾਮ ਗੋਪਾਲ ਮਿਸ਼ਰਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਪਥਰਾਅ ਤੇ ਗੋਲੀਬਾਰੀ ’ਚ ਕਰੀਬ ਛੇ ਜਣੇ ਜ਼ਖ਼ਮੀ ਹੋ ਗਏ ਸਨ। ਪੁਲੀਸ ਦੇ ਇੱਕ ਸਥਾਨਕ ਅਧਿਕਾਰੀ ਨੇ ਦੱਸਿਆ, ‘‘ਮੰਗਲਵਾਰ ਤੋਂ ਹੁਣ ਤੱਕ ਕਿਸੇ ਵੀ ਅਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਮਿਲੀ ਹੈ। ਐਤਵਾਰ ਅਤੇ ਸੋਮਵਾਰ ਨੂੰ ਹਿੰਸਾ ਮਗਰੋਂ ਹੁਣ ਸਥਿਤੀ ਕਾਬੂ ਹੇਠ ਹੈ।’’ --ਪੀਟੀਆਈ