ਬੈਡਮਿੰਟਨ: ਸਾਤਵਿਕ-ਚਿਰਾਗ ਦੀ ਜੋੜੀ ਸੈਮੀਫਾਈਨਲ ’ਚ ਹਾਰ ਕੇ ਬਾਹਰ
ਕੁਆਲਾਲੰਪੁਰ, 11 ਜਨਵਰੀ
ਭਾਰਤ ਦੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਮਲੇਸ਼ੀਆ ਓਪਨ ਸੁਪਰ 1000 ਬੈਡਮਿੰਟਨ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਕੋਰੀਆ ਦੇ ਕਿਮ ਵੋਨ ਹੋ ਅਤੇ ਸਿਓ ਸਿਊਂਗ ਜਾਏ ਤੋਂ ਹਾਰ ਕੇ ਬਾਹਰ ਹੋ ਗਈ ਹੈ। ਸੱਤਵਾਂ ਦਰਜਾ ਪ੍ਰਾਪਤ ਸਾਤਵਿਕ ਅਤੇ ਚਿਰਾਗ ਦੀ ਜੋੜੀ ਨੂੰ 40 ਮਿੰਟ ਤੱਕ ਚੱਲੇ ਸੈਮੀਫਾਈਨਲ ਵਿੱਚ 10-21, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਾਰ ਤੋਂ ਬਾਅਦ, ਸਾਤਵਿਕ ਨੇ ਕਿਹਾ, ‘ਉਹ ਬਹੁਤ ਵਧੀਆ ਖੇਡੇ। ਅਸੀਂ ਕੁਝ ਮਾੜੇ ਸਟਰਾਕ ਖੇਡੇ ਪਰ ਉਨ੍ਹਾਂ ਦੀ ਖੇਡ ਸ਼ਾਨਦਾਰ ਸੀ। ਅੱਜ ਖੇਡ ਦੀ ਰਫ਼ਤਾਰ ਕਾਫ਼ੀ ਹੌਲੀ ਸੀ ਪਰ ਕਦੇ-ਕਦੇ ਇਹ ਹੁੰਦਾ ਹੈ। ਇਹ ਸਾਡੇ ਲਈ ਚੰਗਾ ਸਬਕ ਸੀ। ਇਹ ਨਿਰਾਸ਼ਾਜਨਕ ਹੈ ਪਰ ਅਸੀਂ ਹਾਲੇ ਵੀ ਲੰਮਾ ਸਫ਼ਰ ਤੈਅ ਕਰਨਾ ਹੈ।’
ਏਸ਼ਿਆਈ ਖੇਡਾਂ ਦੀ ਚੈਂਪੀਅਨ ਭਾਰਤੀ ਜੋੜੀ ਪਹਿਲੀ ਗੇਮ ’ਚ ਹੀ 6-11 ਨਾਲ ਪੱਛੜ ਗਈ ਸੀ। ਕਈ ਕੋਸ਼ਿਸ਼ਾਂ ਦੇ ਬਾਵਜੂਦ ਉਹ ਵਾਪਸੀ ਨਹੀਂ ਕਰ ਸਕੀ ਅਤੇ ਕੋਰੀਆ ਦੀ ਜੋੜੀ ਨੇ ਪਹਿਲੀ ਗੇਮ 19 ਮਿੰਟਾਂ ’ਚ ਜਿੱਤ ਲਈ। ਬਰੇਕ ਤੋਂ ਬਾਅਦ ਸਾਤਵਿਕ ਅਤੇ ਚਿਰਾਗ ਨੇ ਬਿਹਤਰ ਪ੍ਰਦਰਸ਼ਨ ਕੀਤਾ। ਇੱਕ ਵੇਲੇ ਸਕੋਰ 11-8 ਸੀ ਪਰ ਬਾਅਦ ਵਿੱਚ ਭਾਰਤੀ ਜੋੜੀ ਲੈਅ ਬਰਕਰਾਰ ਨਹੀਂ ਰੱਖ ਸਕੀ ਅਤੇ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਸਾਤਵਿਕ ਅਤੇ ਚਿਰਾਗ 14 ਜਨਵਰੀ ਤੋਂ ਇੰਡੀਆ ਓਪਨ ਸੁਪਰ 750 ਟੂਰਨਾਮੈਂਟ ਖੇਡਣਗੇ। ਇਸ ਵਿੱਚ ਉਹ ਪਹਿਲੇ ਗੇੜ ਵਿੱਚ ਮਲੇਸ਼ੀਆ ਦੇ ਵੇਈ ਚੋਂਗ ਮੈਨ ਅਤੇ ਕਾਈ ਵੂਨ ਟੀ ਨਾਲ ਭਿੜਨਗੇ। ਇਸ ਬਾਰੇ ਚਿਰਾਗ ਨੇ ਕਿਹਾ, ‘ਇਸ ਟੂਰਨਾਮੈਂਟ ਲਈ ਅਸੀਂ ਬਹੁਤ ਉਤਸ਼ਾਹਿਤ ਹਾਂ। ਇਹ ਸਾਡਾ ਘਰੇਲੂ ਟੂਰਨਾਮੈਂਟ ਹੈ ਅਤੇ ਇਸ ਵਿੱਚ ਅਸੀਂ ਚੰਗਾ ਪ੍ਰਦਰਸ਼ਨ ਕਰਨਾ ਚਾਹਾਂਗੇ।’ -ਪੀਟੀਆਈ