ਬੈਡਮਿੰਟਨ: ਪੋਨੱਪਾ-ਕਰਾਸਟੋ ਦੀ ਜੋੜੀ ਡਬਲਜ਼ ਵਰਗ ’ਚੋਂ ਬਾਹਰ ਹੋਣ ਕੰਢੇ
ਪੈਰਿਸ, 29 ਜੁਲਾਈ
ਭਾਰਤ ਦੀ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕਰਾਸਟੋ ਦੀ ਜੋੜੀ ਨੂੰ ਅੱਜ ਇੱਥੇ ਬੈਡਮਿੰਟਨ ਮੁਕਾਬਲੇ ਵਿੱਚ ਜਪਾਨ ਦੀ ਨਾਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਦਾ ਦੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਲਗਾਤਾਰ ਦੂਜੀ ਹਾਰ ਨਾਲ ਭਾਰਤੀ ਜੋੜੀ ਪੈਰਿਸ ਓਲੰਪਿਕ ਵਿੱਚ ਮਹਿਲਾ ਡਬਲਜ਼ ਵਰਗ ਤੋਂ ਬਾਹਰ ਹੋਣ ਦੇ ਕੰਢੇ ’ਤੇ ਹੈ। 48 ਮਿੰਟ ਤੱਕ ਚੱਲੇ ਇਸ ਮੈਚ ’ਚ ਦੁਨੀਆ ਦੀ ਚੌਥੇ ਨੰਬਰ ਦੀ ਜੋੜੀ ਨੇ ਭਾਰਤੀ ਜੋੜੀ ਨੂੰ 11-21, 12-21 ਦੇ ਫਰਕ ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤੀ ਜੋੜੀ ਨੂੰ ਗਰੁੱਪ ਸੀ ਦੇ ਮੁਕਾਬਲੇ ਵਿੱਚ ਦੱਖਣੀ ਕੋਰੀਆ ਦੀ ਕਿਮ ਸੋ ਯਿਓਂਗ ਅਤੇ ਕੋਂਗ ਹੀ ਯੋਂਗ ਦੀ ਜੋੜੀ ਤੋਂ ਹਾਰ ਝੱਲਣੀ ਪਈ ਸੀ। ਭਾਰਤੀ ਜੋੜੀ ਇਸ ਵੇਲੇ ਗਰੁੱਪ ਵਿੱਚ ਜਪਾਨ ਅਤੇ ਕੋਰੀਆ ਤੋਂ ਬਾਅਦ ਤੀਜੇ ਸਥਾਨ ’ਤੇ ਹੈ। ਹਰ ਗਰੁੱਪ ਦੀਆਂ ਸਿਖਰਲੀਆਂ ਦੋ ਟੀਮਾਂ ਕੁਆਰਟਰ ਫਾਈਨਲ ਵਿੱਚ ਪਹੁੰਚਣਗੀਆਂ। ਪੋਨੱਪਾ ਨੇ ਮੈਚ ਤੋਂ ਬਾਅਦ ਕਿਹਾ, ‘‘ਇਹ ਹਾਰ ਬਹੁਤ ਨਿਰਾਸ਼ਾਜਨਕ ਹੈ ਕਿਉਂਕਿ ਕੁਆਰਟਰ ਫਾਈਨਲ ’ਚ ਪਹੁੰਚਣ ਦਾ ਇਹ ਇੱਕੋ ਇੱਕ ਰਸਤਾ ਸੀ। ਜਪਾਨ ਦੀ ਟੀਮ ਬਹੁਤ ਮਜ਼ਬੂਤ ਸੀ ਅਤੇ ਅਸੀਂ ਉਨ੍ਹਾਂ ਨੂੰ ਚੰਗੀ ਚੁਣੌਤੀ ਨਹੀਂ ਦੇ ਸਕੇ। ਅਸੀਂ ਇੱਕ ਹੋਰ ਮੈਚ ਖੇਡਣਾ ਹੈ ਅਤੇ ਉਮੀਦ ਹੈ ਕਿ ਉਹ ਮੈਚ ਜਿੱਤ ਜਾਈਏ।’’ -ਪੀਟੀਆਈ
ਲਕਸ਼ੈ ਸੇਨ ਨੇ ਕੈਰਾਗੀ ਨੂੰ ਹਰਾਇਆ
ਆਪਣਾ ਪਹਿਲਾ ਓਲੰਪਿਕ ਖੇਡ ਰਹੇ ਭਾਰਤ ਦੇ ਸਟਾਰ ਖਿਡਾਰੀ ਲਕਸ਼ੈ ਸੇਨ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਪੁਰਸ਼ ਸਿੰਗਲਜ਼ ਵਰਗ ਦੇ ਗਰੁੱਪ-ਐੱਲ ਮੁਕਾਬਲੇ ਵਿੱਚ ਬੈਲਜੀਅਮ ਦੇ ਜੂਲੀਅਨ ਕੈਰਾਗੀ ਨੂੰ ਹਰਾ ਦਿੱਤਾ। ਵਿਸ਼ਵ ਦੇ 18ਵੇਂ ਨੰਬਰ ਦੇ ਖਿਡਾਰੀ ਲਕਸ਼ੈ ਨੇ ਵਿਸ਼ਵ ਦੇ 52ਵੇਂ ਨੰਬਰ ਦੇ ਖਿਡਾਰੀ ਕੈਰਾਗੀ ਨੂੰ 