ਮਹਿਲਾ ਕ੍ਰਿਕਟ: ਭਾਰਤ ਤੇ ਆਇਰਲੈਂਡ ਵਿਚਾਲੇ ਦੂਜਾ ਮੈਚ ਅੱਜ
ਰਾਜਕੋਟ: ਆਇਰਲੈਂਡ ਖ਼ਿਲਾਫ਼ ਸ਼ੁਰੂਆਤੀ ਇੱਕ ਰੋਜ਼ਾ ਕ੍ਰਿਕਟ ਮੈਚ ਵਿੱਚ ਸੌਖਿਆਂ ਹੀ ਜਿੱਤ ਦਰਜ ਕਰਨ ਤੋਂ ਬਾਅਦ ਭਲਕੇ ਭਾਰਤੀ ਮਹਿਲਾ ਟੀਮ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਣ ਅਤੇ ਲੜੀ ਵਿੱਚ ਜੇਤੂ ਲੀਡ ਹਾਸਲ ਕਰਨ ਲਈ ਮੈਦਾਨ ’ਤੇ ਉਤਰੇਗੀ। ਭਾਰਤ ਨੇ ਪਹਿਲੇ ਮੈਚ ਵਿੱਚ ਛੇ ਵਿਕਟਾਂ ਨਾਲ ਜਿੱਤ ਦਰਜ ਕਰਕੇ ਤਿੰਨ ਮੈਚਾਂ ਦੀ ਲੜੀ ’ਚ 1-0 ਦੀ ਲੀਡ ਲੈ ਲਈ ਹੈ। ਕਪਤਾਨ ਸਮ੍ਰਿਤੀ ਮੰਧਾਨਾ ਨੇ ਆਪਣੀ ਸ਼ਾਨਦਾਰ ਲੈਅ ਜਾਰੀ ਰੱਖਦਿਆਂ 41 ਦੌੜਾਂ ਦੀ ਪਾਰੀ ਖੇਡ ਕੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ, ਜਦਕਿ ਪ੍ਰਤਿਕਾ ਰਾਵਲ ਅਤੇ ਤੇਜਲ ਹਸਾਬਨਿਸ ਨੇ ਸੈਂਕੜੇ ਦੀ ਭਾਈਵਾਲੀ ਕਰਕੇ ਟੀਮ ਨੂੰ ਆਸਾਨੀ ਨਾਲ ਜਿੱਤ ਦਿਵਾਈ। ਇਸ ਲੜੀ ਵਿੱਚ ਨਿਯਮਤ ਕਪਤਾਨ ਹਰਮਨਪ੍ਰੀਤ ਕੌਰ ਅਤੇ ਤੇਜ਼ ਗੇਂਦਬਾਜ਼ ਰੇਣੂਕਾ ਸਿੰਘ ਨੂੰ ਆਰਾਮ ਦਿੱਤਾ ਗਿਆ ਹੈ। ਵੈਸਟਇੰਡੀਜ਼ ਖ਼ਿਲਾਫ਼ ਪਿਛਲੀ ਲੜੀ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੀ ਗੇਂਦਬਾਜ਼ ਰੇਣੂਕਾ ਦੀ ਗੈਰਹਾਜ਼ਰੀ ਵਿੱਚ ਟਿਟਾਸ ਸਾਧੂ ਨੇ ਚੰਗਾ ਪ੍ਰਦਰਸ਼ਨ ਕੀਤਾ। ਸਪਿੰਨ ਵਿਭਾਗ ਵਿੱਚ ਪ੍ਰਿਆ ਮਿਸ਼ਰਾ ਅਤੇ ਉਪ ਕਪਤਾਨ ਦੀਪਤੀ ਸ਼ਰਮਾ ਨੇ ਵੀ ਆਪਣੀਆਂ ਭੂਮਿਕਾਵਾਂ ਵਧੀਆ ਢੰਗ ਨਾਲ ਨਿਭਾਈਆਂ। -ਪੀਟੀਆਈ