43 ਮਿੰਟਾਂ ਵਿੱਚ 21-19, 21-14 ਨਾਲ ਹਰਾ ਦਿੱਤਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਲਕਸ਼ੈ ਹੁਣ 31 ਜੁਲਾਈ ਨੂੰ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਵਿਸ਼ਵ ਦੇ ਤੀਜੇ ਨੰਬਰ ਦੇ ਖਿਡਾਰੀ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਭਿੜੇਗਾ।
ਲਕਸ਼ੈ ਦੀ ਪਹਿਲੀ ਜਿੱਤ ਅਤੇ ਸਾਤਵਿਕ-ਚਿਰਾਗ ਦਾ ਮੈਚ ਰੱਦ
ਓਲੰਪਿਕ ਖੇਡਾਂ ਵਿੱਚ ਪੁਰਸ਼ ਸਿੰਗਲਜ਼ ਦੇ ਗਰੁੱਪ-ਐੱਲ ਦੇ ਸ਼ੁਰੂਆਤੀ ਮੈਚ ਵਿੱਚ ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਦੀ ਕੇਵਿਨ ਕੋਰਡਨ ’ਤੇ ਜਿੱਤ ਦੀ ਗਿਣਤੀ ਨਹੀਂ ਹੋਵੇਗੀ ਕਿਉਂਕਿ ਉਸ ਦਾ ਵਿਰੋਧੀ ਕੂਹਣੀ ਦੀ ਸੱਟ ਕਾਰਨ ਪੈਰਿਸ ਓਲੰਪਿਕ ’ਚੋਂ ਬਾਹਰ ਹੋ ਗਿਆ ਹੈ। ਬੈਡਮਿੰਟਨ ਵਿਸ਼ਵ ਫੈਡਰੇਸ਼ਨ ਨੇ ਕਿਹਾ ਕਿ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਅਤੇ ਬੈਲਜੀਅਮ ਦੇ ਜੂਲੀਅਨ ਕੈਰਾਗੀ ਖ਼ਿਲਾਫ਼ ਉਸ ਦੇ ਗਰੁਪ-ਐੱਲ ਦੇ ਬਾਕੀ ਮੈਚ ਨਹੀਂ ਖੇਡੇ ਜਾਣਗੇ। ਕੋਰਡਨ ਦੇ ਬਾਹਰ ਹੋਣ ਦਾ ਮਤਲਬ ਹੈ ਕਿ ਹੁਣ ਸੇਨ ਸਮੇਤ ਗਰੁੱਪ-ਐੱਲ ਵਿੱਚ ਸਿਰਫ਼ ਤਿੰਨ ਖਿਡਾਰੀ ਹੋਣਗੇ। ਬਾਕੀ ਦੋ ਖਿਡਾਰੀ ਕ੍ਰਿਸਟੀ ਅਤੇ ਕੈਰਾਗੀ ਹਨ। ਇਸ ਤਰ੍ਹਾਂ ਸੇਨ ਇਸ ਗਰੁੱਪ ’ਚ ਇਕੱਲਾ ਤਿੰਨ ਮੈਚ ਖੇਡੇਗਾ। ਭਾਰਤੀ ਖਿਡਾਰੀ ਬੁੱਧਵਾਰ ਨੂੰ ਆਪਣੇ ਆਖ਼ਰੀ ਗਰੁੱਪ ਮੈਚ ਵਿੱਚ ਕ੍ਰਿਸਟੀ ਨਾਲ ਭਿੜੇਗਾ। ਇਸੇ ਤਰ੍ਹਾਂ ਜਰਮਨ ਖਿਡਾਰੀ ਮਾਰਕ ਲੈਮਜ਼ਫਸ ਵੀ ਸੱਟ ਕਾਰਨ ਓਲੰਪਿਕ ਤੋਂ ਬਾਹਰ ਹੋ ਗਿਆ ਜਿਸ ਕਾਰਨ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈਟੀ ਦਾ ਪੁਰਸ਼ ਡਬਲਜ਼ ਦਾ ਗਰੁੱਪ-ਸੀ ਮੈਚ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਜੋੜੀ ਨੇ ਅੱਜ ਜਰਮਨੀ ਦੀ ਲੈਮਜ਼ਫਸ ਅਤੇ ਮਾਰਵਿਨ ਸੀਡੇਲ ਦੀ ਜੋੜੀ ਖ਼ਿਲਾਫ਼ ਖੇਡਣਾ ਸੀ। ਜਰਮਨ ਜੋੜੀ ਦੇ ਹਟਣ ਕਾਰਨ ਇੰਡੋਨੇਸ਼ੀਆ ਦੀ ਜੋੜੀ ਦੀ ਸ਼ਨਿਚਰਵਾਰ ਨੂੰ ਲੈਮਜ਼ਫਸ ਅਤੇ ਸੀਡੇਲ ’ਤੇ ਜਿੱਤ ਰੱਦ ਕਰ ਦਿੱਤੀ ਗਈ ਹੈ।